ਕੈਨੇਡਾ ਵੱਲੋਂ ਪਰਿਵਾਰ ਮਿਲਨ ਪ੍ਰੋਗਰਾਮ ’ਤੇ ਰੋਕ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 5 ਜਨਵਰੀ
ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਇਸ ਸਾਲ ਪਰਿਵਾਰ ਮਿਲਨ ਪ੍ਰੋਗਰਾਮ ਤਹਿਤ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ, ਪਰ ਸੁਪਰ ਵੀਜ਼ਾ ਪ੍ਰੋਗਰਾਮ ਜਾਰੀ ਰਹੇਗਾ। ਵਿਭਾਗ ਅਨੁਸਾਰ ਇਸ ਸਕੀਮ ਤਹਿਤ ਪਿਛਲੇ ਸਾਲਾਂ ਤੋਂ ਉਡੀਕ ਸੂਚੀ ਵਿੱਚ ਪਈਆਂ 15 ਹਜ਼ਾਰ ਅਰਜ਼ੀਆਂ ਦਾ ਨਿਬੇੜਾ ਇਸ ਸਾਲ ਦੇ ਅੰਤ ਤੱਕ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੱਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਨੇ ਸਥਾਈ ਤੌਰ ’ਤੇ ਰਹਿੰਦੇ ਵਿਦੇਸ਼ੀ ਮੂਲ ਦੇ ਲੋਕਾਂ ਨੂੰ ਸਹੂਲਤ ਦਿੱਤੀ ਹੋਈ ਸੀ ਕਿ ਉਹ ਪਰਿਵਾਰ ਮਿਲਨ ਪ੍ਰੋਗਰਾਮ ਤਹਿਤ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਤੇ ਨਾਨਾ-ਨਾਨੀ ਨੂੰ ਪੱਕੇ ਤੌਰ ’ਤੇ ਕੈਨੇਡਾ ਸੱਦ ਸਕਦੇ ਹਨ। ਕਈ ਸਾਲਾਂ ਤੱਕ ਬੇਹਿਸਾਬੇ ਚੱਲਦੇ ਰਹੇ ਪ੍ਰੋਗਰਾਮ ’ਚ ਥੋੜ੍ਹਾ ਬਦਲਾਅ ਕਰ ਕੇ 2016 ’ਚ ਸਾਲਾਨਾ ਕੋਟਾ 5,000 ਅਰਜ਼ੀਆਂ ਤੈਅ ਕੀਤਾ ਗਿਆ। ਸਾਲ ਦੇ ਸ਼ੁਰੂ ਵਿੱਚ ਆਈਆਂ ਕੁੱਲ ਅਰਜ਼ੀਆਂ ’ਚੋਂ 5,000 ਦੀ ਚੋਣ ਕਰਕੇ ਅਰਜ਼ੀ ਭਰਨ ਦਾ ਸੱਦਾ ਦਿੱਤਾ ਜਾਂਦਾ ਰਿਹਾ ਹੈ। ਤਿੰਨ ਕੁ ਸਾਲਾਂ ਤੋਂ ਅਰਜ਼ੀਆਂ ਤਾਂ ਲਈਆਂ ਜਾਂਦੀਆਂ ਰਹੀਆਂ, ਪਰ ਉਨ੍ਹਾਂ ’ਤੇ ਅੱਗਿਓਂ ਕੋਈ ਕਾਰਵਾਈ ਨਹੀਂ ਸੀ ਕੀਤੀ ਜਾ ਰਹੀ, ਜਿਸ ਕਾਰਨ 2020 ’ਚ ਅਰਜ਼ੀ ਭਰਨ ਵਾਲੇ ਲੋਕ ਵੀ ਹਾਲੇ ਉਡੀਕ ’ਚ ਬੈਠੇ ਹਨ। ਵਿਭਾਗ ਨੇ ਕਿਹਾ ਕਿ ਇਸ ਸਾਲ ਪਹਿਲਾਂ ਅਰਜ਼ੀ ਦੇਣ ਵਾਲਿਆਂ ’ਚੋਂ ਘੱਟੋ-ਘੱਟ 15 ਹਜ਼ਾਰ ਅਰਜ਼ੀਆਂ ਦਾ ਨਿਬੇੜਾ ਕੀਤਾ ਜਾਵੇਗਾ।