ਕੈਨੇਡਾ: ਟਰੂਡੋ ਸਰਕਾਰ ਵਿਰੁੱਧ ਬੇਭਰੋਸਗੀ ਮਤੇ ’ਤੇ ਵੋਟਿੰਗ ਅੱਜ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 25 ਸਤੰਬਰ
ਕੈਨੇਡਾ ਦੀ ਘੱਟ ਗਿਣਤੀ ਟਰੂਡੋ ਸਰਕਾਰ ਖ਼ਿਲਾਫ਼ ਵਿਰੋਧੀ ਤੇ ਟੋਰੀ ਆਗੂ ਪੀਅਰ ਪੋਲਿਵਰ ਵੱਲੋਂ ਸੰਸਦ ਦੇ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਅੱਜ ਸਰਕਾਰ ਖ਼ਿਲਾਫ਼ ਇੱਕ ਲਾਈਨ ਦਾ ਬੇਭਰੋਸਗੀ ਮਤਾ ਪੇਸ਼ ਕੀਤਾ ਤੇ ਬਹਿਸ ਦੀ ਸ਼ਰੂਆਤ ਕਰਦਿਆਂ ਸਰਕਾਰ ਦੀਆਂ ਨਾਕਾਮੀਆਂ ਗਿਣਾਈਆਂ। ਇਸ ਸਬੰਧੀ ਵੋਟਾਂ ਭਲਕੇ ਪੈਣਗੀਆਂ। ਐੱਨਡੀਪੀ ਤੇ ਬਲਾਕ ਕਿਊਬਿਕ ਨੇ ਮਤੇ ਦੀ ਹਮਾਇਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਪੋਲਿਵਰ ਨੇ ਕਿਹਾ ਕਿ 9 ਸਾਲ ਪਹਿਲਾਂ ਸੱਤਾ ਸੰਭਾਲਣ ਵਾਲੀ ਲਿਬਰਲ ਸਰਕਾਰ ਨੇ ਦੇਸ਼ ਨੂੰ ਹਰ ਖੇਤਰ ਵਿੱਚ ਪਿੱਛੇ ਧੱਕਿਆ ਅਤੇ ਲੋਕਾਂ ਨਾਲ ਕੀਤਾ ਹਰ ਵਾਅਦਾ ਤੋੜਿਆ। ਉਨ੍ਹਾਂ ਨੇ ਘਰਾਂ ਦੀਆਂ ਕੀਮਤਾਂ ’ਚ ਵਾਧੇ ਅਤੇ ਅਤਿ ਦੀ ਮਹਿੰਗਾਈ ਲਈ ਵੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਪੋਲਿਵਰ ਨੇ ਕਿਹਾ ਕਿ ਜੇ ਉਹ ਸੱਤਾ ਵਿੱਚ ਆਏ ਤਾਂ ਟੈਕਸਾਂ ’ਚ ਕਮੀ ਕੀਤੀ ਜਾਵੇਗੀ ਅਤੇ ਆਰਥਿਕਤਾ ਨੂੰ ਪੈਰਾਂ ਸਿਰ ਕੀਤਾ ਜਾਵੇਗਾ। ਇਸ ’ਤੇ ਟੋਕਦਿਆਂ ਲਿਬਰਲ ਹਾਊਸ ਲੀਡਰ ਕਰੀਨਾ ਗੌਡ ਨੇ ਕਿਹਾ ਕਿ ਟੋਰੀ ਆਗੂ ਦਾ ਇੱਕੋ ਇੱਕ ਮਕਸਦ ਸੱਤਾ ’ਤੇ ਕਾਬਜ਼ ਹੋਣਾ ਹੈ ਨਾ ਕਿ ਦੇਸ਼ ਵਾਸੀਆਂ ਨੂੰ ਕੁਝ ਕਰਕੇ ਵਿਖਾਉਣਾ। ਉਨ੍ਹਾਂ ਕਿਹਾ ਕਿ ਲਿਬਰਲ ਸਰਕਾਰ 9 ਸਾਲਾਂ ਤੋਂ ਲੋਕਾਂ ਦੀ ਭਲਾਈ ’ਚ ਜੁਟੀ ਹੋਈ ਹੈ। ਮਤੇ ਦਾ ਵਿਰੋਧ ਕਰਦਿਆਂ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਟੋਰੀਆਂ ਵੱਲੋਂ ਦੇਸ਼ ਦੀ ਸੱਤਾ ਸੰਭਾਲਣ ਦੇ ਕਿਸੇ ਵੀ ਯਤਨ ਨੂੰ ਉਨ੍ਹਾਂ ਦੀ ਪਾਰਟੀ ਫੇਲ੍ਹ ਕਰੇਗੀ। ਬਲਾਕ ਕਿਊਬਿਕ ਆਗੂ ਐਲਨ ਥਾਰੀਐਨ ਨੇ ਵੀ ਹਮਾਇਤ ਤੋਂ ਕੋਰੀ ਨਾਂਹ ਕਰਦਿਆਂ ਕਿਹਾ ਕਿ ਉਹ ਦੇਸ਼ ਵਾਸੀਆਂ ’ਤੇ ਚੋਣਾਂ ਦੇ ਖਰਚ ਦਾ ਭਾਰ ਪਾਉਣ ਤੋਂ ਗੁਰੇਜ਼ ਕਰਨਾ ਚਾਹੁੰਦੇ ਹਨ। ਚੋਣਾਂ ਸਮੇਂ ’ਤੇ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਲਿਬਰਲ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਹੋਰ ਬਥੇਰੇ ਢੰਗ ਹਨ। ਬਹਿਸ ਅੱਜ ਪੂਰੀ ਨਾ ਹੋ ਸਕੀ ਜਿਸ ਕਰਕੇ ਇਹ ਭਲਕੇ ਮਤੇ ’ਤੇ ਵੋਟਾਂ ਪਵਾਏ ਜਾਣ ਤੋਂ ਪਹਿਲਾਂ ਤੱਕ ਜਾਰੀ ਰਹੇਗੀ।