Canada temple Violence: ਕੈਨੇਡਾ ਦੇ ਮੰਦਰ ’ਚ ਕੌਂਸਲਰ ਕੈਂਪ ਦੌਰਾਨ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਸ਼ਰਧਾਲੂਆਂ ਦੀ ਕੁੱਟਮਾਰ
ਟ੍ਰਿਬਿਊਨ ਨਿਊਜ਼ ਸਰਵਿਸ/ਏਜੰਸੀਆਂ
ਚੰਡੀਗੜ੍ਹ/ਓਟਵਾ, 4 ਨਵੰਬਰ
Canada temple Violence: ਕੈਨੇਡਾ ਦੇ ਬਰੈਂਪਟਨ ਸ਼ਹਿਰ ’ਚ ਹਿੰਦੂ ਸਭਾ ਮੰਦਰ ਨੇੜੇ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਕਥਿਤ ਤੌਰ ’ਤੇ ਮੰਦਰ ਵਿੱਚ ਮੌਜੂਦ ਸ਼ਰਧਾਲੂਆਂ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਹਿੰਸਕ ਹੋ ਗਿਆ। ਇਹ ਵਿਰੋਧ ਮੁਜ਼ਾਹਰਾ ਮੰਦਰ ਵਿਚ ਭਾਰਤੀ ਹਾਈ ਕਮਿਸ਼ਨ ਵੱਲੋਂ ਲੋਕਾਂ ਦੀ ਮਦਦ ਲਈ ਲਾਏ ਗਏ ਕੌਂਸਲਰ ਕੈਂਪ ਦੇ ਖ਼ਿਲਾਫ਼ ਕੀਤਾ ਜਾ ਰਿਹਾ ਸੀ। ਹਾਈ ਕਮਿਸ਼ਨ ਵੱਲੋਂ ਅਕਸਰ ਮੰਦਰਾਂ, ਗੁਰਦੁਆਰਿਆਂ ਅਤੇ ਅਜਿਹੇ ਹੋਰ ਸਥਾਨਾਂ ਉਤੇ ਭਾਰਤੀ ਲੋਕਾਂ ਤੇ ਭਾਰਤੀ-ਕੈਨੇਡੀਅਨਾਂ ਦੇ ਭਾਰਤ ਨਾਲ ਸਬੰਧਤ ਕੰਮ-ਕਾਜ ਦੇ ਨਿਬੇੜੇ ਲਈ ਅਜਿਹੇ ਕੈਂਪ ਲਾਏ ਜਾਂਦੇ ਹਨ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਵੱਖ-ਵੱਖ ਸਿਆਸੀ ਆਗੂਆਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਬਰੈਂਪਟਨ ਦੇ ਹਿੰਦੂ ਸਭਾ ਮੰਦਰ ਵਿਚ ਹੋਈ ਹਿੰਸਾ ਦੇ ਸਬੰਧ ਵਿੱਚ ਗ੍ਰਿਫ਼ਤਾਰੀਆਂ ਦੀ ਘਾਟ ਦੇ ਬਾਵਜੂਦ, ਪੀਲ ਪੁਲੀਸ ਨੇ ਐਤਵਾਰ ਦੁਪਹਿਰ ਨੂੰ ਮੰਦਰ ਦੇ ਬਾਹਰ ਦਰਜਨਾਂ ਅਧਿਕਾਰੀਆਂ ਦੇ ਨਾਲ ਆਪਣੀ ਮੌਜੂਦਗੀ ਬਣਾਈ ਰੱਖੀ।
ਟਰੂਡੋ ਨੇ ਲਿਖਿਆ, ‘‘ਅੱਜ ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਵਿੱਚ ਹਿੰਸਾ ਦੀਆਂ ਕਾਰਵਾਈਆਂ ਅਸਵੀਕਾਰਨਯੋਗ ਹਨ। ਹਰ ਕੈਨੇਡੀਅਨ ਨੂੰ ਅਜ਼ਾਦੀ ਅਤੇ ਸੁਰੱਖਿਅਤ ਢੰਗ ਨਾਲ ਧਾਰਮਿਕ ਅਭਿਆਸ ਕਰਨ ਦਾ ਅਧਿਕਾਰ ਹੈ। ਭਾਈਚਾਰੇ ਦੀ ਸੁਰੱਖਿਆ ਲਈ ਤੇਜ਼ੀ ਨਾਲ ਕਾਰਵਾਈ ਕਰਨ ਅਤੇ ਇਸ ਘਟਨਾ ਦੀ ਜਾਂਚ ਕਰਨ ਲਈ ਪੀਲ ਰੀਜਨਲ ਪੁਲੀਸ ਦਾ ਧੰਨਵਾਦ।’’
ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਮੰਦਰ ’ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਹੱਦ ਨੂੰ ਪਾਰ ਕੀਤਾ ਗਿਆ ਹੈ।
ਉਨ੍ਹਾਂ ‘ਐਕਸ’ ’ਤੇ ਲਿਖਿਆ, "ਅੱਜ ਕੈਨੇਡੀਅਨ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਇੱਕ ਲਾਲ ਲਕੀਰ ਪਾਰ ਕਰ ਦਿੱਤੀ ਗਈ ਹੈ। ਬਰੈਂਪਟਨ ਵਿੱਚ ਹਿੰਦੂ ਸਭਾ ਮੰਦਰ ਦੇ ਅੰਦਰ ਹਿੰਦੂ-ਕੈਨੇਡੀਅਨ ਸ਼ਰਧਾਲੂਆਂ ’ਤੇ ਖਾਲਿਸਤਾਨੀਆਂ ਵੱਲੋਂ ਕੀਤਾ ਗਿਆ ਹਮਲਾ ਦਰਸਾਉਂਦਾ ਹੈ ਕਿ ਖਾਲਿਸਤਾਨੀ ਹਿੰਸਕ ਕੱਟੜਪੰਥੀ ਕਿੰਨੀ ਡੂੰਘੀ ਹੋ ਗਈ ਹੈ। ਕੈਨੇਡਾ ਵਿੱਚ ਮੈਂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਰਿਪੋਰਟਾਂ ਵਿੱਚ ਇੱਕ ਛੋਟਾ ਜਿਹਾ ਸੱਚ ਹੈ ਕਿ ਕੈਨੇਡੀਅਨ ਰਾਜਨੀਤਿਕ ਉਪਕਰਣਾਂ ਤੋਂ ਇਲਾਵਾ ਖਾਲਿਸਤਾਨੀਆਂ ਨੇ ਸਾਡੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਘੁਸਪੈਠ ਕੀਤੀ ਹੈ।’’
ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ 'ਪ੍ਰਗਟਾਵੇ ਦੀ ਆਜ਼ਾਦੀ' ਦੇ ਤਹਿਤ ਖਾਲਿਸਤਾਨੀ ਵੱਖਵਾਦੀਆ ਨੂੰ ਕੈਨੇਡਾ ਵਿੱਚ ਛੋਟ ਮਿਲ ਰਹੀ ਹੈ।
ਅਜਿਹੇ ਹਮਲਿਆਂ ’ਤੇ ਸਖ਼ਤ ਇਤਰਾਜ਼ ਕਰਦਿਆਂ ਟੋਰਾਂਟੋ ਦੇ ਐਮਪੀ ਕੇਵਿਨ ਵੁਆਂਗ ਨੇ ਕਿਹਾ, "ਕੈਨੇਡਾ ਕੱਟੜਪੰਥੀਆਂ ਲਈ ਇੱਕ ਸੁਰੱਖਿਅਤ ਟਿਕਾਣਾ ਬਣ ਗਿਆ ਹੈ ਅਤੇ ਦੇਸ਼ ਦੇ ਨੇਤਾ ਹਿੰਦੂਆਂ ਦੀ ਰੱਖਿਆ ਕਰਨ ਵਿੱਚ ਉਸੇ ਤਰ੍ਹਾਂ ਅਸਫਲ ਰਹੇ ਹਨ ਜਿਵੇਂ ਉਹ ਈਸਾਈਆਂ ਅਤੇ ਯਹੂਦੀ ਕੈਨੇਡੀਅਨਾਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹੇ ਹਨ।’’
ਹਮਲਿਆਂ ਤੋਂ ਬਾਅਦ ਕੈਨੇਡਾ ਵਿੱਚ ਹਿੰਦੂ ਭਾਈਚਾਰੇ ਲਈ ਕੰਮ ਕਰਨ ਵਾਲੀ ਇੱਕ ਸੰਸਥਾ ਹਿੰਦੂ ਕੈਨੇਡੀਅਨ ਫਾਊਂਡੇਸ਼ਨ ਨੇ ਮੰਦਰ ’ਤੇ ਹਮਲੇ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਪੋਸਟ ਵਿਚ ਕਿਹਾ ਗਿਆ ਹੈ ਕਿ ਬੱਚਿਆਂ, ਔਰਤਾਂ ਅਤੇ ਮਰਦਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਇਹ ਸਭ ਖਾਲਿਸਤਾਨੀਆਂ ਦੇ ਹਮਦਰਦ ਸਿਆਸਤਦਾਨਾਂ ਦੀ ਸ਼ਹਿ ਹੇਠ ਹੋ ਰਿਹਾ ਹੈ।
ਪਿਛਲੇ ਸਾਲ ਵਿੰਡਸਰ ਵਿੱਚ ਇੱਕ ਹਿੰਦੂ ਮੰਦਰ ’ਤੇ ਭਾਰਤ-ਵਿਰੋਧੀ ਨਾਅਰੇ ਲਿਖੇ ਗਏ ਸਨ। ਮਿਸੀਸਾਗਾ ਅਤੇ ਬਰੈਂਪਟਨ ਵਿੱਚ ਇਸ ਤੋਂ ਪਹਿਲਾਂ ਹੋਈਆਂ ਘਟਨਾਵਾਂ ਵਿੱਚ ਵੀ ਇਸੇ ਤਰ੍ਹਾਂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਨਾਲ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਵੱਲੋਂ ਸਖ਼ਤ ਪ੍ਰਤੀਕਿਰਿਆਵਾਂ ਆਈਆਂ ਸਨ।
ਇਸ ਦੌਰਾਨ ਖਾਲਿਸਤਾਨ ਪੱਖੀ ਕਾਰਕੁਨਾਂ ਨੇ ਦਾਅਵਾ ਕੀਤਾ ਕਿ ਕੁਝ ਬਦਮਾਸ਼ 1984 ਦੇ ਕਤਲੇਆਮ ਦੀ ਯਾਦ ਵਿੱਚ ਬਰੈਂਪਟਨ ਵਿੱਚ ਇਕੱਠੇ ਹੋਏ ਸਿੱਖਾਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਡਰਾ-ਧਮਕਾ ਰਹੇ ਸਨ। ਸੋਸ਼ਲ ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਬਦਮਾਸ਼ਾਂ ਨੇ ਨੇੜਲੇ ਹਿੰਦੂ ਸਭਾ ਮੰਦਰ ਵਿੱਚ ਪਨਾਹ ਲੈ ਲਈ, ਜਿਸ ਕਾਰਨ ਝੜਪ ਹੋ ਗਈ।
ਮੰਦਰ ਵਿਚ ਚੱਲ ਰਹੇ ਕੌਂਸਲਰ ਕੈਂਪ ਦਾ ਵਿਰੋਧ ਕਰ ਰਹੇ ਸਨ ਕੱਟੜਪੰਥੀ
ਖ਼ਬਰ ਏਜੰਸੀ ਆਈਏਐੱਨਐੱਸ ਮੁਤਾਬਕ ਜਿਸ ਸਮੇਂ ਝੜਪ ਹੋਈ, ਉਦੋਂ ਮੰਦਰ ਵਿਚ ਹਿੰਦੂ ਸਭਾ ਮੰਦਰ, ਬਰੈਂਪਟਨ ਦੇ ਸਹਿਯੋਗ ਨਾਲ ਇਕ ਕੌਂਸਲਰ ਕੈਂਪ ਚੱਲ ਰਿਹਾ ਸੀ, ਜਿਹੜਾ ਭਾਰਤੀ ਹਾਈ ਕਮਿਸ਼ਨ ਵੱਲੋਂ ਲਾਇਆ ਗਿਆ ਸੀ ਅਤੇ ਖ਼ਾਲਿਸਤਾਨੀ ਵੱਖਵਾਦੀਆਂ ਵੱਲੋਂ ਇਸ ਕੈਂਪ ਦਾ ਵਿਰੋਧ ਕੀਤਾ ਜਾ ਰਿਹਾ ਸੀ। ਗ਼ੌਰਤਲਬ ਹੈੈ ਕਿ ਕੈਨੇਡਾ ਵਿਚ ਖ਼ਾਸਕਰ ਨਿੱਝਰ ਕਤਲ ਕੇਸ ਨੂੰ ਲੈ ਕੇ ਸਿੱਖ ਵੱਖਵਾਦੀਆਂ ਵੱਲੋਂ ਭਾਰਤੀ ਹਾਈ ਕਮਿਸ਼ਨ ਦੀਆਂ ਸਰਗਰਮੀਆਂ ਦਾ ਅਕਸਰ ਵਿਰੋਧ ਕੀਤਾ ਜਾਂਦਾ ਹੈ।
ਓਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਵੀ ਬਰੈਂਪਟਨ ਵਿੱਚ ਕੌਂਸਲਰ ਕੈਂਪ ਦੇ ਬਾਹਰ ਭਾਰਤ ਵਿਰੋਧੀ ਅਨਸਰਾਂ ਵੱਲੋਂ ਪਾਏ ਗਏ ਹਿੰਸਕ ਵਿਘਨ ਦੀ ਨਿੰਦਾ ਕੀਤੀ ਹੈ। ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ, “ਸਥਾਨਕ ਸਹਿ-ਪ੍ਰਬੰਧਕਾਂ ਦੇ ਪੂਰਨ ਸਹਿਯੋਗ ਨਾਲ ਸਾਡੇ ਕੌਂਸਲਰਾਂ ਦੁਆਰਾ ਕੀਤੇ ਜਾ ਰਹੇ ਰੂਟੀਨ ਕੌਂਸਲਰ ਕੰਮ ਲਈ ਅਜਿਹੀਆਂ ਰੁਕਾਵਟਾਂ ਨੂੰ ਦੇਖਣਾ ਬਹੁਤ ਨਿਰਾਸ਼ਾਜਨਕ ਹੈ।’’
ਬਿਆਨ ਵਿਚ ਕਿਹਾ ਗਿਆ ਹੈ, “ਅਸੀਂ ਭਾਰਤੀ ਨਾਗਰਿਕਾਂ ਸਮੇਤ ਬਿਨੈਕਾਰਾਂ ਦੀ ਸੁਰੱਖਿਆ ਲਈ ਵੀ ਬਹੁਤ ਚਿੰਤਤ ਹਾਂ, ਜਿਨ੍ਹਾਂ ਦੀ ਮੰਗ 'ਤੇ ਅਜਿਹੇ ਸਮਾਗਮ/ਕੈਂਪ ਲਾਏ ਜਾਂਦੇ ਹਨ। ਭਾਰਤ ਵਿਰੋਧੀ ਅਨਸਰਾਂ ਦੇ ਅਜਿਹੇ ਯਤਨਾਂ ਦੇ ਬਾਵਜੂਦ, ਸਾਡਾ ਵਣਜ ਦੂਤਾਵਾਸ ਭਾਰਤੀ ਅਤੇ ਕੈਨੇਡੀਅਨ ਬਿਨੈਕਾਰਾਂ ਨੂੰ 1,000 ਤੋਂ ਵੱਧ ਜੀਵਨ ਸਰਟੀਫਿਕੇਟ ਜਾਰੀ ਕਰ ਸਕਿਆ...।" ਬਿਆਨ ਵਿੱਚ ਹੋਰ ਕਿਹਾ ਗਿਆ ਹੈ ਕਿ ਵੈਨਕੂਵਰ ਅਤੇ ਸਰੀ ਵਿੱਚ 2 ਅਤੇ 3 ਨਵੰਬਰ ਨੂੰ ਲਗਾਏ ਗਏ ਅਜਿਹੇ ਕੈਂਪਾਂ ਵਿੱਚ ਵੀ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਦੁਆਰਾ ਪਾਸ ਕੀਤੇ ਗਏ ਆਦੇਸ਼ ਦੇ ਬਾਅਦ ਵੈਨਕੂਵਰ ਦੇ ਸਭ ਤੋਂ ਵੱਡੇ ਗੁਰਦੁਆਰਿਆਂ ਵਿੱਚੋਂ ਇੱਕ ਦੇ ਆਲੇ ਦੁਆਲੇ ਇੱਕ 60 ਮੀਟਰ ਦਾ ਬਫਰ ਜ਼ੋਨ ਬਣਾਇਆ ਗਿਆ ਸੀ ਕਿਉਂਕਿ ਸਿੱਖ ਕੱਟੜਪੰਥੀ ਸਮੂਹਾਂ ਨੇ ਕੌਂਸਲਰ ਕੈਂਪ ਦੌਰਾਨ ਹੰਗਾਮਾ ਕਰਨ ਦੀ ਯੋਜਨਾ ਬਣਾਈ ਸੀ। ਸਥਾਨਕ ਮੀਡੀਆ ਨੇ ਦੱਸਿਆ ਕਿ ਰੌਸ ਸਟਰੀਟ ਗੁਰਦੁਆਰੇ (Ross Street Gurdwara) ਦੇ ਪ੍ਰਬੰਧਕਾਂ ਨੇ ਕੈਨੇਡਾ ਅਤੇ ਭਾਰਤ ਦਰਮਿਆਨ ਵਧ ਰਹੇ ਤਣਾਅ ਦੇ ਵਿਚਕਾਰ 2 ਨਵੰਬਰ ਨੂੰ ਤੈਅਸ਼ੁਦਾ ਕੌਂਸਲਰ ਕੈਂਪਾਂ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਦਖ਼ਲ ਮੰਗਿਆ ਸੀ। ਗੁਰਦੁਆਰੇ ਦਾ ਸੰਚਾਲਨ ਕਰਨ ਵਾਲੀ ਖਾਲਸਾ ਦੀਵਾਨ ਸੋਸਾਈਟੀ ਨੇ ਅਦਾਲਤੀ ਦਸਤਾਵੇਜ਼ਾਂ ਵਿੱਚ ਕਿਹਾ ਕਿ ਉਸ ਨੂੰ ਦੋਵੇਂ ਕੌਂਸਲਰ ਕੈਂਪਾਂ ਵਿੱਚ "ਤਿੱਖੇ ਵਿਰੋਧ" ਦਾ ਖ਼ਦਸ਼ਾ ਹੈ।
ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ ਜ਼ਿਕਰ ਕੀਤਾ ਗਿਆ ਹੈ ਅਜਿਹਾ ਕੈਂਪ ਹਰ ਸਾਲ ਕਰਵਾਏ ਜਾਂਦੇ ਹਨ ਅਤੇ ਇਹ "ਭਾਰਤੀ ਮੂਲ ਦੇ ਬਜ਼ੁਰਗਾਂ ਨੂੰ ਭਾਰਤ ਸਰਕਾਰ ਨਾਲ ਸਬੰਧਤ ਪ੍ਰਸ਼ਾਸਨਿਕ ਕੰਮ ਪੂਰਾ ਕਰਨ ਵਿੱਚ ਮਦਦ ਕਰਦੇ ਹਨ, ਖ਼ਾਸ ਤੌਰ 'ਤੇ ਉਨ੍ਹਾਂ ਦੀਆਂ ਪੈਨਸ਼ਨਾਂ ਆਦਿ ਦੇ ਸਬੰਧ ਵਿੱਚ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਭਾਰਤੀ ਕੌਂਸਲਖ਼ਾਨੇ ਵਿੱਚ ਨਿਜੀ ਤੌਰ 'ਤੇ ਹਾਜ਼ਰ ਹੋਣ ਦੀ ਲੋੜ ਨਹੀਂ ਪੈਂਦੀ।"
ਇਸ ਦੌਰਾਨ, ਬਰੈਂਪਟਨ ਵਿੱਚ ਹਿੰਦੂ ਸਭਾ ਮੰਦਿਰ ਨੇੜੇ ਲਾਏ ਗਏ ਅਜਿਹੇ ਹੀ ਕੌਂਸਲਰ ਕੈਂਪ ਖ਼ਿਲਾਫ਼ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਕੀਤਾ ਗਿਆ ਪ੍ਰਦਰਸ਼ਨ ਐਤਵਾਰ ਨੂੰ ਹਿੰਸਕ ਰੂਪ ਧਾਰ ਗਿਆ, ਜਿਸ ਵਿੱਚ ਕਥਿਤ ਤੌਰ 'ਤੇ ਮੰਦਰ ਦੇ ਸ਼ਰਧਾਲੂਆਂ ਅਤੇ ਉਥੇ ਆਪਣੇ ਕੰਮ ਕਰਵਾਉਣ ਲਈ ਆਏ ਹੋਏ ਲੋਕਾਂ 'ਤੇ ਹਮਲਾ ਕੀਤਾ ਗਿਆ।