For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਖਾਲਿਸਤਾਨੀ ਪਰੇਡ ਵਿਚ ਭਾਰਤੀ ਆਗੂਆਂ ’ਤੇ ਮੁੜ ਨਿਸ਼ਾਨਾ

06:09 AM May 07, 2024 IST
ਕੈਨੇਡਾ  ਖਾਲਿਸਤਾਨੀ ਪਰੇਡ ਵਿਚ ਭਾਰਤੀ ਆਗੂਆਂ ’ਤੇ ਮੁੜ ਨਿਸ਼ਾਨਾ
Advertisement

ਸੰਦੀਪ ਦੀਕਸ਼ਿਤ
ਨਵੀਂ ਦਿੱਲੀ, 6 ਮਈ
ਖਾਲਿਸਤਾਨ ਪੱਖੀ ਅਨਸਰਾਂ ਨੇ ਐਤਵਾਰ ਨੂੰ ਟੋਰਾਂਟੋ ਵਿਚ ਕੀਤੀ ਰੈਲੀ ਦੌਰਾਨ ਮੁੜ ਭਾਰਤ ਦੀ ਲੀਡਰਸ਼ਿਪ ਨੂੰ ਭੰਡਿਆ ਤੇ ਭੜਕਾਊ ਤਕਰੀਰਾਂ ਕੀਤੀਆਂ। ਇਸ ਤੋਂ ਪਹਿਲਾਂ ਪਿਛਲੇ ਐਤਵਾਰ ਵੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੌਜੂਦਗੀ ਵਿਚ ਹਜੂਮ ਨੇ ਖਾਲਿਸਤਾਨ ਪੱਖੀ ਨਾਅਰੇ ਲਾਏ ਸਨ। ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਕੱਢੀ ਸਾਲਾਨਾ ਨਗਰ ਕੀਰਤਨ ਪਰੇਡ, ਜਿਸ ਦਾ ਰੂਟ 6 ਕਿਲੋਮੀਟਰ ਲੰਮਾ ਸੀ, ਦੇ ਰਾਹ ਵਿਚ ਵੱਖਵਾਦੀਆਂ ਨੇ ਭਾਰਤ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਇਕ ਝਾਕੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਖਾਂ ਪਿੱਛੇ ਡੱਕਿਆ ਦਿਖਾਇਆ ਗਿਆ ਹੈ। ਇਕ ਹੋਰ ਝਾਕੀ ਵਿਚ ਖਾਲਿਸਤਾਨ ਦਾ ਨਕਸ਼ਾ ਨਜ਼ਰ ਆਇਆ, ਜੋ ਖਾਲਿਸਤਾਨ ਦੇ ਮੁੱਦੇ ’ਤੇ ਹੋਣ ਵਾਲੀ ਆਗਾਮੀ ਰਾਇਸ਼ੁਮਾਰੀ ਵਿਚ ਵਡੇਰੀ ਸ਼ਮੂਲੀਅਤ ਦਾ ਸੱਦਾ ਦਿੰਦੀ ਸੀ।
ਰਿਪੋਰਟਾਂ ਮੁਤਾਬਕ ਦਲ ਖਾਲਸਾ ਦੇ ਪਰਮਜੀਤ ਸਿੰਘ ਮੰਡ ਤੇ ਅਵਤਾਰ ਸਿੰਘ ਪੰਨੂ ਨੇ ਇਸ ਦੌਰਾਨ ਭੜਕਾਊ ਤਕਰੀਰਾਂ ਕੀਤੀਆਂ। ਭਾਰਤੀ ਸੁਰੱਖਿਆ ਏਜੰਸੀਆਂ ਨੇ ਇਨ੍ਹਾਂ ਦੋਵਾਂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਹੈ। ਅਜਿਹੇ ਸਮਾਗਮਾਂ/ਰੈਲੀਆਂ ਵਿਚ ਅਕਸਰ ਸ਼ਮੂਲੀਅਤ ਕਰਨ ਵਾਲਾ ਸਿੱਖਜ਼ ਫ਼ਾਰ ਜਸਟਿਸ (ਐੱਸਐੱਫਜੇ) ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਇਸ ਮੌਕੇ ਨਜ਼ਰ ਨਹੀਂ ਆਇਆ। ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਪਿਛਲੇ ਸਾਲ ਜੂਨ ਵਿਚ ਸਰੀ ਦੇ ਇਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕੀਤੀ ਹੱਤਿਆ ਤੇ ਭਾਰਤੀ ਏਜੰਸੀਆਂ ਵੱਲੋਂ ਪੰਨੂ ਦੇ ਕਤਲ ਦੀ ਸਾਜ਼ਿਸ਼, ਜਿਸ ਨੂੰ ਅਮਰੀਕੀ ਏਜੰਸੀਆਂ ਨੇ ਨਾਕਾਮ ਕਰਨ ਦਾ ਦਾਅਵਾ ਕੀਤਾ ਸੀ, ਮਗਰੋਂ ਪੰਨੂ ਵੱਲੋਂ ਅਜਿਹੇ ਕਿਸੇ ਸਮਾਗਮ ਵਿਚ ਹਾਜ਼ਰੀ ਭਰਨ ਤੋਂ ਕੰਨੀ ਵੱਟੀ ਜਾ ਰਹੀ ਹੈ। ਪਿਛਲੇ ਐਤਵਾਰ ਨੂੰ ਟਰੂਡੋ ਦੀ ਹਾਜ਼ਰੀ ਵਿਚ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਮਗਰੋਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਰੋਸ ਜਤਾਇਆ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਸਮਾਗਮ ਤੋਂ ਇਕ ਗੱਲ ਤਾਂ ਸਾਫ਼ ਹੋ ਗਈ ਕਿ ‘‘ਕੈਨੇਡਾ ਵਿਚ ਵੱਖਵਾਦ, ਕੱਟੜਵਾਦ ਤੇ ਹਿੰਸਾ ਨੂੰ ਸਿਆਸੀ ਥਾਂ ਦਿੱਤੀ ਗਈ ਹੈ।’’
ਟੋਰਾਂਟੋ ਵਿਚ ਇਹ ਸਾਲਾਨਾ ਨਗਰ ਕੀਰਤਨ ਪਰੇਡ ਅਜਿਹੇ ਮੌਕੇ ਕੱਢੀ ਗਈ ਹੈ ਜਦੋਂ ਅਜੇ ਤਿੰਨ ਦਿਨ ਪਹਿਲਾਂ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਨੇ ਨਿੱਝਰ ਦੀ ਹੱਤਿਆ ਨਾਲ ਜੁੜੇ ਕੇਸ ਵਿਚ ਤਿੰਨ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸਟੱਡੀ ਵੀਜ਼ੇ ’ਤੇ ਕੈਨੇਡਾ ਆਏ ਸਨ। ਕੈਨੇਡੀਅਨ ਮੀਡੀਆ ਵਿਚ ਛਪੀਆਂ ਰਿਪੋਰਟਾਂ ਮੁਤਾਬਕ ਗ੍ਰਿਫ਼ਤਾਰ ਕੀਤੇ ਤਿੰਨੇ ਨੌਜਵਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਨਾਲ ਸਬੰਧਤ ਹਨ। ਬਿਸ਼ਨੋਈ ਇਸ ਵੇਲੇ ਦਿੱਲੀ ਦੀ ਤਿਹਾੜ ਜੇੇਲ੍ਹ ਵਿਚ ਬੰਦ ਹੈ। ਉਧਰ ਸਾਲਾਨਾ ਨਗਰ ਕੀਰਤਨ ਪਰੇਡ ਵਿਚ ਸ਼ਾਮਲ ਓਂਟਾਰੀਓ ਦੇ ਪ੍ਰੀਮੀਅਰ ਡੌਗ ਫੋਰਡ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਇਸ ਸਾਲ ਦੇ ਵਿਸਾਖੀ ਦੇ ਜਸ਼ਨਾਂ ਤੇ ਖਾਲਸਾ ਡੇਅ ਪਰੇਡ ਲਈ ਈਟੋਬੀਕੋ ਵਿਚ ਸਿੱਖ ਰੂਹਾਨੀ ਕੇਂਦਰ ਵਿਚ ਕਈ ਦੋਸਤਾਂ ਨੂੰ ਮਿਲ ਕੇ ਖ਼ੁਸ਼ੀ ਹੋਈ। ਮੈਂ ਤੁਹਾਨੂੰ ਖਾਲਸੇ ਦਾ ਜਨਮ ਦਿਹਾੜਾ ਮਨਾਉਣ ਲਈ ਵਧਾਈ ਦਿੰਦਾ ਹਾਂ।’’ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਦੋਸ਼ ਲਾਇਆ ਹੈ ਕਿ ਓਟਵਾ ‘ਬੋਲਣ ਦੀ ਆਜ਼ਾਦੀ ਦੇ ਨਾਮ ’ਤੇ ਵੱਖਵਾਦ ਨੂੰ ਕਾਨੂੰਨੀ ਤੌਰ ’ਤੇ ਜਾਇਜ਼ ਠਹਿਰਾ ਰਿਹਾ ਹੈ’।

Advertisement

Advertisement
Author Image

joginder kumar

View all posts

Advertisement
Advertisement
×