ਕੈਨੇਡਾ: ਪਿਉ-ਪੁੱਤਰ ਦੇ ਸ਼ੱਕੀ ਕਾਤਲਾਂ ਦਾ ਵੀਡੀਓ ਜਾਰੀ
ਓਟਵਾ: ਕੈਨੇਡਾ ਪੁਲੀਸ ਨੇ ਭਾਰਤੀ ਮੂਲ ਦੇ ਗੈਂਗਸਟਰ ਹਰਪ੍ਰੀਤ ਸਿੰਘ ਉੱਪਲ ਅਤੇ ਉਸ ਦੇ 11 ਸਾਲ ਦੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਸ਼ੱਕੀਆਂ ਦੇ ਵੀਡੀਓ ਜਾਰੀ ਕੀਤੇ ਹਨ। ਕੈਨੇਡਾ ਆਧਾਰਿਤ ਸੀਟੀਵੀ ਨਿਊਜ਼ ਮੁਤਾਬਕ ਪੁਲੀਸ ਨੇ ਉੱਪਲ ਨੂੰ ਨਸ਼ਾ ਤਸਕਰੀ ਅਤੇ ਹੋਰ ਅਪਰਾਧਿਕ ਮਾਮਲਿਆਂ ’ਚ ਸ਼ਮੂਲੀਅਤ ਦਾ ਦੋਸ਼ੀ ਦੱਸਿਆ ਹੈ। ਵੈਨਕੂਵਰ ਸੰਨ ਮੁਤਾਬਕ ਉੱਪਲ ਬ੍ਰਦਰਜ਼ ਕੀਪਰ ਗਰੋਹ ਨਾਲ ਜੁੜਿਆ ਹੋਇਆ ਸੀ। ਐਡਮੰਟਨ ਪੁਲੀਸ ਨੇ ਐਤਵਾਰ ਨੂੰ ਇਕ ਵਾਹਨ ਅਤੇ ਦੋ ਸ਼ੱਕੀਆਂ ਦਾ ਫੁਟੇਜ ਤੇ ਤਸਵੀਰ ਜਾਰੀ ਕਰਦਿਆਂ ਆਸ ਜਤਾਈ ਕਿ ਇਸ ਨਾਲ 9 ਨਵੰਬਰ ਨੂੰ ਹੋਈ ਗੋਲੀਬਾਰੀ ਦੇ ਸਬੰਧ ’ਚ ਨਵੀਂ ਜਾਣਕਾਰੀ ਮਿਲ ਸਕਦੀ ਹੈ। ਐਡਮੰਟਨ ਪੁਲੀਸ ਸਰਵਿਸ ਦੇ ਸਟਾਫ਼ ਸਾਰਜੈਂਟ ਰੋਬ ਬਿਲਾਵੇਯ ਨੇ ਕਿਹਾ ਕਿ ਕਾਤਲਾਂ ਦੀ ਜਾਣਕਾਰੀ ਹਾਸਲ ਕਰਨ ਲਈ ਫੁਟੇਜ ਜਾਰੀ ਕੀਤੀ ਗਈ ਹੈ ਅਤੇ ਜੇਕਰ ਕੋਈ ਵੀ ਉਨ੍ਹਾਂ ਬਾਰੇ ਕੁਝ ਜਾਣਦਾ ਹੈ ਤਾਂ ਉਹ ਪੁਲੀਸ ਦੀ ਸਹਾਇਤਾ ਕਰ ਸਕਦਾ ਹੈ। ਇਹ ਹੱਤਿਆ ਉਸ ਸਮੇਂ ਹੋਈ ਹੈ ਜਦੋਂ ਭਾਰਤ ਅਤੇ ਕੈਨੇਡਾ ਵਿਚਕਾਰ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਕੂਟਨੀਤਕ ਵਿਵਾਦ ਚੱਲ ਰਿਹਾ ਹੈ।
ਵੀਡੀਓ ’ਚ ਸ਼ੱਕੀ ਹਮਲਾਵਰ ਕਾਲੇ ਰੰਗ ਦੀ ਬੀਐੱਮਡਬਲਿਊ ਕਾਰ ’ਚੋਂ ਉਤਰਦੇ ਦਿਖਾਈ ਦੇ ਰਹੇ ਹਨ। ਪੁਲੀਸ ਮੁਤਾਬਕ ਵਿਅਕਤੀ ਉੱਪਲ ਦੀ ਸਫ਼ੈਦ ਰੰਗ ਦੀ ਐੱਸਯੂਵੀ ਵੱਲ ਭੱਜੇ ਅਤੇ ਗੋਲੀਆਂ ਚਲਾ ਕੇ ਮੌਕੇ ਤੋਂ ਭੱਜ ਗਏ। ਉੱਪਲ ਅਤੇ ਉਸ ਦੇ ਪੁੱਤਰ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਕਾਰ ’ਚ ਇਕ ਹੋਰ ਬੱਚਾ ਵੀ ਮੌਜੂਦ ਸੀ ਪਰ ਉਹ ਮੌਕੇ ਤੋੋਂ ਬਚ ਕੇ ਨਿਕਲਣ ’ਚ ਕਾਮਯਾਬ ਰਿਹਾ। -ਏਐੱਨਆਈ