For the best experience, open
https://m.punjabitribuneonline.com
on your mobile browser.
Advertisement

ਮਾਲਵੇ ਦੇ ਚਾਰ ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ ਸਮੇਂ ਨਹਿਰਾਂ ਸੁੱਕੀਆਂ

08:56 AM Jun 13, 2024 IST
ਮਾਲਵੇ ਦੇ ਚਾਰ ਜ਼ਿਲ੍ਹਿਆਂ ਵਿੱਚ ਝੋਨੇ ਦੀ ਲੁਆਈ ਸਮੇਂ ਨਹਿਰਾਂ ਸੁੱਕੀਆਂ
ਪਿੰਡ ਕੁਲਰੀਆਂ ਦਾ ਕਿਸਾਨ ਸਿਮਰਜੀਤ ਸਿੰਘ ਨਹਿਰੀ ਪਾਣੀ ਤੋਂ ਬਿਨਾਂ ਸੁੱਕਾ ਪਿਆ ਰਜਬਾਹਾ ਦਿਖਾਉਂਦਾ ਹੋਇਆ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 12 ਜੂਨ
ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਇਸ ਵਾਰ ਮੁੜ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਲਈ ਭਾਵੇਂ 1500 ਰੁਪਏ ਪ੍ਰਤੀ ਏਕੜ ਰਾਸ਼ੀ ਦੇਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਪਰ ਸਿੱਧੀ ਬਿਜਾਈ ਅਤੇ ਝੋਨੇ ਦੀ ਪਨੀਰੀ ਰਾਹੀਂ ਲੁਆਈ ਕਰਨ ਵਾਲੇ ਕਿਸਾਨਾਂ ਨੂੰ ਹੁਣ ਨਹਿਰੀ ਪਾਣੀ ਦੀ ਵੱਡੀ ਦਿੱਕਤ ਖੜ੍ਹੀ ਹੋ ਗਈ ਹੈ। ਇਸ ਖੇਤਰ ’ਚੋਂ ਲੰਘਦੀ ਕੋਟਲਾ ਬ੍ਰਾਂਚ ਬੰਦ ਹੋਣ ਕਾਰਨ ਮਾਨਸਾ ਜ਼ਿਲ੍ਹੇ ਤੋਂ ਇਲਾਵਾ ਸੰਗਰੂਰ, ਬਰਨਾਲਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਵੱਡੀ ਪੱਧਰ ’ਤੇ ਪਿੰਡ ਨਹਿਰੀ ਪਾਣੀ ਤੋਂ ਪ੍ਰਭਾਵਿਤ ਹੋ ਰਹੇ ਹਨ। ਇਸੇ ਤਰ੍ਹਾਂ ਭਾਖੜਾ ਨਹਿਰ ਵਿੱਚ ਪਾਣੀ ਦੀ ਘਾਟ ਕਾਰਨ ਮਾਨਸਾ ਜ਼ਿਲ੍ਹੇ ਦੇ ਚਾਰ ਦਰਜਨਾਂ ਤੋਂ ਵੱਧ ਪਿੰਡਾਂ ਦੇ ਖੇਤਾਂ ਵਿੱਚ ਅਜੇ ਤੱਕ ਪਾਣੀ ਦੀ ਬੂੰਦ ਨਹੀਂ ਪੁੱਜੀ। ਇਨ੍ਹਾਂ ਪਿੰਡਾਂ ਵਿੱਚ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਮਬੂਰਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਖੇਤਾਂ ਨੂੰ ਪਾਣੀ ਲਾਉਣਾ ਪਵੇਗਾ, ਪਰ ਧਰਤੀ ਹੇਠਲਾ ਪਾਣੀ ਸ਼ੁੱਧ ਨਾ ਹੋਣ ਕਰਕੇ ਝੋਨੇ ਦੀ ਬਿਜਾਈ ਸਣੇ ਲੁਆਈ ’ਤੇ ਮਾੜਾ ਅਸਰ ਪੈਣ ਲੱਗਿਆ ਹੈ।
ਦਿਲਚਸਪ ਗੱਲ ਹੈ ਕਿ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਕੋਟਲਾ ਬ੍ਰਾਂਚ ਨੂੰ 14 ਜੂਨ ਤੱਕ ਬੰਦ ਕੀਤਾ ਹੋਇਆ ਹੈ, ਜਿਸ ਕਾਰਨ 4 ਜ਼ਿਲ੍ਹਿਆਂ ਦੇ ਰਜਬਾਹੇ, ਸੂਏ, ਕੱਸੀਆਂ ਅਤੇ ਨਹਿਰਾਂ ਵਿੱਚ ਪਾਣੀ ਨਹੀਂ ਆਵੇਗਾ, ਜਦੋਂਕਿ ਪੰਜਾਬ ਸਰਕਾਰ ਵੱਲੋਂ 11 ਜੂਨ ਤੋਂ ਝੋਨੇ ਦੀ ਲੁਆਈ ਲਈ ਪੂਰਾ ਨਹਿਰੀ ਪਾਣੀ ਦੇਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਧਰ, ਖੇਤੀ ਵਿਭਾਗ ਦੇ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਦੋ-ਤਿੰਨ ਦਿਨਾਂ ਦੇ ਅੰਦਰ-ਅੰਦਰ ਪਾਣੀ ਲਾਉਣਾ ਬੇਹੱਦ ਜ਼ਰੂਰੀ ਹੈ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਅਤੇ ਮੱਕੀ ਦੀ ਫ਼ਸਲ ਬੀਜਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤਹਿਤ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ ਪਰ ਹੁਣ ਫ਼ਸਲਾਂ ਨੂੰ ਬਚਾਉਣ ਲਈ ਸਖ਼ਤ ਗਰਮੀ ਵਿੱਚ ਪਾਣੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੋਟਲਾ ਬ੍ਰਾਂਚ ਵਿੱਚ ਪਾਣੀ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ।

Advertisement

ਭਲਕ ਤੱਕ ਨਹਿਰਾਂ ਵਿੱਚ ਪੂਰਾ ਪਾਣੀ ਛੱਡਿਆ ਜਾਵੇਗਾ: ਐਕਸੀਅਨ

ਜਲ ਸਰੋਤ ਵਿਭਾਗ ਦੇ ਮਾਨਸਾ ਸਥਿਤ ਐਕਸੀਅਨ ਜਗਮੀਤ ਸਿੰਘ ਭਾਖਰ ਨੇ ਕਿਹਾ ਕਿ ਮੂਸਾ ਬ੍ਰਾਂਚ ਅਤੇ ਉਡਤ ਬ੍ਰਾਂਚ ਵਿੱਚ ਅੱਜ ਸ਼ਾਮ ਤੱਕ ਪਾਣੀ ਆ ਜਾਵੇਗਾ, ਜਦੋਂਕਿ ਕੋਟਲਾ ਬ੍ਰਾਂਚ ਵਿੱਚ 14 ਜੂਨ ਦੀ ਸ਼ਾਮ ਤੱਕ ਪਾਣੀ ਨੂੰ ਪੂਰੀ ਮਾਤਰਾ ਵਿੱਚ ਛੱਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਟਲਾ ਬ੍ਰਾਂਚ ਦਾ 4 ਜ਼ਿਲ੍ਹਿਆਂ ਨੂੰ ਪਾਣੀ ਸਪਲਾਈ ਹੁੰਦਾ ਹੈ, ਜਿਸ ਲਈ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਉਸ ਦੀ ਸਫ਼ਾਈ ਅਤੇ ਕਿਨਾਰਿਆਂ ਦੀ ਮਜ਼ਬੂਤੀ ਦਾ ਕਾਰਜ 14 ਜੂਨ ਤੱਕ ਸਰਕਾਰ ਦੇ ਹੁਕਮਾਂ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਆਦਾ ਗਰਮੀ ਹੋਣ ਕਾਰਨ ਅਜੇ ਤੱਕ ਬਹੁਤੇ ਕਿਸਾਨ ਝੋਨਾ ਲਾਉਣ ਨਹੀਂ ਲੱਗੇ ਅਤੇ ਸਰਕਾਰ ਵੱਲੋਂ ਨਹਿਰੀ ਪਾਣੀ ਦੀ ਕਿਸਾਨਾਂ ਨੂੰ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

Advertisement
Author Image

sukhwinder singh

View all posts

Advertisement
Advertisement
×