ਹਰ ਖੇਤ ਤੱਕ ਅੱਪੜੇਗਾ ਨਹਿਰੀ ਪਾਣੀ: ਜੌੜਾਮਾਜਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਨਵੰਬਰ
ਮੰਤਰੀਆਂ ’ਚ ਵਿਭਾਗਾਂ ਦੀ ਫੇਰਬਦਲ ਮਗਰੋਂ ਅੱਜ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇੱਥੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਪਲੇਠੀ ਬੈਠਕ ਕੀਤੀ। ਉਨ੍ਹਾਂ ਨਹਿਰੀ ਪਾਣੀ ਦੀ ਵਧੇਰੇ ਵਰਤੋਂ ਅਮਲ ’ਚ ਲਿਆਉਣ ਅਤੇ ਟੇਲਾਂ ਤੱਕ ਪਾਣੀ ਪੁੱਜਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਪਿਛਲੇ ਸੀਜ਼ਨ ’ਚ ਕਈ ਟੇਲਾਂ ਤੱਕ ਕਰੀਬ ਚਾਰ ਦਹਾਕਿਆਂ ਮਗਰੋਂ ਪਾਣੀ ਪੁੱਜਿਆ ਸੀ। ਇਸ ਪਿਰਤ ਨੂੰ ਜਾਰੀ ਰੱਖਦਿਆਂ ਹੁਣ ਹਰੇਕ ਖੇਤ ਤੱਕ ਨਹਿਰਾਂ ਅਤੇ ਕੱਸੀਆਂ ਦਾ ਪਾਣੀ ਪੁੱਜਦਾ ਕਰਨ ਦਾ ਟੀਚਾ ਮਿੱਥਿਆ ਜਾਵੇ। ਸ੍ਰੀ ਜੌੜਾਮਾਜਰਾ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਘਟਦਾ ਜਾ ਰਿਹਾ ਹੈ, ਇਸ ਲਈ ਜ਼ਰੂਰੀ ਹੈ ਕਿ ਟਿਊਬਵੈੱਲਾਂ ’ਤੇ ਨਿਰਭਰਤਾ ਘਟਾਈ ਜਾਵੇ। ਇਸ ਲਈ ਹਾੜ੍ਹੀ ਦੇ ਸੀਜ਼ਨ ਮਗਰੋਂ ਜ਼ਮੀਨਾਂ ਖਾਲੀ ਹੋਣ ’ਤੇ ਮੁੜ ਖਾਲੇ ਚਲਾਉਣੇ ਯਕੀਨੀ ਬਣਾਏ ਜਾਣ। ਮੰਤਰੀ ਨੇ ਕਿਹਾ ਕਿ ਅਧਿਕਾਰੀ ਹਰ ਮਹੀਨੇ ਜਾਇਜ਼ਾ ਬੈਠਕ ਲੈਣਗੇ ਤੇ ਆਪਣੇ ਕੀਤੇ ਕੰਮ ਦੀ ਹਲਕਾ ਵਾਰ ਪੂਰੀ ਤਫ਼ਸੀਲ ਤਿਆਰ ਕਰਨਗੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਕਿਸੇ ਕਿਸਾਨ ਨੂੰ ਜਲ ਸਰੋਤ ਵਿਭਾਗ ਕੋਲੋਂ ਕੰਮ ਕਰਵਾਉਣ ਸਮੇਂ ਕੋਈ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਮੀਟਿੰਗ ਦੌਰਾਨ ਆਈਬੀ ਸਰਕਲ ਪਟਿਆਲਾ ਦੇ ਨਿਗਰਾਨ ਇੰਜਨੀਅਰ ਸੁਖਜੀਤ ਸਿੰਘ ਭੁੱਲਰ, ਜਲ ਨਿਕਾਸ ਦੇ ਮਨੋਜ ਬਾਂਸਲ, ਕੈਨਾਲ ਤੇ ਗਰਾਊਂਡ ਵਾਟਰ ਕਾਰਜਕਾਰੀ ਇੰਜਨੀਅਰ ਗਗਨਦੀਪ ਗਿੱਲ, ਲਹਿਲ ਮੰਡਲ ਦੇ ਨਵਰੀਤ ਘੁੰਮਣ, ਬੀਐਮਐਲ ਦੇ ਸੰਦੀਪ ਮਾਂਗਟ ਤੇ ਜਲ ਨਿਕਾਸ ਦੇ ਕਾਰਜਕਾਰੀ ਇੰਜਨੀਅਰ ਰਾਜਿੰਦਰ ਘਈ ਵੀ ਹਾਜ਼ਰ ਸਨ।