For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਸਰਕਾਰ ਸਿੱਖਾਂ ਦੀ ਰਾਖੀ ਲਈ ਹਮੇਸ਼ਾ ਤਿਆਰ: ਟਰੂਡੋ

06:49 AM Apr 30, 2024 IST
ਕੈਨੇਡਾ ਸਰਕਾਰ ਸਿੱਖਾਂ ਦੀ ਰਾਖੀ ਲਈ ਹਮੇਸ਼ਾ ਤਿਆਰ  ਟਰੂਡੋ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮਾਗਮ ਨੂੰ ਸੰਬੋਧਨ ਕਰਦੇ ਹੋਏ।
Advertisement

ਓਟਵਾ (ਕੈਨੇਡਾ), 29 ਅਪਰੈਲ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਨੂੰ ਸਮਰਪਿਤ ਖਾਲਸਾ ਦਿਹਾੜੇ ਮੌਕੇ ਦੇਸ਼ ਦੇ ਸਿੱਖ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇਗੀ ਤੇ ਕਿਸੇ ਵੀ ਕੀਮਤ ’ਤੇ ਉਨ੍ਹਾਂ ਦੀ ਆਜ਼ਾਦੀ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਵਿਭਿੰਨਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਟਰੂਡੋ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਨ ਲਈ ਪੁੱਜੇ ਤਾਂ ਭੀੜ ਵੱਲੋਂ ਜ਼ੋਰਦਾਰ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਲੀਵਰ ਵੀ ਮੌਜੂਦ ਸਨ। ਟੋਰਾਂਟੋ ਵਿਚ ਐਤਵਾਰ ਨੂੰ ਮਨਾਏ ਖਾਲਸਾ ਦਿਹਾੜੇ ਮੌਕੇ ਟਰੂੂਡੋ ਨੇ ਕਿਹਾ, ‘‘ਕੈਨੇਡਾ ਦੀਆਂ ਵੱਡੀਆਂ ਤਾਕਤਾਂ ਵਿਚੋਂ ਇਕ ਵਿਭਿੰਨਤਾ ਹੈ। ਅਸੀਂ ਆਪਣੇ ਵੱਖਰੇਵਿਆਂ ਦੇ ਬਾਵਜੂਦ ਮਜ਼ਬੂਤ ਨਹੀਂ ਬਲਕਿ ਆਪਣੇ ਵੱਖਰੇਵਿਆਂ ਕਰਕੇ ਮਜ਼ਬੂਤ ਹਾਂ; ਪਰ ਜਦੋਂ ਇਨ੍ਹਾਂ ਵੱਖਰੇਵਿਆਂ ਨੂੰ ਦੇਖਦੇ ਹਾਂ, ਸਾਨੂੰ ਇਹ ਯਾਦ ਰੱਖਣਾ ਹੋਵੇਗਾ, ਅਤੇ ਅਜਿਹੇ ਦਿਨਾਂ, ਜਿਵੇਂ ਕਿ ਅੱਜ ਹੈ, ’ਤੇ ਹਰ ਰੋਜ਼ ਯਾਦ ਕਰਵਾਉਣਾ ਹੋਵੇਗਾ ਕਿ ਸਿੱਖ ਕਦਰਾਂ ਕੀਮਤਾਂ ਕੈਨੇਡਾ ਦੀਆਂ ਕਦਰਾਂ ਕੀਮਤਾਂ ਹਨ...।’’ ਟਰੂਡੋ ਨੇ ਜ਼ੋਰ ਦੇ ਕੇ ਆਖਿਆ, ‘‘ਇਸ ਦੇਸ਼ ਵਿੱਚ ਸਿੱਖ ਵਿਰਾਸਤ ਦੇ ਕਰੀਬ 8,00,000 ਕੈਨੇਡੀਅਨਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਮੌਜੂਦ ਰਹਾਂਗੇ ਅਤੇ ਅਸੀਂ ਹਮੇਸ਼ਾ ਨਫ਼ਰਤ ਅਤੇ ਵਿਤਕਰੇ ਖਿਲਾਫ਼ ਤੁਹਾਡੇ ਭਾਈਚਾਰੇ ਦੀ ਰੱਖਿਆ ਕਰਾਂਗੇ।’’ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰਦੁਆਰਿਆਂ ਸਣੇ ਕਮਿਊਨਿਟੀ ਸੈਂਟਰਾਂ ਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਵਧਾਉਣ ਲਈ ਰੱਖਿਆ ਤੇ ਬੁਨਿਆਦੀ ਢਾਂਚਾ ਪ੍ਰੋਗਰਾਮਾਂ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਬਿਨਾਂ ਕਿਸੇ ਡਰ ਤੇ ਭੈਅ ਦੇ ਆਪਣੇ ਧਰਮ ਨੂੰ ਮੰਨਣ ਦਾ ਤੁਹਾਡਾ ਅਧਿਕਾਰ....ਅਧਿਕਾਰਾਂ ਤੇ ਆਜ਼ਾਦੀਆਂ ਦੇ ਕੈਨੇਡੀਅਨ ਚਾਰਟਰ ਵਿੱਚ ਗਾਰੰਟੀਸ਼ੁਦਾ ਬੁਨਿਆਦੀ ਅਧਿਕਾਰ ਹੈ... ਜਿਸ ਲਈ ਅਸੀਂ ਹਮੇਸ਼ਾ ਖੜ੍ਹੇ ਹੋਵਾਂਗੇ ਅਤੇ ਤੁਹਾਡੀ ਰੱਖਿਆ ਕਰਾਂਗੇ।’’

Advertisement

ਸਮਾਗਮ ਦੌਰਾਨ ਸਨਮਾਨ ਹਾਸਲ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ।

ਟਰੂਡੋ ਨੇ ਕਿਹਾ, ‘‘ਮੈਨੂੰ ਪਤਾ ਹੈ ਕਿ ਤੁਸੀਂ ਆਪਣੇ ਸਕੇ ਸਬੰਧੀਆਂ ਨੂੰ ਅਕਸਰ ਦੇਖਣਾ ਚਾਹੁੰਦੇ ਹੋ...ਤੇ ਇਹੀ ਵਜ੍ਹਾ ਹੈ ਕਿ ਸਾਡੀ ਸਰਕਾਰ ਨੇ ਕੁਝ ਹੋਰ ਉਡਾਣਾਂ ਜੋੜਨ, ਅਤੇ ਦੋਵਾਂ ਮੁਲਕਾਂ ਦਰਮਿਆਨ ਵਧੇਰੇ ਰੂਟਾਂ ਲਈ ਭਾਰਤ ਨਾਲ ਨਵਾਂ ਸਮਝੌਤਾ ਕੀਤਾ ਹੈ। ਅਸੀਂ ਆਪਣੇ ਹਮਰੁਤਬਾਵਾਂ ਨਾਲ ਅੰਮ੍ਰਿਤਸਰ ਸਣੇ ਹੋਰ ਉਡਾਣਾਂ ਸ਼ੁਰੂ ਕਰਨ ਲਈ ਕੰਮ ਕਰਦੇ ਰਹਾਂਗੇ।’’ ਟਰੂਡੋ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਭਾਰਤ ਤੇ ਕੈਨੇਡਾ ਦੇ ਕੂਟਨੀਤਕ ਰਿਸ਼ਤੇ ਮੁਸ਼ਕਲ ਪੜਾਅ ’ਚੋਂ ਲੰਘ ਰਹੇ ਹਨ। ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ, ਜਿਸ ਨੂੰ ਭਾਰਤ ਨੇ ਅਤਿਵਾਦੀ ਐਲਾਨਿਆ ਹੋਇਆ ਸੀ, ਦੀ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਇਕ ਗੁਰਦੁਆਰੇ ਦੇ ਬਾਹਰ ਹੱਤਿਆ ਤੇ ਇਸ ਪਿੱਛੇ ਕਥਿਤ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੋਣ ਦੇ ਟਰੂਡੋ ਦੇ ਦਾਅਵੇ ਮਗਰੋਂ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਕਸ਼ੀਦਗੀ ਵਧ ਗਈ ਸੀ। ਭਾਰਤ ਨੇ ਟਰੂਡੋ ਦੇ ਦਾਅਵਿਆਂ ਨੂੰ ‘ਹਾਸੋਹੀਣੇ ਤੇ ਪ੍ਰੇਰਿਤ’ ਦੱਸ ਕੇ ਖਾਰਜ ਕਰ ਦਿੱਤਾ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਕੈਨੇਡਾ ਨੇ ਟਰੂਡੋ ਦੇ ਉਪਰੋਕਤ ਦਾਅਵੇ ਨੂੰ ਲੈ ਕੇ ਅਜੇ ਤੱਕ ਭਾਰਤ ਨੂੰ ਕੋਈ ਸਬੂਤ ਮੁਹੱਈਆ ਨਹੀਂ ਕਰਵਾਇਆ। ਜ਼ਿਕਰਯੋਗ ਹੈ ਕਿ ਬੀਤੇ ਕੁੱਝ ਸਮੇਂ ਤੋਂ ਭਾਰਤ ਤੇ ਕੈਨੇਡਾ ਵਿਚਾਲੇ ਰਿਸ਼ਤੇ ਤਣਾਅ ਭਰੇ ਬਣੇ ਹੋਏ ਹਨ। -ਏਐੱਨਆਈ

Advertisement
Author Image

Advertisement
Advertisement
×