For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਦੀ ਬਾਕਮਾਲ ਮਕਾਨ ਉਸਾਰੀ

09:04 AM Oct 02, 2024 IST
ਕੈਨੇਡਾ ਦੀ ਬਾਕਮਾਲ ਮਕਾਨ ਉਸਾਰੀ
Advertisement

ਪ੍ਰਿੰਸੀਪਲ ਵਿਜੈ ਕੁਮਾਰ

ਜ਼ਿੰਦਗੀ ਜਿਊਣ ਅਤੇ ਜ਼ਿੰਦਗੀ ਗੁਜ਼ਾਰਨ, ਢੋਹਣ ਅਤੇ ਕੱਟਣ ਵਿੱਚ ਬਹੁਤ ਫ਼ਰਕ ਹੁੰਦਾ ਹੈ। ਜ਼ਿੰਦਗੀ ਹਰ ਕੋਈ ਨਹੀਂ ਜੀਅ ਸਕਦਾ, ਪਰ ਜ਼ਿੰਦਗੀ ਗੁਜ਼ਾਰ, ਢੋਹ ਅਤੇ ਕੱਟ ਸਾਰੇ ਹੀ ਸਕਦੇ ਹਨ। ਜ਼ਿੰਦਗੀ ਜਿਊਣ ਲਈ ਇਹ ਕੋਈ ਜ਼ਰੂਰੀ ਨਹੀਂ ਕਿ ਮਨੁੱਖ ਕੋਲ ਬੇਹੱਦ ਸਾਧਨ ਅਤੇ ਬੇਸ਼ੁਮਾਰ ਦੌਲਤ ਹੋਵੇ, ਪਰ ਜ਼ਿੰਦਗੀ ਜਿਊਣ ਲਈ ਰਹਿਣ, ਸਹਿਣ, ਖਾਣ ਪੀਣ, ਪਹਿਨਣ ਅਤੇ ਵਿਚਰਨ ਦਾ ਸਲੀਕਾ ਤੇ ਸੁਯੋਗ ਢੰਗ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਮਨੁੱਖ ਕੋਲ ਬੇਸ਼ੁਮਾਰ ਦੌਲਤ ਹੋਵੇ, ਪਰ ਉਸ ਦਾ ਰਹਿਣ ਸਹਿਣ, ਖਾਣ ਪੀਣ ਅਤੇ ਪਹਿਨਣ ਦਾ ਢੰਗ ਠੀਕ ਨਾ ਹੋਵੇ ਤੇ ਉਹ ਜ਼ਿੰਦਗੀ ਦਾ ਲੁਤਫ਼ ਲੈਣਾ ਨਾ ਜਾਣਦਾ ਹੋਵੇ ਤਾਂ ਉਸ ਦੌਲਤ ਹੋਣ ਦਾ ਵੀ ਕੀ ਲਾਭ?
ਗੋਰਿਆਂ ਦੀ ਜ਼ਿੰਦਗੀ ਜਿਊਣ ਦੇ ਢੰਗ ਨੂੰ ਵੇਖ ਕੇ ਹਰ ਕੋਈ ਇਹ ਕਹਿਣ ਲਈ ਮਜਬੂਰ ਹੋ ਜਾਂਦਾ ਹੈ ਕਿ ਜੇਕਰ ਜ਼ਿੰਦਗੀ ਜਿਊਣਾ ਸਿੱਖਣਾ ਹੋਵੇ ਤਾਂ ਗੋਰਿਆਂ ਤੋਂ ਸਿੱਖੋ। ਜ਼ਿੰਦਗੀ ਜਿਊਣ ਵਿੱਚ ਮਕਾਨ ਜਾਂ ਘਰ ਦੀ ਵੀ ਬਹੁਤ ਅਹਿਮੀਅਤ ਹੁੰਦੀ ਹੈ। ਰਹਿਣ ਲਈ ਮਕਾਨ ਜਾਂ ਘਰ ਕਿੰਨਾ ਵੱਡਾ ਹੈ ਜਾਂ ਕਿੰਨਾ ਸ਼ਾਨਦਾਰ ਹੈ, ਇਹ ਗੱਲ ਮਾਅਨੇ ਨਹੀਂ ਰੱਖਦੀ ਸਗੋਂ ਇਹ ਗੱਲ ਮਹੱਤਵਪੂਰਨ ਹੈ ਕਿ ਮਕਾਨ ਕਿਹੋ ਜਿਹੀ ਥਾਂ ਬਣਿਆ ਹੋਇਆ ਹੈ, ਕਿਸ ਯੋਜਨਾਵੱਧ ਢੰਗ ਨਾਲ ਬਣਿਆ ਹੋਇਆ ਹੈ। ਉਸ ਦੇ ਆਲੇ ਦੁਆਲੇ ਕੁਦਰਤੀ ਵਾਤਾਵਰਨ ਕਿਹੋ ਜਿਹਾ ਹੈ। ਉਸ ਤੱਕ ਪਹੁੰਚਣ ਲਈ ਰਸਤਾ ਕਿੰਨਾ ਖੁੱਲ੍ਹਾ ਹੈ। ਜੇਕਰ ਕੈਨੇਡਾ ਵਿੱਚ ਬਣੇ ਘਰਾਂ ਦੀ ਬਣਤਰ ਅਤੇ ਯੋਜਨਾਬੰਦੀ ਨੂੰ ਵੇਖਿਆ ਜਾਵੇ ਤਾਂ ਹਰ ਕੋਈ ਇਹ ਗੱਲ ਕਹਿਣ ਲਈ ਮਜਬੂਰ ਹੋ ਜਾਂਦਾ ਹੈ ਕਿ ਕਿੰਨੇ ਦਿਮਾਗ਼ ਵਾਲੇ ਹਨ ਇਹ ਗੋਰੇ ਤੇ ਇਸ ਦੇਸ਼ ਨੂੰ ਚਲਾਉਣ ਵਾਲੀਆਂ ਸਰਕਾਰਾਂ ਦੇ ਨੁਮਾਇੰਦੇ। ਇਨ੍ਹਾਂ ਗੋਰਿਆਂ ਤੋਂ ਸਿੱਖੋ ਮਕਾਨ ਬਣਾਉਣ ਦੀ ਯੋਜਨਾਬੰਦੀ ਤੇ ਰਹਿਣ ਦਾ ਢੰਗ। ਕੈਨੇਡਾ ਦੀ ਮਕਾਨ ਉਸਾਰੀ ਦੀ ਯੋਜਨਾਬੰਦੀ ਵੱਡੇ ਵੱਡੇ ਆਰਕੀਟੈਕਚਰਾਂ ਨੂੰ ਵੀ ਮਾਤ ਪਾਉਂਦੀ ਹੈ।
ਕੈਨੇਡਾ ਵਿੱਚ ਕੋਡੋ ਜਿਨ੍ਹਾਂ ਨੂੰ ਫਲੈਟ ਕਿਹਾ ਜਾਂਦਾ ਹੈ, ਕੋਨੋਡੀਅਨ, ਬੰਗਲੋ, ਟਾਊਨ ਹਾਊਸ, ਸੈਮੀ ਟਾਊਨ ਹਾਊਸ ਅਤੇ ਹਾਊਸ ਕੁਲ ਛੇ ਤਰ੍ਹਾਂ ਦੇ ਘਰ ਹਨ। ਸਾਰੇ ਦੇਸ਼ ਵਿੱਚ ਤੁਹਾਨੂੰ ਛੇ ਤਰ੍ਹਾਂ ਦੇ ਹੀ ਘਰ ਮਿਲਣਗੇ। ਜਦੋਂ ਕੈਨੇਡਾ ਵਿੱਚ ਜ਼ਿਆਦਾਤਰ ਗੋਰੇ ਹੀ ਹੁੰਦੇ ਸਨ, ਉਦੋਂ ਉਹ ਬੰਗਲੋ ਵਿੱਚ ਹੀ ਰਹਿੰਦੇ ਸਨ। ਬੰਗਲੋ ਛੋਟੇ ਵੀ ਹਨ ਤੇ ਵੱਡੇ ਵੀ। ਇਨ੍ਹਾਂ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਰਸੋਈ, ਸੌਣਾ, ਡਰਾਇੰਗ ਰੂਮ, ਵਾਸ਼ ਰੂਮ ਅਤੇ ਬਾਥਰੂਮ ਸਭ ਕੁਝ ਥੱਲੇ ਹੀ ਹੁੰਦਾ ਹੈ। ਇਨ੍ਹਾਂ ਵਿੱਚ ਗੈਰਾਜ ਅਤੇ ਬੇਸਮੈਂਟ ਬਣੇ ਹੋਏ ਹੁੰਦੇ ਹਨ। ਫਲੈਟ ਅਤੇ ਕੋਨੋਡੀਅਨ ਉੱਪਰ ਥੱਲੇ ਬਣੇ ਹੋਏ ਹਨ। ਇਨ੍ਹਾਂ ਵਿੱਚ ਨਾ ਗੈਰਾਜ ਹਨ ਤੇ ਨਾ ਹੀ ਬੇਸਮੈਂਟ।
ਇਨ੍ਹਾਂ ਫਲੈਟਾਂ ਅਤੇ ਕੋਨੋਡੀਅਨਾਂ ਦੀ ਉਸਾਰੀ ਕੈਨੇਡਾ ਵਿੱਚ ਪਰਵਾਸੀ ਲੋਕਾਂ ਦੀ ਆਬਾਦੀ ਅਤੇ ਥਾਂ ਬਚਾਉਣ ਦੇ ਨਜ਼ਰੀਏ ਨਾਲ ਕੀਤੀ ਗਈ ਹੈ। ਫਲੈਟਾਂ ਵਿੱਚ ਪਾਣੀ, ਬਿਜਲੀ ਤੇ ਮੁਰੰਮਤ ਦਾ ਪ੍ਰਬੰਧ ਬਿਲਡਰ ਕਰਦਾ ਹੈ, ਪਰ ਕੋਨੋਡੀਅਨਾਂ ਵਿੱਚ ਮਾਲਕ ਇਹ ਸਾਰਾ ਕੁਝ ਖ਼ੁਦ ਕਰਦੇ ਹਨ। ਟਾਊਨ ਹਾਊਸਾਂ ਵਿੱਚ ਦੋਵੇਂ ਪਾਸੇ ਕੋਈ ਰਸਤਾ ਨਹੀਂ ਛੱਡਿਆ ਹੁੰਦਾ। ਸੈਮੀ ਟਾਊਨ ਹਾਊਸਾਂ ਵਿੱਚ ਇੱਕ ਪਾਸੇ ਰਸਤਾ ਛੱਡਿਆ ਹੋਇਆ ਹੁੰਦਾ ਹੈ। ਟਾਊਨ ਹਾਊਸਾਂ ਅਤੇ ਸੈਮੀ ਟਾਊਨ ਹਾਊਸਾਂ ਵਿੱਚ ਗੈਰਾਜ ਅਤੇ ਬੇਸਮੈਂਟ ਹੁੰਦੇ ਹਨ, ਪਰ ਟਾਊਨ ਹਾਊਸ ਦੀ ਬੇਸਮੈਂਟ ਦੋਵੇਂ ਪਾਸੇ ਰਸਤਾ ਨਾ ਹੋਣ ਕਾਰਨ ਕਿਰਾਏ ਉੱਤੇ ਨਹੀਂ ਦਿੱਤੀ ਜਾ ਸਕਦੀ। ਇਨ੍ਹਾਂ ਦਾ ਸੌਣਾ, ਪੈਣਾ, ਨਹਾਉਣਾ ਧੋਣਾ, ਵਾਸ਼ਰੂਮ ਉੱਪਰ ਅਤੇ ਰਸੋਈ, ਖਾਣਾ ਪੀਣਾ ਅਤੇ ਡਰਾਇੰਗ ਰੂਮ ਥੱਲੇ ਹੁੰਦੇ ਹਨ। ਵਾਸ਼ਰੂਮ ਦਾ ਪ੍ਰਬੰਧ ਥੱਲੇ ਵੀ ਹੁੰਦਾ। ਇਹ ਟਾਊਨ ਹਾਊਸ ਅਤੇ ਸੈਮੀ ਟਾਊਨ ਹਾਊਸ ਤਿੰਨ ਤੋਂ ਚਾਰ ਕਮਰਿਆਂ ਦੇ ਹੁੰਦੇ ਹਨ।
ਛੇਵੀਂ ਕਿਸਮ ਹਾਊਸ ਦੀ ਹੈ। ਇਹ ਚਾਰ ਤੋਂ ਛੇ ਕਮਰਿਆਂ ਦੇ ਹੁੰਦੇ ਹਨ। ਇਨ੍ਹਾਂ ਵਿੱਚ ਵੀ ਗੈਰਾਜ ਅਤੇ ਬੇਸਮੈਂਟ ਬਣੀਆਂ ਹੋਈਆਂ ਹੁੰਦੀਆਂ ਹਨ। ਗੈਰਾਜ ਵਿੱਚ ਇੱਕ ਅਤੇ ਦੋ ਗੱਡੀਆਂ ਖੜ੍ਹੀਆਂ ਕਰਨ ਵਾਲੀਆਂ ਦੋ ਤਰ੍ਹਾਂ ਦੀਆਂ ਥਾਵਾਂ ਹੁੰਦੀਆਂ ਹਨ। ਇਸੇ ਤਰ੍ਹਾਂ ਬੇਸਮੈਂਟ ਇੱਕ ਤੋਂ ਤਿੰਨ ਕਮਰਿਆਂ ਤੱਕ ਦੀਆਂ ਹੁੰਦੀਆਂ ਹਨ। ਕੈਨੇਡਾ ਦੇ ਲੋਕਾਂ ਨੇ ਆਪਣੀ ਕਮਾਈ ਵਿੱਚ ਵਾਧਾ ਕਰਨ ਲਈ ਬੇਸਮੈਂਟ ਕਿਰਾਏ ਉੱਤੇ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬੇਸਮੈਂਟ ਉਹੀ ਕਿਰਾਏ ਉੱਤੇ ਦਿੱਤੀ ਜਾ ਸਕਦੀ ਹੈ ਜੋ ਨਗਰ ਕੌਂਸਲ ਵੱਲੋਂ ਪਾਸ ਹੋਵੇ, ਬਿਨਾਂ ਪਾਸ ਬੇਸਮੈਂਟ ਕਿਰਾਏ ਉੱਤੇ ਦੇਣ ਨਾਲ ਜੁਰਮਾਨਾ ਕੀਤਾ ਜਾਂਦਾ ਹੈ। ਸਾਰੇ ਘਰ ਇੱਕੋ ਜਿਹੇ ਬਣਾਏ ਗਏ ਹਨ। ਘਰ ਕੇਵਲ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਬਿਲਡਰ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਬਣਾਉਂਦੇ ਹਨ।
ਹਰ ਗਲੀ 20 ਤੋਂ 25 ਫੁੱਟ ਤੱਕ ਚੌੜੀ ਹੈ। ਹਰ ਗਲੀ ਵਿੱਚ ਪੈਦਲ ਚੱਲਣ ਵਾਲੇ ਲਈ ਅੱਡ ਰਸਤਾ ਬਣਾਇਆ ਗਿਆ ਹੈ। ਘਰਾਂ ਅੱਗੇ ਗੱਡੀਆਂ ਖੜ੍ਹੀਆਂ ਕਰਨ ਦੇ ਨਿਯਮ ਹਨ ਜਿਨ੍ਹਾਂ ਨੂੰ ਤੋੜਨ ’ਤੇ ਜੁਰਮਾਨਾ ਕੀਤਾ ਜਾਂਦਾ ਹੈ। ਹਰ ਘਰ ਅੱਗੇ ਰੁੱਖ ਲਗਾਉਣਾ ਅਤੇ ਉਸ ਦੇ ਬੜਾ ਹੋਣ ਤੱਕ ਉਸ ਦੀ ਦੇਖਭਾਲ ਕਰਨੀ ਨਗਰ ਕੌਂਸਲ ਦੀ ਜ਼ਿੰਮੇਵਾਰੀ ਹੁੰਦੀ ਹੈ। ਘਰ ਅੱਗੇ ਰੁੱਖ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਘਰ ਕਿੰਨਾ ਪੁਰਾਣਾ ਹੈ। ਘਰਾਂ ਨੂੰ ਸੋਹਣਾ ਬਣਾਉਣਾ ਲਈ ਉਨ੍ਹਾਂ ਅੱਗੇ ਹਰਾ ਘਾਹ ਅਤੇ ਫੁੱਲ ਲਗਾਉਣਾ ਲਾਜ਼ਮੀ ਹੈ। ਘਰਾਂ ਮੂਹਰੇ ਸਾਫ਼ ਸਫ਼ਾਈ ਨਾ ਹੋਣ ’ਤੇ ਨਗਰ ਕੌਂਸਲ ਵੱਲੋਂ ਜੁਰਮਾਨਾ ਕੀਤਾ ਜਾਂਦਾ ਹੈ। ਸਨੋਫਾਲ ਦੇ ਦਿਨਾਂ ਵਿੱਚ ਸਨੋ ਸਾਫ਼ ਕਰਨੀ ਘਰਵਾਲੇ ਦੀ ਜ਼ਿੰਮੇਵਾਰੀ ਹੈ। ਜੇਕਰ ਘਰ ਅੱਗੇ ਬਣੇ ਰਸਤੇ ਉੱਤੇ ਪਈ ਸਨੋ ਕਰਕੇ ਕੋਈ ਡਿੱਗ ਪੈਂਦਾ ਹੈ ਤਾਂ ਘਰਵਾਲੇ ਉੱਤੇ ਕੇਸ ਚੱਲ ਸਕਦਾ ਹੈ ਤੇ ਉਸ ਵਿਅਕਤੀ ਦੇ ਇਲਾਜ ਦਾ ਖ਼ਰਚਾ ਉਸ ਨੂੰ ਦੇਣਾ ਪਵੇਗਾ।
ਘਰ ਅੱਗੇ ਪੈਦਲ ਚੱਲਣ ਵਾਲੇ ਲਈ ਬਣੇ ਰਸਤੇ ਨੂੰ ਰੋਕਿਆ ਨਹੀਂ ਜਾ ਸਕਦਾ। ਉਸ ਲਈ ਜੁਰਮਾਨਾ ਹੁੰਦਾ ਹੈ। ਸਾਰੇ ਘਰ ਲੱਕੜੀ ਦੇ ਬਣੇ ਹੋਏ ਹਨ। ਘਰ ਦੇ ਬਾਹਰ ਕਿੰਨਾ ਕੂ ਪੱਕਾ ਰੱਖਿਆ ਜਾ ਸਕਦਾ ਹੈ, ਇਸ ਦੇ ਵੀ ਨਿਯਮ ਹਨ। ਘਰਾਂ ਦੇ ਬਾਹਰ ਕੋਈ ਕਲੀ ਤੇ ਰੰਗ ਨਹੀਂ ਹੁੰਦੇ, ਪਰ ਫਿਰ ਵੀ ਘਰ ਬਹੁਤ ਸੋਹਣੇ ਲੱਗਦੇ ਹਨ। ਹਰ ਘਰ ਦੇ ਪਿੱਛੇ ਬੈਕਯਾਰਡ ਬਣੇ ਹੋਏ ਹਨ ਜਿਨ੍ਹਾਂ ਨੂੰ ਲੋਕਾਂ ਨੇ ਨਿਯਮ ਅਨੁਸਾਰ ਆਪਣੇ ਆਪਣੇ ਢੰਗ ਨਾਲ ਸੈੱਟ ਕੀਤਾ ਹੋਇਆ ਹੈ। ਘਰ ਬਣਾਉਣ ਲਈ ਵਿਸ਼ੇਸ਼ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਉੱਤੇ ਛੇਤੀ ਕਰਕੇ ਅੱਗ ਦਾ ਪ੍ਰਭਾਵ ਨਾ ਹੋ ਸਕੇ। ਹਰ ਇੱਕ ਗਲੀ ਵਿੱਚ ਅੱਗ ਬੁਝਾਉਣ ਲਈ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੈ। ਘਰ ਵਿਚ ਅੱਗ ਲੱਗਣ ਦੀ ਸੂਰਤ ਵਿੱਚ ਘਰ ਵਿੱਚ ਲੱਗਿਆ ਸਾਇਰਨ ਅੱਗ ਬੁਝਾਊ ਕੇਂਦਰ ਨੂੰ ਸੂਚਨਾ ਭੇਜ ਦਿੰਦਾ ਹੈ। ਘਰਾਂ ਨੂੰ ਗਰਮ ਠੰਢਾ ਰੱਖਣ ਲਈ ਏਸੀ ਦਾ ਪ੍ਰਬੰਧ ਕੀਤਾ ਹੋਇਆ ਹੈ। ਘਰਾਂ ਅੱਗੇ ਸਮਾਗਮ ਕਰਨ ਲਈ ਨਾ ਸੜਕ ਰੋਕੀ ਜਾ ਸਕਦੀ ਹੈ ਤੇ ਨਾ ਹੀ ਪੁੱਟੀ ਜਾ ਸਕਦੀ ਹੈ। ਘਰਾਂ ਵਿੱਚ ਕੋਈ ਵੀ ਖਾਣ ਪੀਣ ਦਾ ਸਾਮਾਨ ਬਣਾਉਣ ਲਈ ਗੈਸ ਤੋਂ ਇਲਾਵਾ ਕੋਈ ਵੀ ਅੱਗ ਵਾਲਾ ਯੰਤਰ ਨਹੀਂ ਵਰਤਿਆ ਜਾ ਸਕਦਾ। ਹਰ ਦੋ ਤਿੰਨ ਗਲੀਆਂ ਲਈ ਪਾਰਕ ਦਾ ਪ੍ਰਬੰਧ ਲਾਜ਼ਮੀ ਤੌਰ ’ਤੇ ਕੀਤਾ ਗਿਆ ਹੈ। ਬੱਚਿਆਂ ਲਈ ਸਕੂਲ ਘਰ ਦੇ ਨੇੜੇ ਪੈਂਦੇ ਹਨ। ਕੋਈ ਵੀ ਗਲੀ ਤੰਗ ਨਹੀਂ। ਬੱਸ, ਊਬਰ ਅਤੇ ਸਾਮਾਨ ਪਹੁੰਚਾਉਣ ਵਾਲਾ ਸਾਧਨ ਹਰ ਘਰ ਅੱਗੇ ਪਹੁੰਚਦਾ ਹੈ। ਚਾਰ ਪੰਜ ਗਲੀਆਂ ਲਈ ਸਾਮਾਨ ਖ਼ਰੀਦਣ ਲਈ ਪਲਾਜ਼ੇ ਦਾ ਪ੍ਰਬੰਧ ਹੈ। ਨਗਰ ਕੌਂਸਲ ਦੀ ਪ੍ਰਵਾਨਗੀ ਤੋਂ ਬਿਨਾਂ ਘਰਾਂ ਵਿੱਚ ਕੋਈ ਵੀ ਉਸਾਰੀ ਨਹੀਂ ਕੀਤੀ ਜਾ ਸਕਦੀ। ਜੇ ਕੋਈ ਵਿਅਕਤੀ ਉਸਾਰੀ ਲਈ ਅਰਜ਼ੀ ਦਿੰਦਾ ਹੈ ਤਾਂ ਨਗਰ ਕੌਂਸਲ ਆਲੇ ਦੁਆਲੇ ਦੇ ਘਰਾਂ ਨੂੰ ਉਸ ਉਸਾਰੀ ਦੀ ਸੂਚਨਾ ਜਾਰੀ ਕਰਦੀ ਹੈ ਕਿ ਉਨ੍ਹਾਂ ਨੂੰ ਉਸ ਉਸਾਰੀ ਦਾ ਕੋਈ ਇਤਰਾਜ਼ ਤਾਂ ਨਹੀਂ। ਜੇਕਰ ਕੋਈ ਘਰ ਜਾਇਜ਼ ਇਤਰਾਜ਼ ਕਰਦਾ ਹੈ ਤਾਂ ਉਹ ਉਸਾਰੀ ਹੋਣ ਨਹੀਂ ਦਿੱਤੀ ਜਾਂਦੀ।
ਹਰ ਗਲੀ ਨੂੰ ਇੱਕ ਦੂਜੇ ਨਾਲ ਜੋੜਿਆ ਗਿਆ ਹੈ। ਘਰਾਂ ਦੀ ਉਸਾਰੀ ਕਰਨ ਲੱਗਿਆਂ ਵਾਤਾਵਰਨ ਅਤੇ ਸ਼ੁੱਧ ਆਵੋ ਹਵਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਘਰਾਂ ਅੱਗੇ ਨਾ ਤਾਂ ਮੀਂਹ ਦਾ ਪਾਣੀ ਖੜ੍ਹਾ ਹੁੰਦਾ ਹੈ ਨਾ ਘਰਾਂ ਵਿੱਚ ਵੜਦਾ ਹੈ ਤੇ ਨਾ ਹੀ ਗਟਰਾਂ ਦਾ ਪਾਣੀ ਬਾਹਰ ਨਿਕਲਦਾ ਹੈ। ਗਲੀਆਂ ਵਿੱਚ ਕੂੜੇ ਦਾ ਨਾਮ ਨਿਸ਼ਾਨ ਨਹੀਂ ਹੁੰਦਾ ਕਿਉਂਕਿ ਕਾਨੂੰਨ ਸਖ਼ਤ ਹਨ। ਹਰ ਹਫ਼ਤੇ ਘਰਾਂ ਵੱਲੋਂ ਕੂੜੇਦਾਨਾਂ ਵਿੱਚ ਪਾਇਆ ਕੂੜਾ ਨਗਰ ਕੌਂਸਲ ਦੀਆਂ ਗੱਡੀਆਂ ਚੁੱਕ ਕੇ ਲੈ ਜਾਂਦੀਆਂ ਹਨ। ਕੂੜੇਦਾਨਾਂ ਵਿੱਚ ਕੂੜਾ ਪਾਉਣ ਦੇ ਵੀ ਨਿਯਮ ਹਨ ਜਿਨ੍ਹਾਂ ਦੀ ਪਾਲਣਾ ਨਾ ਕਰਨ ’ਤੇ ਨਗਰ ਕੌਂਸਲ ਵੱਲੋਂ ਜੁਰਮਾਨਾ ਕੀਤਾ ਜਾਂਦਾ ਹੈ। ਸਾਡੇ ਦੇਸ਼ ਦੇ ਹੁਕਮਰਾਨਾਂ ਨੂੰ ਆਪਣੇ ਦੇਸ਼ ਦੇ ਆਰਕੀਟੈਕਚਰਾਂ ਨੂੰ ਭੇਜ ਕੇ ਵਿਖਾਉਣਾ ਚਾਹੀਦਾ ਹੈ ਕਿ ਘਰਾਂ ਦੀ ਉਸਾਰੀ ਕਿਵੇਂ ਹੁੰਦੀ ਹੈ। ਘਰਾਂ ਵਿੱਚ ਕਿਵੇਂ ਰਿਹਾ ਜਾਂਦਾ ਹੈ। ਸਾਡੇ ਦੇਸ਼ ਦੇ ਲੋਕਾਂ ਦੀ ਤਰ੍ਹਾਂ ਇਸ ਦੇਸ਼ ਦੇ ਲੋਕ ਨਰਕ ਨਹੀਂ ਭੋਗਦੇ ਸਗੋਂ ਜ਼ਿੰਦਗੀ ਦਾ ਆਨੰਦ ਮਾਣਦੇ ਹਨ।

Advertisement

ਈਮੇਲ: vijaykumarbehki@gmail.com

Advertisement

Advertisement
Author Image

sukhwinder singh

View all posts

Advertisement