ਕੈਂਸਰ ਦਿਵਸ ਸਬੰਧੀ ਜਾਗਰੂਕਤਾ ਕੈਂਪ
ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਫਰਵਰੀ
ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਐੱਸਐੱਮਓ ਡਾ. ਰਵੀ ਦੱਤ ਦੀ ਅਗਵਾਈ ਹੇਠ ਵਿਸ਼ਵ ਕੈਂਸਰ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਦੱਤ ਨੇ ਦੱਸਿਆ ਕਿ ਕੈਂਸਰ ਇੱਕ ਬਿਮਾਰੀ ਹੈ ਜੋ ਸਰੀਰ ਦੇ ਕਿਸੇ ਵੀ ਭਾਗ ਵਿੱਚ ਕੋਸ਼ਿਕਾਵਾਂ ਦੀ ਬੇਕਾਬੂ ਵੰਡ ਕਾਰਨ ਹੁੰਦੀ ਹੈ। ਭਾਰਤ ਵਿੱਚ ਮਰਦਾਂ ’ਚ ਸਭ ਤੋਂ ਵੱਧ ਹੋਣ ਵਾਲੇ ਕੈਂਸਰ ਵਿੱਚ ਮੂੰਹ ਦਾ ਕੈਂਸਰ ਹੈ ਅਤੇ ਔਰਤਾਂ ਵਿੱਚ ਬੱਚੇਦਾਨੀ ਅਤੇ ਛਾਤੀ ਦਾ ਕੈਂਸਰ ਹੈ ਜਿਸ ਦੇ ਕਈ ਕਾਰਨ ਹੋ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਗਲਤ ਖਾਣ-ਪੀਣ ਦੀਆਂ ਆਦਤਾਂ ਨੂੰ ਬਦਲ ਕੇ ਫਲ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਵਿਟਾਮਿਨ ਭਰਪੂਰ ਭੋਜਨ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਗੁਰਦੀਪ ਸਿੰਘ ਨੇ ਦੱਸਿਆ ਕਿ ਛਾਤੀ ਜਾਂ ਸਰੀਰ ਦੇ ਕਿਸੇ ਹਿੱਸੇ ਤੇ ਗਿਲਟੀ, ਮਾਹਾਵਾਰੀ ਦੌਰਾਨ ਜ਼ਿਆਦਾ ਖੂਨ ਆਉਣਾ, ਆਵਾਜ਼ ਵਿੱਚ ਭਾਰਾਪਣ, ਮੂੰਹ ਵਿੱਚ ਲੰਬੇ ਸਮੇਂ ਤੋਂ ਛਾਲੇ ਆਦਿ ਲੱਛਣ ਦਿਖਾਈ ਦੇਣ ’ਤੇ ਤੁਰੰਤ ਨਜ਼ਦੀਕੀ ਹਸਪਤਾਲ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਕੈਂਸਰ ਦੇ ਮਰੀਜ਼ਾਂ ਦਾ 1.5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾਇਆ ਜਾਂਦਾ ਹੈ। ਇਸ ਮੌਕੇ ਰਣਜੀਤ ਕੌਰ, ਕੁਲਾਰ ਨਰਸਿੰਗ ਕਾਲਜ ਦੇ ਵਿਦਿਆਰਥੀ ਵੀ ਹਾਜ਼ਰ ਸਨ।