Canada News: ਕੈਨੇਡਾ: ਅਦਾਲਤ ਵੱਲੋਂ ਟੋਰਾਂਟੋ ਦੇ ਹਿੰਦੂ ਮੰਦਰ ਦੇ 100 ਮੀਟਰ ਦੇ ਦਾਇਰੇ ’ਚ ਇਕੱਠ ਕਰਨ ’ਤੇ ਪਾਬੰਦੀ
ਟੋਰਾਂਟੋ, 1 ਦਸੰਬਰ
Toronto Hindu temple: ਇੱਥੋਂ ਦੀ ਅਦਾਲਤ ਨੇ ਇੱਥੋਂ ਦੇ ਲਕਸ਼ਮੀ ਨਰਾਇਣ ਮੰਦਰ ਕੰਪਲੈਕਸ ਦੇ ਸੌ ਮੀਟਰ ਦੇ ਦਾਇਰੇ ਵਿਚ ਖਾਲਿਸਤਾਨੀ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਲਕਸ਼ਮੀ ਨਰਾਇਣ ਮੰਦਰ ਹਿੰਦੂ ਕਲਚਰਲ ਸੁਸਾਇਟੀ ਸਕਾਰਬਰੋ ਨੇ ਦਿੱਤੀ ਹੈ। ਇਸ ਸੁਸਾਇਟੀ ਨੇ ਟੋਰਾਂਟੋ ਪੁਲੀਸ ਦਾ ਮੰਦਰ ਵਿਚ ਲਗਾਏ ਗਏ ਇੰਡੀਅਨ ਕੌਸਲਰ ਕੈਂਪ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ ਹੈ। ਸੁਸਾਇਟੀ ਨੇ ਕਿਹਾ ਕਿ ਇਹ ਹੁਕਮ 30 ਨਵੰਬਰ ਤੋਂ ਲਾਗੂ ਹੋ ਗਏ ਹਨ ਤੇ ਅਦਾਲਤ ਨੇ ਇੱਥੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਕਿਸੇ ਪ੍ਰਦਰਸ਼ਨ ਤੇ ਖਾਲਿਸਤਾਨੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਹਿੰਦੂ ਭਾਈਚਾਰੇ ਵਿਚ ਸੁਰੱਖਿਅਤ ਮਾਹੌਲ ਯਕੀਨੀ ਬਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਨਵੰਬਰ ਦੇ ਸ਼ੁਰੂ ਵਿਚ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਵਿੱਚ ਖਾਲਿਸਤਾਨੀ ਝੰਡਿਆਂ ਸਮੇਤ ਪ੍ਰਦਰਸ਼ਨਕਾਰੀਆਂ ਅਤੇ ਲੋਕਾਂ ਵਿਚਕਾਰ ਝੜਪਾਂ ਹੋ ਗਈਆਂ ਸਨ। ਇਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ (MEA) ਦੇ ਬੁਲਾਰੇ ਰਣਧੀਰ ਜੈਸਵਾਲ ਨੇ ਹਿੰਦੂ ਸਭਾ ਮੰਦਰ ’ਤੇ ਹਿੰਸਾ ਦੀ ਨਿੰਦਾ ਕਰਦਿਆਂ ਕੈਨੇਡੀਅਨ ਸਰਕਾਰ ਨੂੰ ਹਮਲਿਆਂ ਤੋਂ ਧਾਰਮਿਕ ਸਥਾਨਾਂ ਦੀ ਰੱਖਿਆ ਕਰਨ ਅਤੇ ਜ਼ਿੰਮੇਵਾਰ ਲੋਕਾਂ ’ਤੇ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਸੀ। ਜੈਸਵਾਲ ਨੇ ਕਿਹਾ ਸੀ ਕਿ ਉਹ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਕਰਦੇ ਹਨ। ਏਐੱਨਆਈ