ਮਲਸੀਆਂ ਨਜ਼ਦੀਕ ਟੇਲ ਤੱਕ ਪਹੁੰਚਿਆ ਨਹਿਰੀ ਪਾਣੀ
ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 25 ਜੂਨ
ਬਿਸਤ ਦੋਆਬ ਨਹਿਰ ਰਾਹੀਂ ਮਲਸੀਆਂ ਦੇ ਨਜ਼ਦੀਕ ਪਿੰਡ ਖਾਨਪੁਰ ਢੱਡੇ ਦੀਆਂ ਟੇਲਾਂ ‘ਤੇ 32 ਸਾਲਾਂ ਬਾਅਦ ਨਹਿਰੀ ਪਾਣੀ ਪਹੁੰਚਣ ‘ਤੇ ਇਲਾਕਾ ਵਾਸੀਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ। ਨਹਿਰੀ ਪਾਣੀ ਦਾ ਜਾਇਜ਼ਾ ਲੈਣ ਪਹੁੰਚੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਸਾਨਾਂ ਨੂੰ ਨਹਿਰੀ ਪਾਣੀ ਲਗਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨਹਿਰੀ ਪਾਣੀ ਦੀ ਵਰਤੋਂ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦ੍ਰਿੜ੍ਹ ਇਰਾਦਿਆਂ ਸਦਕਾ ਹੀ ਝੋਨੇ ਦੇ ਸੀਜ਼ਨ ਦੌਰਾਨ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਿਆ ਹੈ। ਟੇਲਾਂ ਤੱਕ ਪਾਣੀ ਪਹੁੰਚਾਉਣ ਦੀ ਬਣੀ ਵੱਡੀ ਚੁਣੌਤੀ ਨੂੰ ਅਧਿਕਾਰੀਆਂ ਦੀ ਸਖਤ ਮਿਹਨਤ ਨੇ ਚਕਨਾਚੂਰ ਕਰ ਦਿੱਤਾ। ਸੰਤ ਸੀਚੇਵਾਲ ਨੇ ਕਿਹਾ ਕਿ ਇਹ ਇਲਾਕਾ ਟਿੱਬਿਆਂ ਵਾਲਾ ਹੋਣ ਕਾਰਨ ਇੱਥੇ ਨਹਿਰੀ ਪਾਣੀ ਨਹੀਂ ਪਹੁੰਚਦਾ ਸੀ। ਪਰ ਹੁਣ ਨਹਿਰ ਪੱਕੀ ਹੋਣ ਕਾਰਨ ਸੌਖੇ ਹੀ ਪਾਣੀ ਟੇਲ ਤੱਕ ਪਹੁੰਚ ਗਿਆ। ਉਨ੍ਹਾਂ ਕਿਸਾਨਾਂ ਨੂੰ ਨਹਿਰੀ ਪਾਣੀ ਵਰਤਣ ਲਈ ਮੋਘੇ ਲਗਾਉਣ ਵਾਸਤੇ ਅਰਜ਼ੀਆਂ ਦੇਣ ਦੀ ਅਪੀਲ ਕਰਦਿਆਂ ਕਿਹਾ ਨਹਿਰੀ ਪਾਣੀ ਦੀ ਵਰਤੋਂ ਨਾਲ ਧਰਤੀ ਹੇਠਲੇ ਪਾਣੀ ‘ਤੇ ਦਬਾਅ ਘਟੇਗਾ ਜਿਸ ਨਾਲ ਬਿਜਲੀ ਦੀ ਖਪਤ ਵੀ ਘਟੇਗੀ ਅਤੇ ਮੋਟਰਾਂ ਦਾ ਪਾਣੀ ਵੀ ਘਟੇਗਾ।
ਨਹਿਰੀ ਵਿਭਾਗ ਦੇ ਐਕਸੀਅਨ ਅਮਿਤ ਸੱਭਰਵਾਲ ਨੇ ਦੱਸਿਆ ਕਿ ਜਲੰਧਰ ਦੀ ਇਸ ਨਹਿਰ ਵਿਚ ਰਜਵਾਹਾ ਮੋਘੇ ਹਨ। ਅੱਗਿਉ ਖਾਲ੍ਹਾਂ ਰਾਹੀਂ ਕਿਸਾਨਾਂ ਨੂੰ ਪਾਣੀ ਦਿੱਤਾ ਜਾਂਦਾ ਹੈ। ਝੋਨੇ ਦੇ ਸੀਜ਼ਨ ਦੌਰਾਨ ਪਹਿਲੇ ਦਿਨ ਹੀ ਬਿਸਤ ਦੋਆਬ ਦੇ ਇਸ ਰਜਵਾਹੇ ਵਿਚ ਪਾਣੀ ਛੱਡਿਆ ਗਿਆ ਸੀ, ਜੋ ਟੇਲ ਤੱਕ ਪਹੁੰਚ ਗਿਆ ਹੈ। ਇਸ ਮੌਕੇ ਐਸ.ਡੀ.ਓ ਪ੍ਰਿੰਸ ਸਿੰਘ,ਜੇ.ਈ ਅਜੈ ਅਤੇ ਨਹਿਰੀ ਪਟਵਾਰੀ ਸਚਿਨ ਹਾਜ਼ਰ ਸਨ।
ਇੱਕ ਦਿਨ ਵਿੱਚ ਸੀਵਰੇਜ ਪਾ ਕੇ ਸਿਰਜਿਆ ਇਤਿਹਾਸ
ਸੁਲਤਾਨਪੁਰ ਲੋਧੀ (ਪੱਤਰ ਪ੍ਰੇਰਕ): ਇਥੇ ਦੋ ਪਿੰਡਾਂ ਕੀੜੀ ਅਤੇ ਉਗਰੂਪੁਰ ਵਿੱਚ ਸੀਵਰੇਜ ਪਾਉਣ ਦਾ ਪ੍ਰੋਜੈਕਟ ਉਲੀਕਿਆ ਗਿਆ। ਅੱਜ ਕੀੜੀ ਪਿੰਡ ਵਿੱਚ ਸੀਵਰੇਜ ਪਾਉਣ ਦੀ ਸ਼ੁਰੂਆਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਕੀਤੀ ਗਈ। ਇੱਕ ਦਿਨ ਵਿਚ ਹੀ 400 ਦੇ ਕਰੀਬ ਪਾਈਪਾਂ ਪਾ ਕੇ ਸੀਵਰੇਜ ਦਾ ਕੰਮ ਨੇਪਰੇ ਚਾੜਿ੍ਹਆ ਗਿਆ। 10 ਮਸ਼ੀਨਾਂ ਦੀ ਸਹਾਇਤਾ ਨਾਲ ਇਸ ਕਾਰਜ ਨੂੰ ਇਕ ਦਿਨ ਵਿੱਚ ਹੀ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਪੰਜਾਬ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਵੀ ਪਹੁੰਚੇ ਹੋਏ ਸਨ ਉਨ੍ਹਾਂ ਨਾਲ ਸੀਵਰੇਜ਼ ਬੋਰਡ ਦੇ ਨਿਗਰਾਨ ਇੰਜੀਅਨਰ, ਐਕਸੀਅਨ ਅਤੇ ਐਸ.ਡੀ.ਓ ਵੀ ਹਾਜ਼ਰ ਸਨ। ਇਸ ਮੌਕੇ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੇ ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਪਿੰਡਾਂ ਲਈ ਵੱਡੀ ਸਮੱਸਿਆ ਜਾਂ ਸਰਾਪ ਬਣੇ ਗੰਦੇ ਪਾਣੀਆਂ ਨੂੰ ਟਰੀਟ ਕਰਕੇ ਖੇਤੀ ਲਈ ਵਰਤਣ ਨਾਲ ਇਹ ਵਰਦਾਨ ਸਾਬਿਤ ਹੋਇਆ ਹੈ। ਇਸ ਮੌਕੇ ਸੰਤ ਅਮਰੀਕ ਸਿੰਘ ਜੀ ਖੁਖਰੈਣ ਸਾਹਿਬ, ਸੰਤ ਜਸਪਾਲ ਸਿੰਘ ਟਿੱਬਾ ਸਾਹਿਬ, ਡੱਲਾ ਸਾਹਿਬ ਦੇ ਸਰਪੰਚ ਸੁਖਚੈਨ ਸਿੰਘ, ਉਗਰੂਪੁਰ ਦੇ ਸਰਪੰਚ ਤਰਸੇਮ ਸਿੰਘ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਤਜਿੰਦਰ ਸਿੰਘ ਸੀਚੇਵਾਲ, ਜੋਗਾ ਸਿੰਘ ਸਰਪੰਚ ਚੱਕ ਚੇਲਾ, ਸਰਪੰਚ ਤੀਰਥ ਸਿੰਘ ਸ਼ੇਰਪੁਰ, ਸਤਨਾਮ ਸਿੰਘ, ਸੁਖਜੀਤ ਸਿੰਘ, ਅਮਰੀਕ ਸਿੰਘ ਸੰਧੂ, ਜਗਜੀਤ ਸਿੰਘ, ਪਰਮਜੀਤ ਸਿੰਘ, ਗੁਰਦੀਪ ਸਿੰਘ ਤੇ ਹੋਰ ਸੇਵਾਦਾਰ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।