ਕੈਨੇਡੀਅਨ ਨਾਗਰਿਕ ’ਤੇ ਜਾਅਲਸਾਜ਼ੀ ਦਾ ਦੋਸ਼
ਹਤਿੰਦਰ ਮਹਿਤਾ
ਜਲੰਧਰ, 25 ਅਗਸਤ
ਜਾਅਲੀ ਦਸਤਾਵੇਜ਼ ਪੇਸ਼ ਕਰ ਕੇ ਸਰਕਾਰ ਤੋਂ ਇਮੀਗ੍ਰੇਸ਼ਨ ਲਾਇਸੈਂਸ ਲੈਣ ਦੇ ਦੋਸ਼ ’ਚ ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਐਨਆਰਆਈ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਐਨਆਰਆਈ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਹੈ। ਕੈਨੇਡਾ ਵਾਸੀ ਅਨਮੋਲਦੀਪ ਸਿੰਘ (ਪਹਿਲਾਂ ਮਕਸੂਦਾ, ਵਿਵੇਕਾਨੰਦ ਪਾਰਕ) ਖ਼ਿਲਾਫ਼ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਉਸ ਦੀ ਗ੍ਰਿਫਤਾਰੀ ਬਾਕੀ ਹੈ। ਇਹ ਮਾਮਲਾ ਨਵੀ ਬਾਰਾਦਰੀ ਥਾਣੇ ਵਿੱਚ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਲੰਧਰ ਦੇ ਡੀਸੀ ਨੂੰ ਦਿੱਤੀ ਸ਼ਿਕਾਇਤ ਵਿੱਚ ਉਕਤ ਮੁਲਜ਼ਮਾਂ ਦੇ ਲਾਇਸੈਂਸ ਦੀ ਜਾਂਚ ਕਰਕੇ ਲਾਇਸੈਂਸ ਰੱਦ ਕਰਨ ਦੀ ਮੰਗ ਕੀਤੀ ਗਈ। ਮਾਮਲੇ ਦੀ ਜਾਂਚ ਕੀਤੀ ਗਈ ਤਾਂ ਰਿਪੋਰਟ ਸਾਹਮਣੇ ਆਈ ਕਿ ਉਕਤ ਵਿਅਕਤੀ ਕੈਨੇਡਾ ਦਾ ਵਸਨੀਕ ਹੈ ਜਿਸ ਨੇ ਭਾਰਤ ਵਿੱਚ ਇਮੀਗ੍ਰੇਸ਼ਨ ਲਾਇਸੈਂਸ ਪ੍ਰਾਪਤ ਕੀਤਾ ਹੈ ਜੋ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ। ਇਸ ਕਾਰਨ ਮਾਮਲਾ ਦਰਜ ਕੀਤਾ ਗਿਆ। ਦੱਸ ਦੇਈਏ ਕਿ ਇਹ ਸ਼ਿਕਾਇਤ ਪਿਛਲੇ ਸਾਲ ਅਪਰੈਲ ਮਹੀਨੇ ’ਚ ਦਿੱਤੀ ਗਈ ਸੀ। ਦਰਜ ਕਰਵਾਈ ਗਈ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਉਕਤ ਮੁਲਜ਼ਮ ਬੀਐੱਮਸੀ ਚੌਕ ਅਤੇ ਏਜੀਆਈ ਬਿਜ਼ਨੈੱਸ ਸੈਂਟਰ ਦੀ ਦੂਜੀ ਮੰਜ਼ਿਲ ’ਤੇ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਨਾਂ ਦੀ ਇਮੀਗ੍ਰੇਸ਼ਨ ਕੰਪਨੀ ਚਲਾਉਂਦਾ ਹੈ। ਮੁਲਜ਼ਮਾਂ ਨੇ ਸਰਕਾਰ ਕੋਲ ਝੂਠੇ ਤੱਥ ਪੇਸ਼ ਕਰਕੇ ਲਾਇਸੈਂਸ ਹਾਸਲ ਕੀਤਾ ਸੀ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਲਗਾਏ ਗਏ ਦੋਸ਼ ਸਹੀ ਪਾਏ ਗਏ।