Canadian Colleges: ਮਨੁੱਖੀ ਤਸਕਰੀ: 262 ਕੈਨੇਡੀਅਨ ਕਾਲਜਾਂ ਦਾ ਦੋ ਭਾਰਤੀ ਇਕਾਈਆਂ ਨਾਲ ਸੀ ਕਰਾਰ
ਨਵੀਂ ਦਿੱਲੀ, 26 ਦਸੰਬਰ
ਕੈਨੇਡਾ ਰਸਤੇ ਅਮਰੀਕਾ ’ਚ ਗੈਰਕਾਨੂੰਨੀ ਦਾਖ਼ਲੇ ਨੂੰ ਲੈ ਕੇ ਕੈਨੇਡੀਅਨ ਕਾਲਜਾਂ ਤੇ ਭਾਰਤੀ ਸੰਸਥਾਵਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਦੇ 262 ਕਾਲਜਾਂ ਨੇ ਕਥਿਤ ਮਨੁੱਖੀ ਤਸਕਰੀ ਦੇ ਵੱਡੇ ਨੈੱਟਵਰਕ ਵਿਚ ਸ਼ਾਮਲ ਦੋ ਭਾਰਤੀ ਇਕਾਈਆਂ(ਸੰਸਥਾਵਾਂ) ਨਾਲ ਕਰਾਰ ਕੀਤਾ ਹੋਇਆ ਸੀ। ਈਡੀ ਦੀ ਜਾਂਚ ਮੁਤਾਬਕ ‘ਕੈਨੇਡਾ ਅਧਾਰਿਤ 112 ਕਾਲਜਾਂ ਨੇ ਇਕ ਇਕਾਈ ਅਤੇ 150 ਤੋਂ ਵੱਧ ਨੇ ਦੂਜੀ ਇਕਾਈ ਨਾਲ ਸਮਝੌਤਾ ਕੀਤਾ ਸੀ।’ ਈਡੀ ਨੇ ਇਕ ਬਿਆਨ ਵਿਚ ਕਿਹਾ, ‘‘ਅਗਲੇਰੀ ਜਾਂਚ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਵਿਚੋਂ ਇਕ ਇਕਾਈ ਦੇ ਕਰੀਬ 1700 ਏਜੰਟ ਤੇ ਭਾਈਵਾਲ ਗੁਜਰਾਤ ਵਿਚ ਹਨ ਜਦੋਂਕਿ ਦੂਜੀ ਇਕਾਈ ਦੇ ਪੂਰੇ ਭਾਰਤ ਵਿਚ ਕਰੀਬ 3500 ਏਜੰਟ ਤੇ ਭਾਈਵਾਲ ਹਨ ਅਤੇ ਇਨ੍ਹਾਂ ਵਿਚੋਂ 800 ਦੇ ਕਰੀਬ ਸਰਗਰਮ ਹਨ।’’
ਇਹ ਅਹਿਮ ਖੁਲਾਸਾ 19 ਜਨਵਰੀ 2022 ਨੂੰ ਕੈਨੇਡਾ-ਅਮਰੀਕਾ ਦੀ ਸਰਹੱਦ ਉੱਤੇ ਗੁਜਰਾਤ ਦੇ ਡਿੰਗੁਚਾ ਪਿੰਡ ਦੇ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਨਾਲ ਸਬੰਧਤ ਕੇਸ ਦੀ ਜਾਂਚ ਦੌਰਾਨ ਹੋਇਆ ਹੈ। ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿਚ ਡੀਸੀਬੀ ਕ੍ਰਾਈਮ ਬਰਾਂਚ ਵੱਲੋਂ ਮੁਲਜ਼ਮ ਭਾਵੇਸ਼ ਅਸ਼ੋਕਭਾਈ ਪਟੇਲ ਤੇ ਹੋਰਨਾਂ ਖਿਲਾਫ਼ ਦਰਜ ਐੱਫਆਈਆਰ ਦੇ ਅਧਾਰ ਉੱਤੇ ਈਡੀ ਨੇ ਇਸ ਮਾਮਲੇ ਵਿਚ ਜਾਂਚ ਵਿੱਢੀ ਸੀ। ਈਡੀ ਦੇ ਅਹਿਮਦਾਬਾਦ ਜ਼ੋਨਲ ਦਫ਼ਤਰ ਨੇ ਪੀਐੱਮਐੱਲ ਐਕਟ 2002 ਵਿਚਲੀਆਂ ਵਿਵਸਥਾਵਾਂ ਤਹਿਤ 10 ਤੇ 19 ਦਸੰਬਰ ਨੂੰ ਮੁੰਬਈ, ਨਾਗਪੁਰ, ਗਾਂਧੀਨਗਰ ਤੇ ਵਡੋਦਰਾ ਵਿਚ ਅੱਠ ਟਿਕਾਣਿਆਂ ਉੱਤੇ ਛਾਪੇ ਮਾਰੇ ਸਨ। ਈਡੀ ਨੇ 19 ਲੱਖ ਰੁਪਏ ਤੱਕ ਦੇ ਬੈਂਕ ਖਾਤਿਆਂ ਨੂੰ ਜਾਮ ਕਰ ਦਿੱਤਾ ਸੀ ਤੇ ਕਈ ਦਸਤਾਵੇਜ਼ ਤੇ ਡਿਜੀਟਲ ਯੰਤਰ ਕਬਜ਼ੇ ਵਿਚ ਲੈ ਲਏ ਸਨ। ਸੰਘੀ ਏਜੰਸੀ ਨੇ ਦੋ ਵਾਹਨ ਵੀ ਜ਼ਬਤ ਕੀਤੇ। ਈਡੀ ਮੁਤਾਬਕ ਮੁਲਜ਼ਮ ਭੋਲੇ ਭਾਲੇ ਭਾਰਤੀ ਨਾਗਰਿਕਾਂ ਤੋਂ ਪ੍ਰਤੀ ਵਿਅਕਤੀ 55 ਤੋਂ 60 ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਕੈਨੇਡਾ ਰਸਤੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਕਰਵਾਉਂਦੇ ਸਨ। ਏਜੰਸੀ ਨੇ ਕਿਹਾ ਕਿ ਛਾਪਿਆਂ ਦੌਰਾਨ ਇਹ ਵੀ ਪਤਾ ਲੱਗਾ ਕਿ ਇਕ ਇਕਾਈ 25000 ਤੇ ਦੂਜੀ ਇਕਾਈ 10 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਸਾਲਾਨਾ ਭਾਰਤ ਤੋਂ ਬਾਹਰਲੇ ਵੱਖ ਵੱਖ ਕਾਲਜਾਂ ਲਈ ਰੈਫਰ ਕਰਦੀ ਸੀ। -ਏਐੱਨਆਈ