ਗ੍ਰਨੇਡ ਹਮਲੇ ਪਿੱਛੇ ਕੈਨੇਡੀਅਨ ਗੈਂਗਸਟਰ ਅਰਸ਼ ਡੱਲਾ ਦਾ ਹੱਥ
ਜੋਗਿੰਦਰ ਸਿੰਘ ਮਾਨ
ਮਾਨਸਾ, 12 ਨਵੰਬਰ
ਇੱਥੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਪੈਟਰੋਲ ਪੰਪ ’ਤੇ ਅੱਧੀ ਰਾਤ ਨੂੰ ਸੁੱਟੇ ਹੈਂਡ ਗ੍ਰਨੇਡ ਅਤੇ ਫ਼ਿਰੌਤੀ ਦੇ ਮਾਮਲੇ ਸਬੰਧੀ ਮਾਨਸਾ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਅਨੁਸਾਰ ਇਸ ਪਿੱਛੇ ਕੈਨੇਡਾ ਦੇ ਅਰਸ਼ ਡੱਲਾ ਦਾ ਹੱਥ ਹੈ। ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ 26 ਅਤੇ 27 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਸਿਰਸਾ ਰੋਡ ਸਥਿਤ ਪੈਟਰੋਲ ਪੰਪ ’ਤੇ ਹੈਂਡ ਗ੍ਰਨੇਡ ਸੁੱਟਿਆ ਗਿਆ ਸੀ। ਧਮਾਕੇ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਖੁਸ਼ਿਵੰਦਰ ਸਿੰਘ ਨੂੰ ਵਿਦੇਸ਼ੀ ਮੋਬਾਈਲ ਨੰਬਰ ਤੋਂ ਧਮਕੀ ਭਰੀ ਕਾਲ ਵੀ ਆਈ ਸੀ, ਜਿਸ ਵਿੱਚ ਫੋਨ ਕਰਨ ਵਾਲੇ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ 5 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਸੀ। ਪੁਲੀਸ ਮੁਖੀ ਨੇ ਦੱਸਿਆ ਕਿ ਇਸ ਘਟਨਾ ਲਈ ਜ਼ਿੰਮੇਵਾਰ ਸ਼ਿਮਲਾ ਸਿੰਘ ਵਾਸੀ ਪਿੰਡ ਘਰਾਂਗਣਾ (ਮਾਨਸਾ) ਦਾ ਰਹਿਣ ਵਾਲਾ ਹੈ ਅਤੇ ਉਸ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਅਰਸ਼ ਡੱਲਾ ਦੇ ਨਿਰਦੇਸ਼ਾਂ ’ਤੇ ਗੜ੍ਹਸ਼ੰਕਰ ਇਲਾਕੇ ਤੋਂ ਇਹ ਗ੍ਰਨੇਡ ਹਾਸਲ ਕੀਤਾ ਸੀ।
ਪੁਲੀਸ ਅਧਿਕਾਰੀ ਅਨੁਸਾਰ ਮੁੱਢਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸ਼ਿਮਲਾ ਸਿੰਘ ਨੇ ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ ਦੇ ਸ਼ੂਟਰਾਂ ਨਵਜੋਤ ਸਿੰਘ ਅਤੇ ਅਨਮੋਲ ਸਿੰਘ ਨੂੰ ਮਾਲੀ ਸਹਾਇਤਾ ਪ੍ਰਦਾਨ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸ਼ਿਮਲਾ ਸਿੰਘ ਪਹਿਲਾਂ ਵੀ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ। ਉਸ ਨੂੰ ਥਾਣਾ ਸਦਰ ਬਠਿੰਡਾ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅੱਜ ਕੱਲ੍ਹ ਉਹ ਜ਼ਮਾਨਤ ’ਤੇ ਆਇਆ ਹੋਇਆ ਸੀ।