For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਦੀਆਂ ਖੁੱਲ੍ਹੀਆਂ ਡੁੱਲ੍ਹੀਆਂ ਜੋਤਾਂ

11:30 AM Feb 14, 2024 IST
ਕੈਨੇਡਾ ਦੀਆਂ ਖੁੱਲ੍ਹੀਆਂ ਡੁੱਲ੍ਹੀਆਂ ਜੋਤਾਂ
ਕੈਨੇਡਾ ਦਾ ਸੈਂਕੜੇ ਏਕੜਾਂ ਵਿੱਚ ਫੈਲਿਆ ਹੋਇਆ ਖੇਤ
Advertisement

ਡਾ. ਨਿਰਮਲ ਸਿੰਘ ਹਰੀ

ਕੈਨੇਡਾ ਦੀ ਗੱਲ ਕਰਦਿਆਂ ਜ਼ਹਿਨ ‘ਚ ਟੋਰਾਂਟੋ, ਵੈਨਕੂਵਰ ਵਰਗੇ ਮਹਾਨਗਰਾਂ ਦੀਆਂ ਉੱਚੀਆਂ-ਉੱਚੀਆਂ ਇਮਾਰਤਾਂ ਨਜ਼ਰ ਆਉਂਦੀਆਂ ਹਨ ਜਾਂ ਫਿਰ ਬਰਫ਼ ਦੀ ਚਿੱਟੀ ਚਿੱਟੀ ਚਾਦਰ। ਪਰ ਇਨ੍ਹਾਂ ਵੱਡੇ ਮਹਾਨਗਰਾਂ ਦਰਮਿਆਨ ਕੈਨੇਡਾ ਦੀ ਵਿਸ਼ਾਲ ਧਰਤੀ ਪਈ ਹੈ ਅਤੇ ਇਸ ਦੇ ਕੁਝ ਹਿੱਸਿਆਂ ’ਤੇ ਖੇਤੀ ਵੀ ਹੁੰਦੀ ਹੈ। ਕੱਚੇ ਰਾਹਾਂ, ਵੱਡੇ-ਵੱਡੇ ਖੇਤਾਂ ਵਾਲਾ ਕੈਨੇਡਾ ਘੱਟ ਹੀ ਉਜਾਗਰ ਹੋਇਆ ਹੈ।
ਕੈਨੇਡਾ ਦੀ ਖੇਤੀਬਾੜੀ ਦਾ ਇਤਿਹਾਸ 200 ਕੁ ਸਾਲ ਪੁਰਾਣਾ ਹੈ। ਇਸ ਤੋਂ ਪਹਿਲਾਂ ਇੱਥੋਂ ਦੇ ਮੂਲ ਨਿਵਾਸੀ ਬਹੁਤ ਛੋਟੇ ਪੱਧਰ ’ਤੇ ਕੁਝ ਫ਼ਸਲਾਂ ਉਗਾਉਂਦੇ ਸਨ ਪਰ ਬਾਅਦ ਵਿੱਚ ਯੂਰਪੀਅਨ ਲੋਕਾਂ ਦੇ ਆਉਣ ਨਾਲ ਬੇਆਬਾਦ ਧਰਤੀ ਖੇਤੀਯੋਗ ਬਣਾਈ ਜਾਣ ਲੱਗੀ। ਕੈਨੇਡਾ ਬਣਨ ਤੋਂ ਬਾਅਦ 1872 ਵਿੱਚ ਇੱਕ ਕਾਨੂੰਨ ਬਣਾਇਆ ਗਿਆ ਜਿਸ ਤਹਿਤ ਬਾਹਰੋਂ ਲੋਕ ਆ ਕੇ ਜ਼ਮੀਨ ਆਬਾਦ ਕਰ ਸਕਦੇ ਸਨ।
ਬਸ ਫੇਰ ਕੀ ਸੀ। ਯੂਰਪ ਦੇ ਕਈ ਦੇਸ਼ਾਂ ਜਿਵੇਂ ਸਕਾਟਲੈਂਡ, ਯੂਕਰੇਨ, ਆਈਸਲੈਂਡ, ਰੂਸ, ਪੋਲੈਂਡ, ਜਰਮਨੀ, ਫਰਾਂਸ ਆਦਿ ਦੇ ਵਾਹੀਵਾਨਾਂ ਨੇ ਕੈਨੇਡਾ ਵੱਲ ਮੂੰਹ ਕਰ ਲਿਆ। ਸਮੁੰਦਰੀ ਜਹਾਜ਼ਾਂ ਤੇ ਫੇਰ ਰੇਲ ਗੱਡੀਆਂ ਰਾਹੀਂ ਇਹ ਲੋਕ ਦੱਖਣੀ ਓਂਟਾਰੀਓ ਅਤੇ ਪ੍ਰੇਰੀਜ਼ ਦੇ ਮੈਦਾਨਾਂ (ਮੈਨੀਟੋਬਾ, ਸਸਕੈਚਵਾਨ ਤੇ ਅਲਬਰਟਾ ਸੂਬੇ) ਵਿੱਚ ਪਹੁੰਚ ਗਏ। ਰੇਲਵੇ ਸਟੇਸ਼ਨਾਂ ਦੇ ਬਾਹਰ ਤੰਬੂਆਂ ਵਿੱਚ ਆਉਣ ਵਾਲਿਆਂ ਦੀ ਇਮੀਗ੍ਰੇਸ਼ਨ ਹੁੰਦੀ ਤੇ ਫਿਰ ਉਨ੍ਹਾਂ ਨੂੰ ਜ਼ਮੀਨ ਅਲਾਟ ਹੋ ਜਾਂਦੀ। ਇਹ ਗੱਲ 1896 ਤੋਂ 1914 ਦਰਮਿਆਨ ਦੀ ਹੈ। ਯੂਰਪ ਵਿੱਚ ਕੰਪਨੀਆਂ ਨੇ ਇਸ਼ਤਿਹਾਰ ਦਿੱਤੇ ਕਿ ਕੈਨੇਡਾ ਵਿੱਚ ਬੇਅੰਤ ਬੇਆਬਾਦ ਧਰਤੀ ਪਈ ਹੈ ਤੇ ਕੋਈ ਵੀ ਦਸ ਡਾਲਰ ’ਚ 160 ਏਕੜ ਪੈਲੀ ਲੈ ਕੇ ਉਸ ਨੂੰ ਆਬਾਦ ਕਰ ਸਕਦੈ। ਇਨ੍ਹਾਂ ਇਸ਼ਤਿਹਾਰਾਂ ਦਾ ਇਹ ਅਸਰ ਹੋਇਆ ਕਿ ਸਿਰਫ਼ 18 ਸਾਲਾਂ ਦੌਰਾਨ ਕੈਨੇਡਾ ਵਿੱਚ 20 ਲੱਖ ਤੋਂ ਵੱਧ ਗੋਰੇ ਆਪਣੀ ਕਿਸਮਤ ਅਜ਼ਮਾਉਣ ਆ ਗਏ। ਇਹ ਇਸ਼ਤਿਹਾਰ ਸਿਰਫ਼ ਯੂਰਪ ਵਿੱਚ ਹੀ ਵੰਡੇ ਗਏ ਸਨ। ਨਸਲਵਾਦ ਤਹਿਤ ਗ਼ੈਰ-ਗੋਰੇ ਲੋਕਾਂ ਨੂੰ ਉਸ ਸਮੇਂ ਹੀ ਕੈਨੇਡਾ ਵਿੱਚ ਵੜਨ ਤੋਂ ਰੋਕਿਆ ਜਾਂਦਾ ਸੀ। 1914 ਵਿੱਚ ਕੌਮਾਗਾਟਾ ਮਾਰੂ ਜਹਾਜ਼ ਨੂੰ ਮੋੜਨਾ ਇਸੇ ਨੀਤੀ ਦਾ ਹਿੱਸਾ ਸੀ।
ਖੈਰ! ਇਨ੍ਹਾਂ ਯੂਰਪੀਅਨ ਮੁਲਕਾਂ ਵਿੱਚੋਂ ਜ਼ਿਮੀਂਦਾਰਾਂ ਨੂੰ ਕੈਨੇਡਾ ਵਿੱਚ ਵਸਾਉਣ ਪਿੱਛੇ ਇੱਕ ਤਰਕ ਵੀ ਸੀ। ਇਹ ਠੰਢੇ ਮੁਲਕ ਸਨ ਅਤੇ ਇੱਥੇ ਵੀ ਕੈਨੇਡਾ ਵਾਂਗ ਸਿਆਲ ਰੁੱਤੇ ਬਰਫ਼ ਪੈਂਦੀ ਸੀ। 1900ਵੇਂ ਦੀ ਸ਼ੁਰੂਆਤ ਵਿੱਚ ਕੈਨੇਡਾ ਦੀ ਬੇਆਬਾਦ ਧਰਤੀ ਨੂੰ ਵਾਹੀਯੋਗ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਚਾਰ-ਪੰਜ ਮਹੀਨੇ ਮੌਸਮ ਚੰਗਾ ਤੇ ਬਾਕੀ ਸਾਰਾ ਸਾਲ ਠੰਢ ਵਾਲਾ ਮੌਸਮ। ਦਰੱਖਤਾਂ, ਬੂਟੀਆਂ, ਸਰਕੰਡਿਆਂ ਦੇ ਬੀਆਬਾਨ ਨੂੰ ਖੇਤੀਯੋਗ ਬਣਾਉਣਾ ਮੁਸ਼ਕਿਲ ਕੰਮ ਸੀ। ਜਿਵੇਂ ਆਪਣੇ ਬਲਦਾਂ, ਊਠਾਂ ਨਾਲ ਖੇਤੀ ਹੁੰਦੀ ਸੀ, ਇਹ ਨਵੇਂ-ਨਵੇਂ ਕੈਨੇਡੀਅਨ ਵਾਹੀਵਾਨ ਘੋੜਿਆਂ ਪਿੱਛੇ ਹਲ਼ ਪਾ ਕੇ ਆਪਣੀ ਕਿਸਮਤ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨ। ਬਿਜਲੀ ਅਤੇ ਖੇਤੀ ਮਸ਼ੀਨਰੀ ਤੋਂ ਬਿਨਾਂ ਇਹ ਵੱਡਾ ਕੰਮ ਸੀ। 160 ਏਕੜ ਦੇ ਮੁਰੱਬੇ ਵਿੱਚ ਇੱਕ ਛੋਟਾ ਮੋਟਾ ਨੁੱਕਰ ’ਚ ਘਰ ਬਣਾਉਣ ਤੋਂ ਬਾਅਦ ਇਹ ਲੋਕ ਜ਼ਮੀਨ ਸਾਫ਼ ਕਰਨ ਦੇ ਕੰਮ ਵਿੱਚ ਲੱਗ ਜਾਂਦੇ।

Advertisement

ਕੈਨੇਡਾ ਦੀ ਵੱਡੇ ਖੇਤਰ ਵਿੱਚ ਫੈਲੀ ਕਣਕ ਦੀ ਫ਼ਸਲ

ਖੈਰ! ਇਸ ਸਮੇਂ ਕੈਨੇਡਾ ਸਰਕਾਰ ਨੇ ਇੱਕ ਵਧੀਆ ਕੰਮ ਕੀਤਾ। ਇਨ੍ਹਾਂ ਨਵੇਂ ਆ ਰਹੇ ਲੋਕਾਂ ਨੂੰ ਵਸਾਉਣ ਵਾਸਤੇ ਪ੍ਰੇਰੀਜ਼ ਦੇ ਮੈਦਾਨਾਂ ਦੀ ਖੇਤੀਯੋਗ ਜ਼ਮੀਨ ਨੂੰ ਮੀਲ ਲੰਮੇ ਤੇ ਮੀਲ ਚੌੜੇ ਵਰਗਾਕਾਰ ਮੁਰੱਬਿਆਂ ਵਿੱਚ ਵੰਡ ਦਿੱਤਾ। ਇੱਕ ਮੀਲ ਦੇ ਮੁਰੱਬੇ ਵਿੱਚ 640 ਏਕੜ ਜ਼ਮੀਨ ਹੁੰਦੀ ਹੈ। ਇਨ੍ਹਾਂ ਮੁਰੱਬਿਆਂ ਦੇ ਚਾਰੇ ਬੰਨੇ ਜੰਗਲ-ਬੀਆਬਾਨ ਸਾਫ਼ ਕਰਕੇ ਕੱਚੀਆਂ ਪਹੀਆਂ ਬਣਾ ਦਿੱਤੀਆਂ ਗਈਆਂ। ਇਨ੍ਹਾਂ ਰਸਤਿਆਂ ਨਾਲ ਨਵੇਂ ਵਾਹੀਵਾਨ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚ ਗਏ। ਐਨੀ ਵੱਡੀ ਧਰਤੀ ਨੂੰ ਮੀਲ ਮੀਲ ਦੇ ਵਰਗਾਕਾਰ ਟੁਕੜਿਆਂ ਵਿੱਚ ਕੱਟਣਾ ਤੇ ਆਸੇ ਪਾਸੇ ਰਾਹ ਉਸਾਰਨੇ ਕੋਈ ਸੁਖਾਲਾ ਕੰਮ ਨਹੀਂ ਸੀ ਅਤੇ ਇਸ ਕੰਮ ਨੂੰ ਸੰਪੂਰਨ ਹੋਣ ਵਿੱਚ ਲਗਭਗ 50 ਸਾਲ ਲੱਗੇ। ਲਗਭਗ 14 ਪੰਜਾਬਾਂ ਜਿੰਨੀ ਜ਼ਮੀਨ ਦੀ ਮੁਰੱਬਾਬੰਦੀ ਹੋਈ।
ਸਾਲ 1920 ਦੇ ਆਸ-ਪਾਸ ਖੇਤਾਂ ’ਚ ਘੋੜਿਆਂ ਦੀ ਜਗ੍ਹਾ ਲੋਹੇ ਦੇ ਟਾਇਰਾਂ ਵਾਲੇ ਟਰੈਕਟਰ ਆ ਗਏ। ਬਸ ਫੇਰ ਕੀ ਸੀ ਖੇਤੀਬਾੜੀ ਵਿੱਚ ਕ੍ਰਾਂਤੀ ਆ ਗਈ ਤੇ ਬੇਆਬਾਦ ਜ਼ਮੀਨ ਨੂੰ ਖੇਤੀਯੋਗ ਵਿੱਚ ਬਦਲਣ ਲਈ ਮੁਸ਼ੱਕਤ ਘਟ ਗਈ। ਅੱਜ ਕੈਨੇਡਾ ਦੇ ਵਾਹੀਵਾਨਾਂ ਦੀ ਚੌਥੀ-ਪੰਜਵੀਂ ਪੀੜ੍ਹੀ ਵੱਡੇ-ਵੱਡੇ ਟਰੈਕਟਰਾਂ ਨਾਲ ਖੇਤੀ ਕਰ ਰਹੀ ਹੈ। ਕੈਨੇਡਾ ਦੀ ਸਾਰੀ ਧਰਤੀ ’ਚੋਂ ਸਿਰਫ਼ 6.2 ਪ੍ਰਤੀਸ਼ਤ ਇਲਾਕਾ ਹੀ ਵਾਹੀਯੋਗ ਹੈ ਅਤੇ ਉੱਤਰ ਦਾ ਵਧੇਰੇ ਇਲਾਕਾ ਜੰਗਲਾਂ ਅਤੇ ਠੰਢ ਵਾਲੇ ਖੇਤਰਾਂ ਦਾ ਹੈ, ਜਿੱਥੇ ਖੇਤੀ ਨਹੀਂ ਕੀਤੀ ਜਾ ਸਕਦੀ। ਸਾਰੇ ਦੇਸ਼ ਵਿੱਚ ਲਗਭਗ 190,000 ਫਾਰਮ ਹਨ ਤੇ ਇਨ੍ਹਾਂ ਵਿੱਚੋਂ ਬਹੁਤੇ ਫਾਰਮ ਪ੍ਰੇਰੀਜ਼ ਦੇ ਮੈਦਾਨਾਂ, ਕਿਊਬਕ ਅਤੇ ਓਂਟਾਰੀਓ ਸੂਬਿਆਂ ’ਚ ਹਨ। ਕੈਨੇਡਾ ਦੀ ਖੇਤੀ 10-20 ਏਕੜਾਂ ਵਾਲੇ ਫਾਰਮਾਂ ਦੀ ਖੇਤੀ ਨਹੀਂ ਹੈ ਸਗੋਂ ਵੱਡੇ ਵੱਡੇ ਫਾਰਮਾਂ ਵਾਲੀ ਖੇਤੀ ਹੈ। ਦੇਸ਼ ’ਚ ਔਸਤਨ ਫਾਰਮ 800 ਏਕੜਾਂ ਦਾ ਹੈ। ਥੋੜ੍ਹੇ ਏਕੜਾਂ ਵਾਲੀ ਖੇਤੀ ਵਾਰਾ ਹੀ ਨਹੀਂ ਖਾਂਦੀ। ਵਿਸ਼ਾਲ ਫਾਰਮ ’ਤੇ ਖੇਤੀ ਸੰਦ ਵੀ ਉਸੇ ਹਿਸਾਬ ਨਾਲ ਵੱਡੇ ਵੱਡੇ ਹਨ।

ਕੈਨੇਡਾ ਦੇ ਕਨੋਲਾ ਦੇ ਖੇਤਾਂ ਵਿੱਚ ਆਧੁਨਿਕ ਟਰੈਕਟਰ ਨਾਲ ਖੇਤੀ ਕਰਦਾ ਹੋਇਆ ਕਿਸਾਨ

ਕੈਨੇਡਾ ਦੀ ਅਜੋਕੀ ਖੇਤੀ

ਮੋਟੇ ਰੂਪ ਵਿੱਚ ਕੈਨੇਡਾ ਦੀ ਖੇਤੀ ਤਿੰਨ ਤਰ੍ਹਾਂ ਦੀ ਹੈ। ਬਾਗਬਾਨੀ, ਪਸ਼ੂ ਰੱਖਣ ਵਾਸਤੇ ਹਰੇ ਚਾਰੇ ਦੀ ਬੀਜਾਂਦ ਤੇ ਦਾਣਿਆਂ ਵਾਸਤੇ ਬੀਜੀਆਂ ਜਾਣ ਵਾਲੀਆਂ ਫ਼ਸਲਾਂ। ਬਾਗਬਾਨੀ ਜ਼ਿਆਦਾਤਰ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਫਰੇਜ਼ਰ ਅਤੇ ਓਕਾਨੈਗਨ ਵੈਲੀਆਂ ਜਾਂ ਓਂਟਾਰੀਓ ਦੇ ਨਿਆਗਰਾ ਫਾਲਜ਼ ਇਲਾਕੇ ਵਿੱਚ ਹੁੰਦੀ ਹੈ। ਅੰਗੂਰਾਂ, ਸੇਬਾਂ, ਆੜੂਆਂ, ਖੁਰਮਾਨੀਆਂ ਤੇ ਬੈਰੀਆਂ ਦੇ ਬਾਗ ਹਨ। ਅੰਗੂਰਾਂ ਤੋਂ ਜ਼ਿਆਦਾਤਰ ਵਾਈਨ (ਇੱਕ ਤਰ੍ਹਾਂ ਦੀ ਸ਼ਰਾਬ) ਬਣਾਈ ਜਾਂਦੀ ਹੈ। ਇਹ ਬਾਗ ਛੋਟੇ ਹੁੰਦੇ ਹਨ, 10-20 ਕਿੱਲਿਆਂ ਦੇ ਫਾਰਮ। ਬ੍ਰਿਟਿਸ਼ ਕੋਲੰਬੀਆ ਵਿੱਚ ਬੈਰੀ ਉਗਾਉਣ ਦੇ ਕਿੱਤੇ ਵਿੱਚ ਕਈ ਪੰਜਾਬੀ ਕਿਸਾਨ ਵੀ ਹਨ। ਬੈਰੀਆਂ ਹੱਥੀਂ ਤੋੜਨੀਆਂ ਪੈਂਦੀਆਂ ਹਨ। ਇਸ ਕਰਕੇ ਸਰੀ, ਐਬਟਸਫੋਰਡ ਦੇ ਇਲਾਕਿਆਂ ਵਿੱਚ ਪੰਜਾਬੀ ਬਜ਼ੁਰਗ ਬੈਰੀਆਂ ਤੋੜ ਕੇ ਡਾਲਰ ਕਮਾ ਲੈਂਦੇ ਹਨ। ਕਲੋਨਾ ਅਤੇ ਇਸ ਦੇ ਦੱਖਣ ਵਿੱਚ ਵੀ ਕਈ ਬਾਗ ਪੰਜਾਬੀਆਂ ਦੇ ਹਨ।
ਕੈਨੇਡਾ ਵਿੱਚ ਕੁਝ ਖ਼ਿੱਤਿਆਂ ’ਚ ਜ਼ਮੀਨ ਉਪਜਾਊ ਨਾ ਹੋਣ ਕਰਕੇ ਕਈ ਵਾਰੀ ਇੱਥੇ ਦਾਣੇਦਾਰ ਫ਼ਸਲਾਂ ਬੀਜਣੀਆਂ ਲਾਹੇਵੰਦ ਨਹੀਂ ਹੁੰਦੀਆਂ। ਇਨ੍ਹਾਂ ਉੱਚੀਆਂ ਨੀਵੀਆਂ ਪੈਲੀਆਂ ਦੇ ਆਸੇ ਪਾਸੇ ਵਾੜ ਕਰਕੇ ਇੱਥੇ ਮੀਟ ਵਾਸਤੇ ਗਾਵਾਂ ਪਾਲੀਆਂ ਜਾਂਦੀਆਂ ਹਨ। ਫਾਰਮਾਂ ਦੁਆਲੇ ਵਾੜ ਕਰਕੇ ਪਸ਼ੂ ਖੁੱਲ੍ਹੇ ਹੀ ਛੱਡੇ ਜਾਂਦੇ ਹਨ। ਪਸ਼ੂ ਨੂੰ ਸੰਗਲ ਪਾਉਣ ਦਾ ਰਿਵਾਜ਼ ਉੱਕਾ ਹੀ ਨਹੀਂ। ਪਸ਼ੂਆਂ ਦੇ ਖਾਣ ਵਾਸਤੇ ਹਰੇ ਚਾਰੇ ਦਾ ਛਿੱਟਾ ਦੇ ਦਿੱਤਾ ਜਾਂਦੈ ਤੇ ਫਿਰ ਮੀਂਹ ਆਸਰੇ ਹਾਰਾ ਚਾਰਾ ਹੁੰਦਾ ਰਹਿੰਦੈ। ਕਿਤੇ ਕਿਤੇ ਫੁਹਾਰਿਆਂ ਰਾਹੀਂ ਪਾਣੀ ਦੇਣ ਦਾ ਪ੍ਰਬੰਧ ਵੀ ਹੁੰਦੈ। ਪਸ਼ੂਆਂ ਦੇ ਚਾਰੇ ਲਈ ਲੂਸਣ ਦੀ ਬੀਜਾਂਦ ਵੀ ਬਹੁਤ ਹੁੰਦੀ ਹੈ। ਪਸ਼ੂਆਂ ਵਾਲੇ ਕਿਸਾਨ ਸਾਰਾ ਸਾਲ ਹੀ ਰੁੱਝੇ ਰਹਿੰਦੇ ਹਨ। ਫਰਵਰੀ-ਮਾਰਚ ਵਿੱਚ ਗਾਵਾਂ ਸੂੰਅਦੀਆਂ ਹਨ ਤੇ ਇਨ੍ਹਾਂ ਠੰਢ ਦੇ ਦਿਨਾਂ ਵਿੱਚ ਹਰ ਰੋਜ਼ ਗਾਵਾਂ ਤੇ ਨਵਜਨਮੇ ਵੱਛੜਿਆਂ ਨੂੰ ਸਾਂਭਣਾ ਸੁਖਾਲਾ ਕੰਮ ਨਹੀਂ ਹੈ।

ਕੈਨੇਡਾ ਦੀ ਡੇਅਰੀ ਫਾਰਮਿੰਗ

ਜ਼ਿਆਦਾਤਰ ਫਾਰਮਾਂ ’ਤੇ ਗਾਵਾਂ ਦੀ ਗਿਣਤੀ ਸੈਂਕੜਿਆਂ ’ਚ ਹੁੰਦੀ ਹੈ। ਇਨ੍ਹਾਂ ਗਾਵਾਂ ਨੂੰ ਚਰਾਂਦਾਂ ’ਚ ਕਾਬੂ ਰੱਖਣ ਲਈ ਕਿਸਾਨ ਘੋੜਿਆਂ ਦੀ ਵਰਤੋਂ ਵੀ ਕਰਦੇ ਹਨ। ‘ਕਾਓ ਬੌਇ’ ਵਾਲਾ ਕਲਚਰ ਇਨ੍ਹਾਂ ਵੱਡੀਆਂ ਵੱਡੀਆਂ ਟੋਪੀਆਂ ਅਤੇ ਗੋਡਿਆਂ ਤੱਕ ਬੂਟਾਂ ਵਾਲੇ ਕਿਸਾਨਾਂ ਤੋਂ ਹੀ ਪਿਆ ਹੈ। ਕਾਓ ਬੌਇ ਵਜੋਂ ਸਾਨੂੰ ਘੋੜੇ ’ਤੇ ਚੜ੍ਹਿਆ, ਹੱਥ ’ਚ ਰੱਸਾ ਫੜੀਂ ਬੈਠਾ ਕਿਸਾਨ ਚੇਤੇ ’ਚ ਆਉਂਦਾ ਹੈ ਕਿਉਂਕਿ ਇਸ ਤਰ੍ਹਾਂ ਇਹ ਦੂਰ ਗਈਆਂ ਗਾਵਾਂ ਨੂੰ ਵਾਪਸ ਮੋੜ ਕੇ ਲਿਆਉਂਦੇ ਹਨ।
ਖੇਤੀਬਾੜੀ ਦਾ ਤੀਜਾ ਮੁੱਖ ਪੱਖ ਦਾਣੇਦਾਰ ਫ਼ਸਲਾਂ ਬੀਜਣਾ ਹੈ। ਪੰਜਾਬ ਵਾਂਗ ਸਾਲ ’ਚ ਦੋ ਫ਼ਸਲਾਂ ਨਹੀਂ ਸਗੋਂ ਸਿਰਫ਼ ਇੱਕ ਫ਼ਸਲ ਹੀ ਹੁੰਦੀ ਹੈ। ਬਿਜਾਈ ਅਪਰੈਲ-ਮਈ ’ਚ ਤੇ ਵਢਾਈ ਅਗਸਤ ਤੋਂ ਅਕਤੂਬਰ ਦੌਰਾਨ। ਕੈਨੇਡਾ ਦੀਆਂ ਪ੍ਰਮੁੱਖ ਫ਼ਸਲਾਂ ਕਣਕ, ਕਨੋਲਾ, ਮੱਕੀ, ਜੌਂ, ਜਵੀਂ ਹਨ। ਠੰਢੇ ਮੁਲਕ ’ਚ ਠੰਢ ਵਾਲੀਆਂ ਫ਼ਸਲਾਂ ਜ਼ਿਆਦਾ ਕਾਮਯਾਬ ਹਨ। ਜੌਂ, ਜਵੀਂ ਦਾਣਿਆਂ ਲਈ ਉਗਾਈ ਜਾਂਦੀ ਹੈ। ਕਣਕ ਗਰਮੀਆਂ ਦੀ ਰੁੱਤ ਦੀ ਵੀ ਹੈ ਤੇ ਸਿਆਲੂ ਵੀ। ਗਰਮੀਆਂ ਵਾਲੀ ਕਣਕ ਅਪਰੈਲ-ਮਈ ’ਚ ਬੀਜ ਦਿੱਤੀ ਜਾਂਦੀ ਹੈ ਤੇ ਸਿਆਲੂ ਕਣਕ ਬਰਫ਼ ਪੈਣ ਤੋਂ ਦੋ ਕੁ ਮਹੀਨੇ ਪਹਿਲਾਂ ਅੱਧ ਸਤੰਬਰ ਵਿੱਚ। ਬਰਫ਼ ਤੋਂ ਪਹਿਲਾਂ ਕਣਕ ਗਿੱਠ ਗਿੱਠ ਹੋ ਜਾਂਦੀ ਹੈ ਤੇ ਫਿਰ ਇਹ ਬਰਫ਼ ਹੇਠਾਂ ਚਾਰ ਮਹੀਨੇ ਦੱਬੀ ਰਹਿੰਦੀ ਹੈ। ਅਸਲ ਵਿੱਚ ਬਰਫ਼ ਸਿਆਲੂ ਕਣਕ ਨੂੰ ਠੰਢ ਤੋਂ ਬਚਾਉਣ ਲਈ ਰਜਾਈ ਦਾ ਕੰਮ ਕਰਦੀ ਹੈ।

ਕੈਨੇਡਾ ਦੇ ਖੇਤ ਵਿੱਚ ਵਾਹੀ ਕਰ ਰਿਹਾ ਆਧੁਨਿਕ ਟਰੈਕਟਰ

ਸਸਕੈਚਵਾਨ ਸੂਬੇ ਦੀਆਂ ਰੇਤਲੀਆਂ ਜ਼ਮੀਨਾਂ ਵਿੱਚ ਪਕਾਵੇਂ ਮਟਰ, ਮਸਰ ਵੀ ਵਧੀਆ ਹੁੰਦੇ ਹਨ। ਅਸਲ ਵਿੱਚ ਭਾਰਤ ਦਾਲਾਂ ਕੈਨੇਡਾ ਤੋਂ ਵੀ ਮੰਗਵਾਉਂਦਾ ਹੈ। ਮੈਨੀਟੋਬਾ ਵਿੱਚ ਅਲਸੀ, ਸੂਰਜਮੁਖੀ ਵੀ ਥੋੜ੍ਹੀ ਬਹੁਤੀ ਹੁੰਦੀ ਹੈ। ਕੈਨੇਡਾ ਵਿੱਚ ਨਰਮਾ, ਝੋਨਾ ਕਿਤੇ ਨਹੀਂ ਹੁੰਦਾ ਕਿਉਂਕਿ ਇੱਥੇ ਭਾਰਤ ਵਾਂਗ ਬਹੁਤਾ ਗਰਮ ਮੌਸਮ ਨਹੀਂ ਹੈ। ਜਿਹੜੀ ਕਣਕ ਪੰਜਾਬ ਵਿੱਚ ਪੰਜ ਮਹੀਨਿਆਂ ’ਚ ਹੁੰਦੀ ਹੈ, ਉਹ ਕੈਨੇਡਾ ਵਿੱਚ ਸਿਰਫ਼ ਤਿੰਨ ਮਹੀਨਿਆਂ ਵਿੱਚ ਹੀ ਪੱਕ ਜਾਂਦੀ ਹੈ। ਕਾਰਨ ਇੱਕ ਤਾਂ ਬਹੁਤੀਆਂ ਫ਼ਸਲਾਂ ਬਰਾਨੀ ਨੇ, ਦੂਜਾ ਗਰਮੀਆਂ ’ਚ ਦਿਨ 14 ਤੋਂ 16 ਘੰਟਿਆਂ ਦੇ ਹੁੰਦੇ ਹਨ ਤੇ ਫ਼ਸਲਾਂ ਦਿਨਾਂ ’ਚ ਹੀ ਜਵਾਨ ਹੋ ਜਾਂਦੀਆਂ ਹਨ।
ਜ਼ਿਆਦਾਤਰ ਫਾਰਮਾਂ ਵਿੱਚ ਕੋਈ ਵੱਟ, ਕੋਈ ਖਾਲਾ ਨਹੀਂ ਹੈ ਕਿਉਂਕਿ ਪਾਣੀ ਕਿਸਾਨ ਲਾਉਂਦੇ ਹੀ ਨਹੀਂ। ਬਹੁਤੀ ਖੇਤੀ ਮੀਂਹ ਸਹਾਰੇ ਹੀ ਹੈ ਪਰ ਕਿਤੇ ਕਿਤੇ ਜ਼ਮੀਨੀ ਪਾਣੀ ਦੀ ਵਰਤੋਂ ਫੁਹਾਰਿਆਂ ਨਾਲ ਕੀਤੀ ਜਾਂਦੀ ਹੈ। ਮੁਫ਼ਤ ਕੁਝ ਵੀ ਨਹੀਂ। ਵਰਤੋਂ ਕੀਤੇ ਪਾਣੀ ਦਾ ਮੁੱਲ ਤਾਰਨਾ ਪੈਂਦਾ ਹੈ। ਬਰਾਨੀ ਖੇਤੀ ਹੋਣ ਕਰਕੇ ਔਸਤਨ ਝਾੜ ਪੰਜਾਬ ਨਾਲੋਂ ਥੋੜ੍ਹਾ ਘੱਟ ਹੁੰਦੈ।
ਫਾਰਮ ਬਹੁਤ ਵੱਡੇ ਵੱਡੇ ਹਨ। ਉਦਾਹਰਨ ਦੇ ਤੌਰ ’ਤੇ ਮੈਨੀਟੋਬਾ ਵਿੱਚ ਔਸਤਨ ਫਾਰਮ ਹਜ਼ਾਰ ਕੁ ਕਿੱਲਿਆਂ ਦਾ ਹੈ। 100-200 ਕਿੱਲਿਆਂ ’ਤੇ ਕਣਕ, ਕਨੋਲਾ ਦੀ ਖੇਤੀ ਵਾਰਾ ਨਹੀਂ ਖਾਂਦੀ। ਜ਼ਮੀਨ ਖ਼ਰੀਦਣੀ ਸਸਤੀ ਹੈ (ਪ੍ਰੇਰੀਜ਼ ਦੇ ਮੈਦਾਨਾਂ ’ਚ) ਪਰ ਮਸ਼ੀਨਰੀ ਬਹੁਤ ਮਹਿੰਗੀ। ਉਦਾਹਰਨ ਦੇ ਤੌਰ ’ਤੇ ਅੱਜ ਦੀ ਤਰੀਕ ’ਚ ਪ੍ਰੇਰੀਜ਼ ਵਿੱਚ ਇੱਕ ਕਿੱਲਾ ਜ਼ਮੀਨ 4-5 ਹਜ਼ਾਰ ਡਾਲਰ ਨੂੰ ਖ਼ਰੀਦੀ ਜਾ ਸਕਦੀ ਹੈ, ਪਰ ਇੱਕ ਆਮ ਟਰੈਕਟਰ (100 ਕੁ ਹੌਰਸ ਪਾਵਰ) ਇੱਕ ਲੱਖ ਡਾਲਰ ਦੇ ਕਰੀਬ ਹੈ। ਇਹੀ ਕਾਰਨ ਹੈ ਕਿ ਪ੍ਰੇਰੀਜ਼ ਵਿੱਚ ਬਹੁਤ ਥੋੜ੍ਹੇ ਪੰਜਾਬੀ ਖੇਤੀ ਦੇ ਧੰਦੇ ਵਿੱਚ ਹਨ। ਦੂਜੇ ਪਾਸੇ ਬੀ.ਸੀ. ਅਤੇ ਓਂਟਾਰੀਓ ਦੀ ਬਾਗਬਾਨੀ ਵਾਲੀ ਜ਼ਮੀਨ ਬਹੁਤ ਮਹਿੰਗੀ ਹੈ।
ਗਰਮੀਆਂ ਦੌਰਾਨ ਪ੍ਰੇਰੀਜ਼ ਦੇ ਮੈਦਾਨਾਂ ਦੀ ਖੇਤੀ ਦੇਖਣਯੋਗ ਹੁੰਦੀ ਹੈ। ਹਜ਼ਾਰਾਂ ਕਿੱਲਿਆਂ ’ਤੇ ਪੀਲੀ ਪੀਲੀ ਕਨੋਲਾ ਤੇ ਕਿਤੇ ਸੁਨਹਿਰੀ ਕਣਕ ਦੀ ਝਲਕ। ਕੈਨੇਡਾ ਦੀ ਪੈਦਾਵਾਰ ਜ਼ਿਆਦਾ ਹੈ ਤੇ ਖਪਤ ਘੱਟ, ਸੋ ਜ਼ਿਆਦਾਤਰ ਫ਼ਸਲਾਂ ਦੂਜੇ ਦੇਸ਼ਾਂ ਨੂੰ ਵੇਚੀਆਂ ਜਾਂਦੀਆਂ ਹਨ। ਖੇਤੀਬਾੜੀ ਕੈਨੇਡਾ ਲਈ ਬੜੀ ਅਹਿਮ ਹੈ।
*ਲੇਖਕ ਮੈਨੀਟੋਬਾ ਖੇਤੀਬਾੜੀ ਵਿਭਾਗ ਵਿੱਚ ਖੋਜ ਵਿਗਿਆਨੀ ਹੈ।
ਸੰਪਰਕ: +1-204-391-3623

Advertisement
Author Image

sukhwinder singh

View all posts

Advertisement
Advertisement
×