For the best experience, open
https://m.punjabitribuneonline.com
on your mobile browser.
Advertisement

ਕਿਸਾਨ ਮੋਰਚਿਆਂ ਵੱਲ ਮੂੰਹ ਨਹੀਂ ਕਰ ਰਹੇ ਉਮੀਦਵਾਰ

08:43 AM May 20, 2024 IST
ਕਿਸਾਨ ਮੋਰਚਿਆਂ ਵੱਲ ਮੂੰਹ ਨਹੀਂ ਕਰ ਰਹੇ ਉਮੀਦਵਾਰ
ਸ਼ੰਭੂ ਰੇਲਵੇ ਸਟੇਸ਼ਨ ’ਤੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਮਈ
ਸੰਸਦੀ ਚੋਣਾਂ ਦੌਰਾਨ ਕਿਸਾਨੀ ਮਸਲੇ ਮੁੱਖ ਮੁੱਦੇ ਵਜੋਂ ਉੱਭਰੇ ਹੋਏ ਹਨ। ਪੰਜਾਬ ਭਰ ਦੀਆਂ ਤਕਰੀਬਨ ਸਾਰੀਆਂ ਚੋਣ ਸਭਾਵਾਂ ’ਚ ਕਿਸਾਨਾਂ ਦੀ ਗੱਲ ਹੋ ਰਹੀ ਹੈ। ਇੱਥੋਂ ਤੱਕ ਕਿ ਕਿਸਾਨਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨ ਵਾਲ਼ੇ ਬਹੁਤੇ ਭਾਜਪਾ ਉਮੀਦਵਾਰ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਦੀ ਬਾਤ ਪਾਉਂਦੇ ਨਜ਼ਰ ਆਉਂਦੇ ਹਨ। ਉਂਜ ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰ ’ਤੇ 97 ਦਿਨਾਂ ਤੋਂ ਜਾਰੀ ਪੱਕੇ ਕਿਸਾਨ ਮੋਰਚਿਆਂ ਕਾਰਨ ਪਟਿਆਲਾ ਜ਼ਿਲ੍ਹਾ ਕਿਸਾਨੀ ਮਸਲਿਆਂ ਦਾ ਮੁੱਖ ਕੇਂਦਰ ਬਿੰਦੂ ਬਣਿਆ ਹੋਣ ਕਰਕੇ ਕੋਈ ਵੀ ਉਮੀਦਵਾਰ ਇਨ੍ਹਾਂ ਮੋਰਚਿਆਂ ਵੱਲ ਮੂੰਹ ਨਹੀਂ ਕਰ ਰਿਹਾ। ਹਾਲਾਂ ਕਿ ਸਾਰੇ ਹੀ ਉਮੀਦਵਾਰ ਇਨ੍ਹਾਂ ਮੋਰਚਿਆਂ ਦੇ ਆਸੇ-ਪਾਸੇ ਦੇ ਪਿੰਡਾਂ ’ਚ ਚੋਣ ਮੀਟਿੰਗਾਂ ਵੀ ਕਰ ਚੁੱਕੇ ਹਨ।
ਸ਼ੰਭੂ ਮੋਰਚਾ ਘਨੌਰ ਹਲਕੇ ’ਚ ਲੱਗਾ ਹੋਇਆ ਹੈ ਤੇ ਘਨੌਰ ਦੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ, ਇਸੇ ਖੇਤਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਆਗੂ ਸੁਰਜੀਤ ਸਿੰਘ ਗੜ੍ਹੀ ਸਮੇਤ ਦੋ ਹੋਰ ਮੈਂਬਰ ਜਸਮੇਰ ਲਾਛੜੂ ਤੇ ਜਰਨੈਲ ਕਰਤਾਰਪੁਰ ਤਾਂ ਸ਼ੰਭੂ ਮੋਰਚੇ ’ਚ ਫੇਰੀਆਂ ਪਾ ਚੁੱਕੇ ਹਨ, ਪਰ ਉਨ੍ਹਾਂ ਨੂੰ ਕਿਸੇ ਵੀ ਕਿਸਾਨ ਨੇ ਕੁਝ ਨਹੀਂ ਕਿਹਾ। ਸ਼੍ਰੋਮਣੀ ਕਮੇਟੀ ਦਾ ਇੱਥੇ ਸ਼ੁਰੂ ਤੋਂ ਲੰਗਰ ਵੀ ਜਾਰੀ ਹੈ। ਮੰਨਿਆ ਕਿ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਦਾ ਤਾਂ ਕਿਸਾਨ ਰਾਹ ਵੀ ਰੋਕਣ ਤੱਕ ਜਾਂਦੇ ਹਨ ਪਰ ਕੋਈ ਹੋਰ ਉਮੀਦਵਾਰ ਵੀ ਹੁਣ ਤੱਕ ਇੱਥੇ ਨਹੀਂ ਬਹੁੜਿਆ।
ਇੱਥੋਂ ਤੱਕ ਕਿ ਸਮਾਜ ਸੇਵਾ ਤੋਂ ਰਾਜਨੀਤੀ ’ਚ ਆਏ ‘ਆਪ’ ਉਮੀਦਵਾਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤਾਂ ਪਿਛਲੇ ਕਿਸਾਨ ਅੰਦੋਲਨ ਦੌਰਾਨ ਸਾਲ ਭਰ ਦਿੱਲੀ ਰਹਿ ਕੇ ਇੱਕ ਡਾਕਟਰ ਵਜੋਂ ਕੈਂਪਾਂ ਜ਼ਰੀਏ ਕਿਸਾਨਾਂ ਦੀ ਸੇਵਾ ਵੀ ਕਰਦੇ ਰਹੇ ਹਨ ਪਰ ਆਪਣੇ ਹਲਕੇ ਵਿਚਲੇ ਇਨ੍ਹਾਂ ਮੋਰਚਿਆਂ ’ਚ ਉਨ੍ਹਾਂ ਦਸਤਕ ਹੀ ਨਹੀਂ ਦਿੱਤੀ। ਕਾਂਗਰਸ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਤਾਂ ਸ਼ੰਭੂ ਪਿੰਡ ’ਚ ਚੋਣ ਮੀਟਿੰਗ ਵੀ ਕੀਤੀ ਪਰ ਸ਼ੰਭੂ ਮੋਰਚੇ ਤੱਕ ਅੱਪੜਨ ਦੀ ਹਿੰਮਤ ਉਨ੍ਹਾਂ ਦੀ ਵੀ ਨਹੀਂ ਪਈ। ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਵੀ ਕਿਸਾਨਾਂ ਨਾਲ ਵਧੇਰੇ ਸਾਂਝ ਰੱਖਣ ਦੇ ਬਾਵਜੂਦ ਹੁਣ ਤੱਕ ਕਿਸਾਨ ਮੋਰਚੇ ਤੱਕ ਨਹੀਂ ਅੱਪੜੇ। ‘ਪੰਜਾਬ ਬਚਾਓ ਯਾਤਰਾ’ ਤਾਂ ਸ਼ੰਭੂ ਤੋਂ ਪਿਛਾਂਹ ਹੀ ਸਮੇਟ ਦਿੱਤੀ ਗਈ ਸੀ।
ਇਹ ਗੱਲ ਲੋਕਾਂ ’ਚ ਚਰਚਾ ਦਾ ਵਿਸ਼ਾ ਹੈ ਕਿ ਭਾਸ਼ਨਾਂ ’ਚ ਕਿਸਾਨਾਂ ਦੇ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੇ ਇਹ ਉਮੀਦਵਾਰ ਆਖਰ ਕਿਸਾਨਾਂ ਦਾ ਦੁੱਖ ਦਰਦ ਸੁਣਨ ਲਈ ਉਨ੍ਹਾਂ ਤੱਕ ਪਹੁੰਚ ਕਿਉਂ ਨਹੀਂ ਬਣਾ ਪਾ ਰਹੇ। ਸ਼ਾਇਦ ਉਨ੍ਹਾਂ ਨੂੰ ਉੱਥੇ ਜਾ ਕੇ ਘਿਰ ਜਾਣ ਦਾ ਖਦਸ਼ਾ ਹੋਵੇ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਵੱਲੋਂ ਸਰਵਣ ਪੰਧੇਰ, ਜਗਜੀਤ ਡੱਲੇਵਾਲ, ਸੁਰਜੀਤ ਫੂਲ ਤੇ ਹੋਰਾਂ ਦੀ ਅਗਵਾਈ ਹੇਠਾਂ ਇਹ ਮੋਰਚੇ 13 ਫਰਵਰੀ ਤੋਂ ਜਾਰੀ ਹਨ।

Advertisement

Advertisement
Author Image

sukhwinder singh

View all posts

Advertisement
Advertisement
×