ਗੰਦਾ ਪਾਣੀ ਰੋਕਣ ਲਈ ਨਹਿਰੀ ਵਿਭਾਗ ਅਤੇ ਸੁਜਾਨਪੁਰ ਨਗਰ ਕੌਂਸਲ ਹੋਏ ਆਹਮੋ-ਸਾਹਮਣੇ
ਐੱਨ ਪੀ ਧਵਨ
ਪਠਾਨਕੋਟ, 12 ਨਵੰਬਰ
ਸੁਜਾਨਪੁਰ ਦੇ ਗੰਦੇ ਨਾਲੇ ਦੇ ਪਾਣੀ ਨੂੰ ਨਹਿਰ ਵਿੱਚ ਡਿੱਗਣ ਤੋਂ ਰੋਕਣ ਲਈ ਨਹਿਰੀ ਵਿਭਾਗ ਵੱਲੋਂ ਨਾਲੇ ਵਿੱਚ ਮਿੱਟੀ ਪਾ ਕੇ ਇਸ ਨੂੰ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਲੋਕਾਂ ਦੀ ਸਮੱਸਿਆ ਨੂੰ ਦੇਖਦਿਆਂ ਨਗਰ ਕੌਂਸਲ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਇਸ ਨਾਲੇ ਤੋਂ ਪਾਣੀ ਦੀ ਨਿਕਾਸੀ ਨੂੰ ਦੁਬਾਰਾ ਮਿੱਟੀ ਖੋਦ ਕੇ ਸ਼ੁਰੂ ਕਰਵਾਇਆ। ਇਸ ਮਾਮਲੇ ਵਿੱਚ ਹੁਣ ਨਹਿਰੀ ਵਿਭਾਗ ਅਤੇ ਨਗਰ ਕੌਂਸਲ ਆਹਮੋ-ਸਾਹਮਣੇ ਆ ਗਏ ਹਨ। ਇਸ ਮੌਕੇ ਕੌਂਸਲਰ ਮਹਿੰਦਰ ਬਾਲੀ, ਸੈਨੇਟਰੀ ਇੰਸਪੈਕਟਰ ਰਘੂ ਗੁਪਤਾ, ਰਾਕੇਸ਼ ਸੈਣੀ, ਅਸ਼ੋਕ ਸ਼ਰਮਾ ਅਤੇ ਰਾਜੀਵ ਸ਼ਰਮਾ ਹਾਜ਼ਰ ਸਨ। ਨਹਿਰੀ ਵਿਭਾਗ ਦੇ ਐੱਸਡੀਓ ਪ੍ਰਦੀਪ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਰਕਾਰ ਤੋਂ ਨਿਰਦੇਸ਼ ਮਿਲੇ ਹਨ ਕਿ ਨਹਿਰ ਵਿੱਚ ਜੋ ਗੰਦਾ ਪਾਣੀ ਡਿੱਗ ਰਿਹਾ ਹੈ, ਉਸ ਨੂੰ ਬੰਦ ਕਰਵਾਇਆ ਜਾਵੇ। ਇਸਦੀ ਪਾਲਣ ਕਰਵਾਉਂਦਿਆਂ ਉਨ੍ਹਾਂ ਇਸ ਨੂੰ ਬੰਦ ਕਰਵਾਇਆ ਹੈ।
ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਨਿਕਾਸੀ ਨਾਲਾ ਆਜ਼ਾਦੀ ਤੋਂ ਪਹਿਲਾਂ ਦਾ ਬਣਿਆ ਹੋਇਆ ਹੈ। ਜਿਸ ਸਮੇਂ ਇਹ ਨਾਲਾ ਬਣਿਆ ਸੀ, ਉਸ ਸਮੇਂ ਇੱਥੇ ਕੋਈ ਨਹਿਰ ਨਹੀਂ ਸੀ। ਕੇਵਲ ਇੱਥੇ ਖੱਡ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਦੋਵੇਂ ਨਾਲਿਆਂ ਦਾ ਬਹਾਅ ਨਹਿਰ ਵੱਲ ਹੈ ਜਿਸ ਵਿੱਚ ਸ਼ਹਿਰ ਦੇ ਕਾਫੀ ਖੇਤਰ ਦਾ ਪਾਣੀ ਆਉਂਦਾ ਹੈ। ਕੌਂਸਲ ਵੱਲੋਂ ਖੁਦ ਹੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਹਿਰ ਵਿੱਚ ਗੰਦਾ ਪਾਣੀ ਨਾ ਜਾਵੇ ਜਿਸ ਤਹਿਤ ਨਹਿਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਨੂੰ ਬੰਦ ਕਰਨ ਲਈ ਨਗਰ ਕੌਂਸਲ ਵੱਲੋਂ ਇੱਥੇ ਵਾਟਰ ਟਰੀਟਮੈਂਟ ਪਲਾਂਟ ਲਾਇਆ ਜਾ ਰਿਹਾ ਹੈ ਜਿਸ ਦਾ ਕੰਮ 30 ਜੂਨ ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜਦ ਤੱਕ ਇਹ ਕੰਮ ਪੂਰਾ ਨਹੀਂ ਹੁੰਦਾ ਹੈ, ਉਦੋਂ ਤੱਕ ਪਾਣੀ ਦੀ ਨਿਕਾਸੀ ਪਹਿਲਾਂ ਦੀ ਤਰ੍ਹਾਂ ਰਹਿਣੀ ਚਾਹੀਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਾਲਾ ਬੰਦ ਹੋਣ ਨਾਲ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਪਾਣੀ ਦੀ ਨਿਕਾਸੀ ਨੂੰ ਸ਼ੁਰੂ ਕਰਵਾ ਦਿੱਤਾ ਗਿਆ ਹੈ।