ਕੈਨੇਡਾ ਦਾ ਪੁਲੀਸ ਅਤੇ ਨਿਆਂ ਪ੍ਰਬੰਧ
ਪ੍ਰਿੰਸੀਪਲ ਵਜਿੈ ਕੁਮਾਰ
ਕੈਨੇਡਾ ’ਚ ਪਿਛਲੇ ਨੌਂ ਮਹੀਨਿਆਂ ਤੋਂ ਰਹਿੰਦਿਆਂ ਇਸ ਮੁਲਕ ਬਾਰੇ ਕਾਫ਼ੀ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ। ਇਸ ਮੁਲਕ ’ਚ 162 ਦੇਸ਼ਾਂ ਦੇ ਲੋਕਨਿਵਾਸ ਕਰਦੇ ਹਨ। ਹਰ ਦੇਸ਼ ਦੇ ਲੋਕਾਂ ਦੇ ਰੀਤੀ ਰਿਵਾਜ, ਸੱਭਿਆਚਾਰ, ਭਾਸ਼ਾ, ਆਦਤਾਂ, ਸੋਚ, ਰਹਿਣ ਸਹਿਣ ਦਾ ਢੰਗ, ਪਹਿਰਾਵਾ, ਮੇਲੇ ਤੇ ਤਿਉਹਾਰ ਵੱਖਰੇ ਵੱਖਰੇ ਹਨ। ਐਨੇ ਦੇਸ਼ਾਂ ਦੇ ਲੋਕਾਂ ਵਾਸਤੇ ਪੁਲੀਸ ਲਈ ਬਚਾਅ ਵਿਵਸਥਾ ਦਾ ਪ੍ਰਬੰਧ ਕਰਨਾ ਸੌਖਾ ਕੰਮ ਨਹੀਂ। ਭਾਵੇਂ ਸਮੇਂ ਦੀ ਨਜ਼ਾਕਤ ਤੇ ਇੱਥੋਂ ਦੇ ਸਿਆਸੀ ਦਾਅ ਪੇਚਾਂ ਨੇ ਇਸ ਮੁਲਕ ਦੇ ਰਾਜ ਪ੍ਰਬੰਧ, ਪੁਲੀਸ ਤੇ ਨਿਆਂ ਪ੍ਰਬੰਧ ’ਚ ਬਹੁਤ ਸਾਰੀਆਂ ਖਾਮੀਆਂ ਤੇ ਪੇਚੀਦਗੀਆਂ ਪੈਦਾ ਕਰ ਦਿੱਤੀਆਂ ਹਨ, ਪਰ ਫੇਰ ਵੀ ਇੱਥੇ ਕਾਨੂੰਨ ਅਤੇ ਇਨਸਾਨੀਅਤ ਦਾ ਮਿਆਰ ਸਾਡੇ ਦੇਸ਼ ਨਾਲੋਂ ਵੱਖਰਾ ਅਤੇ ਉੱਚਾ ਹੈ।
ਇੱਥੇ ਪੁਲੀਸ ਅਤੇ ਨਿਆਂ ਪ੍ਰਬੰਧ ਵਿੱਚ ਗੋਰੇ ਹੀ ਨਹੀਂ ਸਗੋਂ ਸਾਰੇ ਦੇਸ਼ਾਂ ਦੇ ਲੋਕ ਪੁਲੀਸ ਕਰਮਚਾਰੀਆਂ, ਅਫ਼ਸਰਾਂ, ਜੱਜਾਂ ਅਤੇ ਵਕੀਲਾਂ ਦੇ ਰੂਪ ’ਚ ਸ਼ਾਮਲ ਹਨ। ਇੱਥੋਂ ਦੇ ਪੁਲੀਸ ਤੇ ਨਿਆਂ ਪ੍ਰਬੰਧ ਨਾਲ ਜੁੜਿਆ ਕੋਈ ਵੀ ਵਿਅਕਤੀ ਕਿਸੇ ਵੀ ਦੇਸ਼, ਨਸਲ ਅਤੇ ਧਰਮ ਦਾ ਹੋਵੇ, ਉਸ ਨਾਲ ਕੋਈ ਵਿਤਕਰਾ ਨਹੀਂ ਹੁੰਦਾ। ਪੁਲੀਸ ਅਤੇ ਨਿਆਂ ਪ੍ਰਬੰਧ ਵਿੱਚ ਕਿਸੇ ਵੀ ਵਿਅਕਤੀ ਦੀ ਨਿਯੁਕਤੀ ਅਤੇ ਤਰੱਕੀ ਉਸ ਦੀ ਯੋਗਤਾ ਤੇ ਲਿਆਕਤ ਨਾਲ ਹੁੰਦੀ ਹੈ, ਸਿਫਾਰਸ਼ ਨਾਲ ਨਹੀਂ। ਇੱਥੋਂ ਦਾ ਪੁਲੀਸ ਤੇ ਨਿਆਂ ਪ੍ਰਬੰਧ ਵਿਸ਼ਵਾਸ, ਵਫ਼ਾਦਾਰੀ, ਦਿਆਨਤਦਾਰੀ, ਇਨਸਾਨੀਅਤ, ਸਮਰਪਣ ਅਤੇ ਨੇਕਨੀਤੀ ਉੱਤੇ ਆਧਾਰਿਤ ਹੈ। ਜਦੋਂ ਕੋਈ ਵੀ ਵਿਅਕਤੀ ਇਸ ਦੇਸ਼ ਦੀ ਪੁਲੀਸ ਅਤੇ ਨਿਆਂ ਵਿਵਸਥਾ ਨਾਲ ਜੁੜ ਜਾਂਦਾ ਹੈ ਤਾਂ ਉਸ ਨੂੰ ਕੇਵਲ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਯਾਦ ਰਹਿ ਜਾਂਦੀ ਹੈ। ਜਦੋਂ ਉਸ ਦੇ ਸਾਹਮਣੇ ਕੋਈ ਦੋਸ਼ੀ ਆਉਂਦਾ ਹੈ ਤਾਂ ਉਹ ਆਪਣੇ ਦੇਸ਼, ਧਰਮ, ਨਸਲ, ਭਾਸ਼ਾ ਨੂੰ ਭੁੱਲ ਕੇ ਉਸ ਨੂੰ ਦੋਸ਼ੀ ਦੀ ਨਜ਼ਰ ਨਾਲ ਹੀ ਵੇਖਦਾ ਹੈ। ਸਾਡੇ ਦੇਸ਼ ਵਾਂਗ ਪੁਲੀਸ ਤੇ ਨਿਆਂ ਪ੍ਰਬੰਧ ’ਚ ਨਾ ਰਿਸ਼ਵਤ ਚੱਲਦੀ ਹੈ ਤੇ ਨਾ ਹੀ ਸਿਫ਼ਾਰਿਸ਼।
ਇੱਥੇ ਸੜਕਾਂ, ਸਮਾਗਮਾਂ ’ਚ ਤੇ ਜਨਤਕ ਥਾਵਾਂ ’ਤੇ ਨਾ ਨੇਤਾਵਾਂ, ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਵੱਡੇ ਅਧਿਕਾਰੀਆਂ ਦੀਆਂ ਗੱਡੀਆਂ ਸਾਇਰਨ ਮਾਰਦੀਆਂ ਘੁੰਮਦੀਆਂ ਹਨ ਤੇ ਨਾ ਹੀ ਉਨ੍ਹਾਂ ਦੇ ਪਿੱਛੇ ਪੁਲੀਸ ਦੀਆਂ ਗੱਡੀਆਂ। ਇੱਥੇ ਪੁਲੀਸ ਉਦੋਂ ਹੀ ਵਿਖਾਈ ਦਿੰਦੀ ਹੈ ਜਦੋਂ ਕੋਈ ਹਾਦਸਾ ਵਾਪਰ ਜਾਵੇ, ਜਦੋਂ ਕਿਸੇ ਦੋਸ਼ੀ ਨੂੰ ਥਾਣੇ ਲੈ ਕੇ ਜਾਣਾ ਹੋਵੇ ਜਾਂ ਫੇਰ ਪੁਲੀਸ ਨੂੰ ਕੋਈ ਫੋਨ ਕਰਕੇ ਬੁਲਾਵੇ। ਜੇਕਰ ਪੁਲੀਸ ਨੂੰ ਫੋਨ ਕਰਕੇ ਬੁਲਾਇਆ ਜਾਵੇ ਤਾਂ ਉਹ ਸਾਡੇ ਦੇਸ਼ ਵਾਂਗ ਘੰਟਿਆਂ ਮਗਰੋਂ ਨਹੀਂ ਸਗੋਂ ਛੇਤੀ ਤੋਂ ਛੇਤੀ ਪਹੁੰਚ ਜਾਂਦੀ ਹੈ। ਦੋਸ਼ੀ ਦਾ ਜੁਰਮ ਕਬੂਲ ਕਰਵਾਉਣ ਲਈ ਉਸ ਉੱਤੇ ਅਤਿਆਚਾਰ ਨਹੀਂ ਕੀਤੇ ਜਾਂਦੇ ਸਗੋਂ ਪੁਲੀਸ ਦੇ ਆਪਣੇ ਤਰੀਕੇ ਹਨ।
ਹੁਣ ਜੇਕਰ ਨਿਆਂ ਵਿਵਸਥਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਨੂੰਨ ਅਤੇ ਨਿਆਂ ਵਿਵਸਥਾ ਬਹੁਤ ਸਖ਼ਤ ਹਨ। ਇੱਥੋਂ ਦੀ ਨਿਆਂ ਵਿਵਸਥਾ ਸਾਡੇ ਮੁਲਕ ਨਾਲੋਂ ਕੁੱਝ ਵੱਖਰੀ ਹੈ। ਅਦਾਲਤਾਂ ਵਿੱਚ ਮੁਕੱਦਮਿਆਂ ਦੀ ਗਿਣਤੀ ਵਧਣ ਤੋਂ ਰੋਕਣ ਲਈ ਪਹਿਲਾਂ ਸਰਕਾਰੀ ਵਕੀਲ ਅਤੇ ਸਬੰਧਤ ਵਿਅਕਤੀ ਦਾ ਵਕੀਲ ਇਹ ਵੇਖਦੇ ਹਨ ਕਿ ਇਹ ਕੇਸ ਅਦਾਲਤ ਵਿੱਚ ਲੱਗਣ ਵਾਲਾ ਹੈ ਵੀ ਜਾਂ ਨਹੀਂ। ਉਨ੍ਹਾਂ ਦੇ ਫੈਸਲੇ ਤੋਂ ਬਾਅਦ ਕੇਸ ਅਦਾਲਤ ਵਿੱਚ ਜਾਂਦਾ ਹੈ। ਵਿਅਕਤੀ ਕਿਸੇ ਵੀ ਮੁਲਕ ਦਾ ਹੋਵੇ ਉਸ ਨੂੰ ਪੂਰਾ ਨਿਆਂ ਮਿਲਦਾ ਹੈ। ਹਰ ਧਿਰ ਨੂੰ ਆਪਣੇ ਆਪ ਨੂੰ ਬੇਕਸੂਰ ਸਿੱਧ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਸਰਕਾਰ ਵੱਲੋਂ ਇੱਕ ਹੋਰ ਜੂਡੀਸ਼ਰੀ ਕਾਇਮ ਕੀਤੀ ਗਈ ਹੈ। ਉਸ ਵਿੱਚ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਡਾਕਟਰ, ਕਾਰਖਾਨੇਦਾਰ, ਸਮਾਜ ਸੇਵੀ, ਲੇਖਕ, ਬੁੱਧੀਜੀਵੀ ਅਤੇ ਹੋਰ ਪ੍ਰਭਾਵਸ਼ਾਲੀ ਲੋਕ ਮੈਂਬਰ ਹੁੰਦੇ ਹਨ। ਇਹ ਮੈਂਬਰ ਸਮੇਂ ਸਮੇਂ ਅਨੁਸਾਰ ਬਦਲਦੇ ਰਹਿੰਦੇ ਹਨ। ਕਿਸੇ ਵੀ ਦੋਸ਼ੀ ਨੂੰ ਸਜ਼ਾ ਦਿੱਤੇ ਜਾਣ ਤੋਂ ਪਹਿਲਾਂ ਉਸ ਦਾ ਕੇਸ ਇਹ ਨਿਸ਼ਚਿਤ ਕਰਨ ਲਈ ਉਸ ਜੂਡੀਸ਼ਰੀ ਕੋਲ ਜਾਂਦਾ ਹੈ ਕਿ ਉਸ ਨੂੰ ਕਿੰਨੀ ਸਜ਼ਾ ਦਿੱਤੀ ਜਾਵੇ। ਇੱਥੋਂ ਦੇ ਹਰ ਇੱਕ ਨਾਗਰਿਕ ਨੂੰ ਹੇਠਲੀਆਂ ਅਦਾਲਤਾਂ ਦੇ ਫੈਸਲੇ ਦੇ ਵਿਰੁੱਧ ਉੱਪਰਲੀਆਂ ਅਦਾਲਤਾਂ ਵਿੱਚ ਜਾਣ ਦਾ ਅਧਿਕਾਰ ਪ੍ਰਾਪਤ ਹੈ।
ਲੋਕਾਂ ਲਈ ਕੇਸ ਲੜਨੇ ਸੌਖੇ ਨਹੀਂ ਕਿਉਂਕਿ ਵਕੀਲਾਂ ਦੀਆਂ ਫੀਸਾਂ ਬਹੁਤ ਜ਼ਿਆਦਾ ਹਨ। ਇੱਥੋਂ ਦੀ ਸਰਕਾਰ ਜੇਕਰ ਚਾਹੁੰਦੀ ਹੈ ਕਿ ਇੱਥੇ ਸ਼ਾਂਤੀ ਬਣੀ ਰਹੇ, ਚੋਰੀਆਂ, ਡਕੈਤੀਆਂ ਅਤੇ ਜੁਰਮ ਘੱਟ ਹੋਣ, ਲੋਕ ਆਰਾਮ ਦੀ ਜ਼ਿੰਦਗੀ ਗੁਜ਼ਾਰ ਸਕਣ ਤਾਂ ਸਰਕਾਰ ਨੂੰ ਲੋੜ ਮੁਤਾਬਿਕ ਪੁਲੀਸ ਦੀ ਭਰਤੀ ਕਰਨੀ ਚਾਹੀਦੀ ਹੈ। ਅਦਾਲਤਾਂ ਅਤੇ ਜੱਜਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ। ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਣਾ ਚਾਹੀਦਾ ਹੈ। ਜੇਕਰ ਇਸ ਮੁਲਕ ਵਿੱਚ ਸ਼ਾਂਤੀ ਨਹੀਂ ਹੋਵੇਗੀ। ਚੋਰੀਆਂ, ਡਕੈਤੀਆਂ ਅਤੇ ਜੁਰਮ ਵਧਣਗੇ ਤਾਂ ਲੋਕ ਇੱਥੇ ਆਉਣ ਤੋਂ ਗੁਰੇਜ਼ ਕਰਨਗੇ।
ਈਮੇਲ: Vijaykumarbehki@gmail.com