For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਵਿਰੋਧੀ ਧਿਰ ਦੇ ਆਗੂ ਵਲੋਂ ਸੰਸਦ ’ਚ ਪ੍ਰਧਾਨ ਮੰਤਰੀ ਨੂੰ ‘ਪਾਗਲ’ ਕਹਿਣ ’ਤੇ ਹੰਗਾਮਾ

07:42 PM May 01, 2024 IST
ਕੈਨੇਡਾ  ਵਿਰੋਧੀ ਧਿਰ ਦੇ ਆਗੂ ਵਲੋਂ ਸੰਸਦ ’ਚ ਪ੍ਰਧਾਨ ਮੰਤਰੀ ਨੂੰ ‘ਪਾਗਲ’ ਕਹਿਣ ’ਤੇ ਹੰਗਾਮਾ
Advertisement

ਗੁਰਮਲਕੀਅਤ ਸਿੰਘ ਕਾਹਲੋਂ

Advertisement

ਵੈਨਕੂਵਰ, 1 ਮਈ

ਕੈਨੇਡੀਅਨ ਹਾਊਸ ਆਫ ਕਾਮਨ (ਪਾਰਲੀਮੈਂਟ) ਵਿਚ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਵਰ ਵਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਅਸੱਭਿਅਕ ਸ਼ਬਦ (ਪਾਗਲ) ਕਹਿਣ ਅਤੇ ਉਸ ਲਈ ਮੁਆਫੀ ਮੰਗਣ ਦੀ ਥਾਂ ਸ਼ਬਦ ਬਦਲਕੇ ਅਤਿਵਾਦੀ ਕਹਿਣ ’ਤੇ ਸਪੀਕਰ ਗਰੈਗਰ ਫਰਗਸ ਨੇ ਉਸ ਨੂੰ ਹਾਊਸ ’ਚੋਂ ਬਾਹਰ ਕੱਢ ਦਿੱਤਾ। ਪ੍ਰਸ਼ਨ ਉੱਤਰ ਕਾਲ ਸਮੇਂ ਜਦ ਕਿਸੇ ਮਾਮਲੇ ’ਤੇ ਭਖਵੀਂ ਬਹਿਸ ਹੋ ਰਹੀ ਸੀ ਤਾਂ ਵਿਰੋਧੀ ਆਗੂ ਨੇ ਤਲਖ ਹੁੰਦੇ ਹੋਏ ਪ੍ਰਧਾਨ ਮੰਤਰੀ ਲਈ ਇਹ ਸ਼ਬਦ ਵਰਤਿਆ। ਸਪੀਕਰ ਨੇ ਇਸ ਦਾ ਨੋਟਿਸ ਲੈਂਦਿਆਂ ਸ਼ਬਦ ਵਾਪਸ ਲੈਣ ਅਤੇ ਗਲਤੀ ਦੀ ਮੁਆਫੀ ਮੰਗਣ ਲਈ ਕਿਹਾ ਤਾਂ ਪੀਅਰ ਪੋਲਿਵਰ ਨੇ ਅੰਗਰੇਜ਼ੀ ਸ਼ਬਦ ਵੈਕੋ ਦਾ ਸਰੂਪ ਬਦਲ ਕੇ ਐਕਸਟਰੀਮਿਸਟ (ਅਤਿਵਾਦੀ) ਬੋਲ ਦਿੱਤਾ ਜਿਸ ’ਤੇ ਹਾਊਸ ਵਿਚ ਹੋਰ ਸ਼ੋਰ ਸ਼ਰਾਬਾ ਹੋ ਗਿਆ ਤੇ ਸਪੀਕਰ ਨੇ ਸਖਤੀ ਵਰਤਦਿਆਂ ਉਸ ਨੂੰ ਬਾਹਰ ਜਾਣ ਲਈ ਕਿਹਾ। ਆਗੂ ਦੇ ਬਾਹਰ ਜਾਂਦਿਆਂ ਹੀ ਵਿਰੋਧੀ ਪਾਰਟੀ ਦੇ ਸਾਰੇ ਮੈਂਬਰ ਵਾਕਆਊਟ ਕਰਦੇ ਹੋਏ ਹਾਊਸ ’ਚੋਂ ਬਾਹਰ ਚਲੇ ਗਏ।

ਲਿਬਰਲ ਮੈਂਬਰਾਂ ਨੇ ਵਿਰੋਧੀ ਆਗੂ ਉੱਤੇ ਗੈਰ-ਵਿਧਾਨਕ ਤੇ ਗੈਰ-ਵਿਹਾਰਕ ਸ਼ਬਦਾਂ ਨਾਲ ਹਾਊਸ ਦੀ ਮਾਣ ਮਰਿਆਦਾ ਭੰਗ ਕਰਨ ਨੂੰ ਮੰਦਭਾਗਾ ਕਿਹਾ। ਬਾਅਦ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਦੁਨੀਆ ਦੀਆਂ ਸੱਜੇ ਪੱਖੀ ਤਾਕਤਾਂ ਦਾ ਮੋਹਰਾ ਬਣ ਕੇ ਕੈਨੇਡਾ ਦੀਆਂ ਸਭਿਅਕ ਪ੍ਰੰਪਰਾਵਾਂ ਨਾਲ ਖਿਲਵਾੜ ਕਰਨ ਅਤੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਵੇਖਣ ਵਾਲੇ ਵਿਅਕਤੀ ਤੋਂ ਲੋਕ ਕੀ ਆਸ ਰੱਖਣਗੇ। ਉਨ੍ਹਾਂ ਕਿਹਾ ਕਿ ਵਿਰੋਧੀ ਆਗੂ ਪ੍ਰਧਾਨ ਮੰਤਰੀ ਬਣਨ ਦੀ ਕਾਹਲ ਵਿਚ ਲੋਕਤਾਂਤਰਿਕ ਮਾਣ-ਮਰਿਆਦਾ ਨੂੰ ਤਾਕ ’ਤੇ ਰੱਖ ਕੇ ਸਰਕਾਰ ਵਿਰੁੱਧ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਰਹੇ ਹਨ, ਪਰ ਅੱਜ ਵਿਰੋਧੀ ਧਿਰ ਦੇ ਆਗੂ ਵਲੋਂ ਵਰਤੇ ਗਏ ਸ਼ਬਦਾਂ ਨੇ ਉਸ ਦੀ ਸੋਚ ਨੂੰ ਸਾਹਮਣੇ ਲਿਆਂਦਾ ਹੈ ਤੇ ਇਸ ਨਾਲ ਦੇਸ਼ ਦੇ ਹਰੇਕ ਨਾਗਰਿਕ ਸ਼ਰਮਸਾਰ ਹੋਇਆ ਹੈ।

Advertisement
Author Image

amartribune@gmail.com

View all posts

Advertisement
Advertisement
×