ਕੈਨੇਡਾ ਦੀ ਪੱਤਝੜ ਦੇ ਨਜ਼ਾਰੇ
ਹਰੀ ਕ੍ਰਿਸ਼ਨ ਮਾਇਰ
ਭਾਰਤ ਵਾਂਗ ਕੈਨੇਡਾ ਵਿੱਚ ਵੀ ਚਾਰ ਰੁੱਤਾਂ ਹੀ ਹੁੰਦੀਆਂ ਹਨ। ਕੈਨੇਡਾ ਵਿੱਚ ਨਵੇਂ ਆਉਣ ਵਾਲੇ ਲੋਕਾਂ ਦੇ ਮਨ ਵਿੱਚ ਇੱਕ ਧਾਰਨਾ ਪਹਿਲਾਂ ਹੀ ਬਣੀ ਹੁੰਦੀ ਹੈ ਕਿ ਉੱਥੇ ਤਾਂ ਹਰ ਸਮੇਂ ਕਾਂਬਾ ਛੇੜਨ ਵਾਲੀ ਠੰਢ ਪੈਂਦੀ ਹੈ, ਕਈ ਖ਼ਿੱਤੇ ਬਰਫ਼ਾਂ ਨਾਲ ਘਿਰੇ ਰਹਿੰਦੇ ਹਨ, ਇਹ ਨਿਰੀ ਗਲ਼ਤ ਧਾਰਨਾ ਹੈ। ਕੈਨੇਡਾ ਕਾਫ਼ੀ ਵੱਡਾ ਮੁਲਕ ਹੈ, ਪੰਜ ਟਾਈਮ ਜ਼ੋਨਾਂ ਵਿੱਚ ਵੰਡਿਆ ਹੋਇਆ ਹੈ। ਇੱਥੇ ਵੱਖ-ਵੱਖ ਮੌਸਮਾਂ ਦਾ ਆਨੰਦ ਮਾਣਿਆ ਜਾਂਦਾ ਹੈ। ਇਸ ਦੇ ਘੁੱਗ ਵੱਸਦੇ ਸੂਬੇ ਹਨ-ਓਂਟਾਰੀਓ, ਕਿਊਬੈਕ, ਅਲਬਰਟਾ, ਨੋਵਾ ਸਕੌਸ਼ੀਆ, ਬ੍ਰਿਟਿਸ਼ ਕੋਲੰਬੀਆ। ਇਨ੍ਹਾਂ ਸਭਨਾਂ ਵਿੱਚ ਵਿੱਚ ਚਾਰ ਰੁੱਤਾਂ ਆਉਂਦੀਆਂ ਹਨ, ਪਰ ਹਰ ਪ੍ਰੋਵਿੰਸ ਵਿੱਚ ਰੁੱਤਾਂ ਦਾ ਆਪੋ ਆਪਣਾ ਮੌਸਮ ਹੁੰਦਾ ਹੈ। ਆਪੋ ਆਪਣਾ ਅੰਦਾਜ਼ ਹੁੰਦਾ ਹੈ। ਪਰ ਇੱਥੇ ਅਸੀਂ ਰੰਗ ਬਿਰੰਗੇ ਡਿੱਗਦੇ ਪੱਤਿਆਂ ਦੀ ਰੁੱਤ ‘ਪੱਤਝੜ’ ਦੀ ਹੀ ਗੱਲ ਕਰਾਂਗੇ।
ਤੇਈ ਸਤੰਬਰ ਨੂੰ ਜਦੋਂ ਪੂਰੇ ਸੰਸਾਰ ਅੰਦਰ ਸਾਲ ਦੌਰਾਨ ਰਾਤ ਤੇ ਦਿਨ ਤਕਰੀਬਨ ਇੱਕੋ ਜਿੰਨੇ ਲੰਬੇ ਮੰਨੇ ਜਾਂਦੇ ਹਨ, ਉੱਤਰੀ ਗੋਲਾਰਧ ਅੰਦਰ ਇਸ ਨੂੰ ‘ਪੱਤਝੜ ਦਾ ਸ਼ੁਰੂਆਤੀ ਦਿਨ’ ਮੰਨਿਆ ਜਾਂਦਾ ਹੈ। ਹਰ ਆਏ ਸਾਲ ਇਸ ਤਾਰੀਖ਼ ਵਿੱਚ ਇੱਕ ਅੱਧੇ ਦਿਨ ਦਾ ਵਾਧਾ ਘਾਟਾ ਵੀ ਹੁੰਦਾ ਰਹਿੰਦਾ ਹੈ। ਤਿੰਨ ਮਹੀਨੇ ਸਤੰਬਰ, ਅਕਤੂਬਰ ਅਤੇ ਨਵੰਬਰ ਪੱਤਝੜ ਦੇ ਮਹੀਨੇ ਹੁੰਦੇ ਹਨ। ਕੈਨੇਡਾ ਦੀ ਧਰਤੀ ’ਤੇ ਪੱਤਝੜ ਜਿਸ ਨੇ ਦੇਖੀ ਹੈ, ਉਨ੍ਹਾਂ ਨੂੰ ਪਤਾ ਹੈ ਕਿ ਇਹ ਬਹਾਰ ਨੂੰ ਵੀ ਮਾਤ ਪਾ ਜਾਂਦੀ ਹੈ। ਧਰਤੀ ’ਤੇ ਖੜ੍ਹੇ ਰੁੱਖ ਰੰਗ ਬਿਰੰਗੇ ਡਿੱਗਦੇ ਪੱਤਿਆਂ ਨਾਲ ਨੱਚਦੇ ਨਜ਼ਰ ਆਉਂਦੇ ਹਨ। ਪੌਣਾਂ ਰੁੱਖਾਂ ਤੋਂ ਪੱਤੇ ਖੋਹ ਕੇ ਧਰਤੀ ਦੀ ਕੈਨਵਸ ’ਤੇ ਪੱਤਿਆਂ ਦੀ ਚਿੱਤਰਕਾਰੀ ਕਰਦੀਆਂ ਹਨ।
ਲੋਕ ਪੱਤਝੜ ਨੂੰ ਇਸ ਕਰਕੇ ਵੀ ਪਸੰਦ ਕਰਦੇ ਹਨ ਕਿਉਂਕਿ ਇਸ ਰੁੱਤੇ ਰੁੱਖਾਂ ਦੇ ਪੱਤੇ ਵੰਨ ਸੁਵੰਨੇ ਰੰਗ ਬਦਲਦੇ ਹਨ। ਹਰੇ ਪੱਤੇ, ਸੋਨ ਸੁਨਹਿਰੀ ਭਾਅ ਮਾਰਦੇ ਲਾਲ ਹੋ ਜਾਂਦੇ ਹਨ, ਫਿਰ ਨਾਰੰਗੀ ਹੋ ਜਾਂਦੇ ਹਨ। ਰੁੱਖਾਂ ਤੋਂ ਪੱਤੇ ਮੀਂਹ ਵਾਂਗ ਡਿੱਗਦੇ ਧਰਤੀ ਉੱਤੇ ਇੱਕ ਰੰਗੀਲੀ ਚਾਦਰ ਵਿਛਾ ਜਾਂਦੇ ਹਨ। ਲੋਕ ਸਪੈਸ਼ਲ ਟੂਰ ਕਰਕੇ ਖ਼ਾਸ ਥਾਵਾਂ ’ਤੇ ਡਿੱਗਦੇ ਰੰਗਦਾਰ ਪੱਤਿਆਂ ਦਾ ਨਜ਼ਾਰਾ ਦੇਖਣ ਜਾਂਦੇ ਹਨ। ਚਿੱਤਰਕਾਰ ਲੈਂਡ ਸਕੈਪ ਤਿਆਰ ਕਰਦੇ ਹਨ। ਕੈਨੇਡਾ ਦੇ ਕਈ ਚਿੱਤਰਕਾਰਾਂ ਅਤੇ ਲੇਖਕਾਂ ਨੇ ਪੱਤਝੜ ਦੀ ਖ਼ੂਬਸੂਰਤੀ ਨੂੰ ਰੰਗਾਂ ਅਤੇ ਸ਼ਬਦਾਂ ਰਾਹੀਂ ਬਿਆਨਿਆ ਹੈ। ‘ਔਟਮ ਡੇਅ’ ਆਇਲ ਪੇਂਟਿੰਗ ਵੈਨਕੂਬਰ, ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਿਤ ਕੈਨੇਡੀਅਨ ਚਿੱਤਰਕਾਰ ਪੌਲ ਚੀਜ਼ਿਕ ਦੀ ਤਿਆਰ ਕੀਤੀ ਲੈਂਡ ਸਕੈਪ ਆਧੁਨਿਕ ਕਲਾ ਦੀ ਸੁੰਦਰ ਪੇਸ਼ਕਾਰੀ ਹੈ। ਡੁਰਾਨ ਨੇ ਪੱਤਿਆਂ ਦੀ ਵਰਤੋਂ ਕਰਕੇ ਆਰਟ ਦੀ ਇੱਕ ਨਵੀਂ ਤਕਨੀਕ ਲੱਭੀ ਹੈ। ਪ੍ਰਕਿਰਤੀ ਅਤੇ ਜਨੂੰਨ ਉਸ ਦੀਆਂ ਪੇਂਟਿੰਗਾਂ ਵਿੱਚੋਂ ਸਾਫ਼ ਦੀਂਹਦਾ ਹੈ। ਲੋਰੈਂਜ਼ੋ ਨੇ ਪੱਤਿਆਂ ਨੂੰ ਕੱਟ ਕੇ ਖ਼ੂਬਸੂਰਤ ਗੁੰਝਲਦਾਰ ਕੰਮ ਕੀਤਾ ਹੈ। ਐਂਡੀ ਗੋਲਡਸਵਰਦੀ ਨੇ ਕੁਦਰਤੀ ਤੱਤਾਂ ਜਿਵੇਂ ਟਾਹਣੀਆਂ, ਪੱਤੇ, ਪੱਥਰ, ਬਰਫ਼, ਕਾਨੇ, ਕੰਡੇ ਮਿਲਾ ਕੇ ਚਿੱਤਰਕਲਾ ਦਾ ਨਵਾਂ ਤਰੀਕਾ ਬਾਖੂਬੀ ਪੇਸ਼ ਕੀਤਾ ਹੈ। ਪੱਤੇ ਜਣਨ ਅਤੇ ਵਾਧੇ ਦੇ ਪ੍ਰਤੀਕ ਹਨ। ਨੈਨਸੀ ਅਜ਼ਾਰਾ ਪੱਤਿਆਂ ਦੀ ਪ੍ਰਿੰਟਿੰਗ ਲਈ ਪ੍ਰਸਿੱਧ ਹੈ। ਚਿੱਤਰਕਾਰ ਆਂਸਲ ਐਡਮਜ, ਐਲਬਰਟ ਬਾਇਰਸਟੈਟ ਸੈਲੀਮਾਨ, ਕਲਾਊਡਮੋਨੈਟ ਪ੍ਰਕਿਰਤੀ ਨੂੰ ਚਿੱਤਰਨ ਵਾਲੇ ਮਕਬੂਲ ਰੰਗਕਾਰ ਹਨ।
ਕੈਨੇਡਾ ਵਿੱਚ ਇਹ ਮੰਨਤ ਹੈ ਕਿ ਜੇ ਤੁਹਾਡੇ ਕੋਲ ਕੱਦੂ ਜਾਂ ਪੰਪਕਿਨ ਹੈ ਤਾਂ ਤੁਸੀਂ ਖੁਸ਼ਕਿਸਮਤ ਹੋ। ਪੱਤਝੜ ਵਿੱਚ ਕੱਦੂ ਦਾ ਸੁਆਦ ਕਿੰਨੇ ਤਰੀਕਿਆਂ ਨਾਲ ਚੱਖਿਆ ਜਾ ਸਕਦਾ ਹੈ। ਪੰਪਕਿਨ ਪਾਈ, ਪੰਪਕਿਨ ਨਾਨ/ ਰੋਟੀ, ਬਰੈੱਡ, ਪੰਪਕਿਨ ਮਸਾਲੇਦਾਰ ਕੌਫ਼ੀ, ਚਾਹ ਆਮ ਉਪਲੱਬਧ ਹੁੰਦੀ ਹੈ। ਲੋਕ ਪੱਤਝੜੀ ਮਹੀਨਿਆਂ ਵਿੱਚ ਇਨ੍ਹਾਂ ਨੂੰ ਖਾਣਾ ਪਸੰਦ ਕਰਦੇ ਹਨ। ਪੱਤਝੜ ਵਿੱਚ ਮਠਿਆਈਆਂ, ਸੁੱਕੇ ਮੇਵੇ, ਫ਼ਲਾਂ ਆਦਿ ਲਈ ਸਭ ਤੋਂ ਢੁੱਕਵਾਂ ਮੌਸਮ ਹੁੰਦਾ ਹੈ। ਇਸ ਮੌਸਮ ਵਿੱਚ ਕੈਰੇਮਲ ਸੇਬ, ਟੌਫੀਆਂ, ਕੈਂਡੀਆਂ, ਪੰਪਕਿਨ ਪਾਈ, ਐਪਲ ਪਾਈ, ਪੇਕਨ ਪਾਈ ਚੋਖੀ ਮਾਤਰਾ ਵਿੱਚ ਮਿਲ ਜਾਂਦੀਆਂ ਹਨ।
ਤੀਬਰ ਗਰਮੀ ਪਿੱਛੋਂ ਪੱਤਝੜ ਠੰਢਕ ਦਾ ਅਹਿਸਾਸ ਲੈ ਕੇ ਆਉਂਦਾ ਹੈ। ਨਿੱਘੇ ਦਿਨ ਅਤੇ ਨਿੱਘੀਆਂ ਰਾਤਾਂ, ਠੰਢੀ ਪੌਣ ਦੇ ਬੁੱਲੇ ਦਰਵਾਜ਼ਿਆਂ ’ਤੇ ਦਸਤਕ ਦਿੰਦੇ ਹਨ। ਖਿੜਕੀਆਂ ਖੁੱਲ੍ਹੀਆਂ ਰੱਖਣ ਨੂੰ ਦਿਲ ਕਰਦਾ ਹੈ। ਪੱਤਝੜ ਨਾਲ ਨਵੀਆਂ ਜੈਕਟਾਂ, ਬੂਟ, ਸ਼ੌਰਟਸ, ਨਵੇਂ ਡਰੈੱਸ, ਮਜ਼ੇਦਾਰ ਫਲਿਪ ਫਲੌਪ ਬੜੇ ਪਸੰਦ ਕੀਤੇ ਜਾਂਦੇ ਹਨ। ਫਾਇਰ ਪਿੱਟਸ ਲੈਣ ਦਾ ਵੀ ਇਹ ਬੜਾ ਢੁੱਕਵਾਂ ਸਮਾਂ ਮੰਨਿਆਂ ਜਾਂਦਾ ਹੈ।
ਭਾਵੇਂ ਤੁਸੀਂ ਹੈਲੋਵੀਨ ਦੀ ਤਿਆਰੀ ਕਰ ਰਹੇ ਹੋ ਜਾਂ ਡਿਆਡੋ ਲੋਸ ਮੁਰਟੋਸ ਲਈ ‘ਖੋਪੜੀ’ ਤਿਆਰ ਕਰ ਰਹੇ ਹੋ ਜਾਂ ਫਿਰ ਥੈਂਕਸ ਗਿਵਿੰਗ ਲਈ ਤਿਆਰੀ ਕਰ ਰਹੇ ਹੋ। ਪੱਤਝੜ ਵਿੱਚ ਬੱਚਿਆਂ ਅਤੇ ਬਾਲਗਾਂ ਲਈ ਬਹੁਤ ਸਾਰੀਆਂ ਸ਼ਿਲਪ ਗਤੀਵਿਧੀਆਂ ਦਾ ਸਾਮਾਨ ਮਾਰਕੀਟ ਵਿੱਚ ਉਪਲੱਬਧ ਹੁੰਦਾ ਹੈ। ਬੱਚੇ ਇਨ੍ਹਾਂ ਗਤੀਵਿਧੀਆਂ ਵਿੱਚ ਚੋਖਾ ਸਮਾਂ ਗੁਜ਼ਾਰਦੇ ਹਨ। ਸਕੂਲ ਵੀ ਬੱਚਿਆਂ ਨੂੰ ਕਲਾ ਵੱਲ ਉਤਸ਼ਾਹਿਤ ਕਰਦੇ ਹਨ। ਵਿਸ਼ਵ ਭਰ ਵਿੱਚ ਪੱਤਝੜ ਦੇ ਮੌਸਮ ਵਿੱਚ ਛੁੱਟੀਆਂ ਵੱਡੀ ਗਿਣਤੀ ਵਿੱਚ ਹੁੰਦੀਆਂ ਹਨ। ਇਸ ਮੌਸਮ ਵਿੱਚ ਅਕਤੂਬਰ ਦੇ ਅਖੀਰਲੇ ਦਿਨ ਹੈਲੋਵੀਨ, ਥੈਂਕਸ ਗਿਵਿੰਗ, ਡਿਆਡੋ ਲੋਸ ਮੁਰਟੋਸ ਜਿਹੇ ਤਿਓਹਾਰ ਹੁੰਦੇ ਹਨ। ਸੁਆਦਲੇ ਖਾਣੇ, ਬਹੁਰੰਗੇ ਕੱਪੜੇ, ਫੰਕਸ਼ਨ, ਕੌਸਟਿਊਮ ਪਾਰਟੀਆਂ, ਫਿਲਮ ਸ਼ੋਅ, ਟਰਿੱਕ, ਮਸਤੀਆਂ ਅਤੇ ਸ਼ਰਾਰਤਾਂ ਇਸੇ ਮੌਸਮ ਵਿੱਚ ਹੁੰਦੀਆਂ ਹਨ। ਹੈਲੋਵੀਨ ਮੁਰਦਾ ਰੂਹਾਂ ਦਾ ਤਿਓਹਾਰ ਹੈ। ਇਸ ਦਿਨ ਬੱਚੇ ਘਰ ਘਰ ਸਾਡੇ ਲੋਹੜੀ ਵਾਂਗ ਕੈਂਡੀਆਂ, ਚਾਕਲੇਟ, ਟਾਫ਼ੀਆਂ, ਸਵੀਟਸ ਆਦਿ ਮੰਗਣ ਜਾਂਦੇ ਹਨ।
ਪਤਝੜ ਦੌਰਾਨ ਕੈਨੇਡਾ ਵਿੱਚ ਇਮੋਜ਼ੀ ਵਿੱਚ ਵੀ ‘ਫਾਲਿੰਗ ਲੀਫ’ ਇਮੋਜ਼ੀ ਦਾ ਚਿੰਨ੍ਹ ਵਰਤਿਆ ਜਾਂਦਾ ਹੈ। ਇਹ ਪੱਤਝੜੀ ਪੱਤਾ ਹੈ, ਜਿਸ ਦਾ ਰੰਗ ਬਦਲਿਆ ਹੋਇਆ ਹੈ। ਇਹ ਰੁੱਖ ਤੋਂ ਟੁੱਟ ਕੇ ਧਰਤੀ ’ਤੇ ਡਿੱਗਿਆ ਪਿਆ ਹੈ। ਅਧਿਆਤਮਕ ਲੋਕ ਪੱਤਝੜ ਦੇ ਪੱਤੇ ਨੂੰ ਵਿਕਾਸ ਅਤੇ ਪੁਨਰਜਨਮ ਦਾ ਪ੍ਰਤੀਕ ਮੰਨਦੇ ਹਨ।
ਮੈਪਲ ਰੁੱਖ ਦਾ ਪੱਤਾ ਪਿਆਰ, ਸੰਤੁਲਨ, ਲੰਬੀ ਉਮਰ ਅਤੇ ਬਰਕਤਾਂ ਦਾ ਪ੍ਰਤੀਕ ਹੈ। ਪੱਤਝੜ ਦੌਰਾਨ ਸਭ ਤੋਂ ਸੋਹਣੇ ਰੰਗ ਸ਼ੂਗਰ ਮੈਪਲ ਦੇ ਪੱਤਿਆਂ ਦੇ ਹੁੰਦੇ ਹਨ। ਇਹ ਲਾਲ, ਸੰਗਤਰੀ, ਪੀਲੇ ਰੰਗਾਂ ਵਿੱਚ ਦਿਲ ਨੂੰ ਮੋਹ ਲੈਂਦੇ ਹਨ।
ਪੱਤਝੜ ਦੌਰਾਨ ਰੰਗਾਂ ਦੀ ਬਰਸਾਤ ਦਾ ਨਜ਼ਾਰਾ ਦੇਖਣ ਲਈ ਲੋਕ ਕੈਨੇਡਾ ਦੀਆਂ ਬੜੀਆਂ ਥਾਵਾਂ ’ਤੇ ਸੈਰ ਸਪਾਟੇ ’ਤੇ ਜਾਂਦੇ ਹਨ। ਦੇਖਣਯੋਗ ਥਾਵਾਂ ਵਿੱਚ ਮਾਂਟਰੀਅਲ, ਕਿਊਬੈਕ, ਹਜ਼ਾਰਾ ਆਈਲੈਂਡ, ਓਂਟਾਰੀਓ, ਨਿਆਗਰਾ ਫਾਲਜ, ਬੈਂਫ ਨੈਸ਼ਨਲ ਪਾਰਕ, ਐਲਬਰਟਾ, ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਓਕਾਂਗਨ ਘਾਟੀ, ਪਰਕ ਓਮੇਗਾ ਆਦਿ ਦਾ ਨਾਂ ਲਿਆ ਜਾ ਸਕਦਾ ਹੈ।