For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਦਾ ਵਿਦਿਆਰਥੀ ਵੀਜ਼ਾ

06:23 AM Oct 31, 2023 IST
ਕੈਨੇਡਾ ਦਾ ਵਿਦਿਆਰਥੀ ਵੀਜ਼ਾ
Advertisement

ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਦੇ ਦਾਖ਼ਲੇ ਦੀ ਪ੍ਰਕਿਰਿਆ ਵਿਚ ਸੁਧਾਰ ਕਰ ਕੇ ਦਾਖ਼ਲੇ ਦੇ ਮਾਮਲੇ ਵਿਚ ਹੋਣ ਵਾਲੀਆਂ ਧੋਖਾਧੜੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਸਾਲ ਭਾਰਤ ਖ਼ਾਸਕਰ ਪੰਜਾਬ ਨਾਲ ਸਬੰਧਤਿ ਵੱਡੀ ਗਿਣਤੀ ਵਿਦਿਆਰਥੀਆਂ ਲਈ ਉਦੋਂ ਕੈਨੇਡਾ ਤੋਂ ਪਰਤਾਏ (ਡਿਪੋਰਟ ਕੀਤੇ) ਜਾਣ ਦਾ ਖ਼ਤਰਾ ਪੈਦਾ ਹੋ ਗਿਆ ਸੀ ਜਦੋਂ ਉਨ੍ਹਾਂ ਦੇ ਕਾਲਜ ਦਾਖ਼ਲਾ ਪੱਤਰ ਜਾਅਲੀ ਪਾਏ ਗਏ। ਇਨ੍ਹਾਂ ਵਿਚੋਂ ਬਹੁਤੇ ਵਿਦਿਆਰਥੀ ਜਲੰਧਰ ਆਧਾਰਤਿ ਇਕ ਕੌਂਸਲਿੰਗ ਫਰਮ ਦੇ ਇਕ ਏਜੰਟ ਨੇ ਭੇਜੇ ਸਨ। ਹੁਣ ਆਗਾਮੀ ਦਸੰਬਰ ਤੋਂ ਵਿਦਿਆਰਥੀਆਂ ਵਾਸਤੇ ਪੜ੍ਹਾਈ ਦਾ ਪਰਮਿਟ (study permit) ਜਾਰੀ ਕਰਨ ਲਈ ਸੋਧੀ ਹੋਈ ਪ੍ਰਣਾਲੀ ਲਾਗੂ ਕੀਤੀ ਜਾਵੇਗੀ ਜਿਸ ਤਹਤਿ ਕੈਨੇਡਾ ਦਾ ਪਰਵਾਸ (ਇਮੀਗਰੇਸ਼ਨ) ਵਿਭਾਗ ਦਾਖ਼ਲਾ ਪੱਤਰਾਂ ਦੀ ਤਸਦੀਕ ਖ਼ੁਦ ਕਰੇਗਾ ਤਾਂ ਕਿ ਸੰਭਾਵੀ ਵਿਦਿਆਰਥੀਆਂ ਨੂੰ ਮਨਜ਼ੂਰੀ ਪੱਤਰਾਂ (letter of acceptance) ਸਬੰਧੀ ਕਿਸੇ ਵੀ ਧੋਖਾਧੜੀ ਤੋਂ ਬਚਾਇਆ ਜਾ ਸਕੇ। ਭਾਰਤ ਵਿਚ ਵੀ ਟਰੈਵਲ ਏਜੰਟਾਂ ਅਤੇ ਸਲਾਹਕਾਰ ਫਰਮਾਂ ਦੁਆਰਾ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਣੀ ਚਾਹੀਦੀ ਹੈ।
ਕੈਨੇਡਾ ਦੇ ਅਰਥਚਾਰੇ ਨੂੰ ਕੌਮਾਂਤਰੀ ਸਿੱਖਿਆ ਤੋਂ ਸਾਲਾਨਾ 22 ਅਰਬ ਡਾਲਰ ਪ੍ਰਾਪਤ ਹੁੰਦੇ ਹਨ। ਇਸ ਨਵੇਂ ਢਾਂਚੇ ਦਾ ਮੰਤਵ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਉੱਚੇ ਮਿਆਰ ਕਾਇਮ ਕਰਨ ਲਈ ਉਤਸ਼ਾਹਤਿ ਕਰਨਾ ਹੈ। ਮਿਆਰਾਂ ’ਤੇ ਪੂਰਾ ਉਤਰਨ ਵਾਲੇ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਹੀ ਵੀਜ਼ਾ ਦੇਣ ਵਿਚ ਤਰਜੀਹ ਦਿੱਤੀ ਜਾਵੇਗੀ। ਇਸ ਤਰ੍ਹਾਂ ਦੇ ਕਦਮ ਇਸ ਆਲੋਚਨਾ ਕਾਰਨ ਵੀ ਪੁੱਟੇ ਗਏ ਹਨ ਕਿ ਸਿੱਖਿਆ ਸੈਕਟਰ ਬਹੁਤ ਵੱਡੇ ਪੱਧਰ ’ਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਲਿਆ ਰਿਹਾ ਹੈ ਜਿਸ ਕਾਰਨ ਰਿਹਾਇਸ਼ ਅਤੇ ਕਿਰਤ ਬਾਜ਼ਾਰ ਉੱਤੇ ਦਬਾਅ ਪੈਦਾ ਹੋ ਗਿਆ ਹੈ। ਕੈਨੇਡਾ ਸਰਕਾਰ ਪੋਸਟ-ਗਰੈਜੂਏਟ ਕਿਰਤ ਪਰਮਿਟ ਪ੍ਰੋਗਰਾਮ ’ਤੇ ਵੀ ਨਜ਼ਰਸਾਨੀ ਕਰ ਰਹੀ ਹੈ।
ਕੈਨੇਡਾ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਕਰੀਬ ਇਕ ਦਹਾਕੇ ਦੌਰਾਨ ਤਿੰਨ ਗੁਣਾ ਵਧ ਕੇ ਅੱਠ ਲੱਖ ਤੋਂ ਉੱਪਰ ਟੱਪ ਗਈ ਹੈ। ਉਨ੍ਹਾਂ ਤੋਂ ਕੈਨੇਡੀਅਨ ਵਿਦਿਆਰਥੀਆਂ ਦੇ ਮੁਕਾਬਲੇ ਔਸਤਨ ਪੰਜ ਗੁਣਾ ਵੱਧ ਫ਼ੀਸਾਂ ਵਸੂਲੀਆਂ ਜਾਂਦੀਆਂ ਹਨ। ਇਹ ਪੈਸੇ ਹੀ ਵਿੱਦਿਅਕ ਅਦਾਰਿਆਂ ਦੀ ਫੰਡਿੰਗ ਦਾ ਮੁੱਖ ਵਸੀਲਾ ਬਣਦੇ ਹਨ। ਬਹੁਤੇ ਵਿਦੇਸ਼ੀ ਵਿਦਿਆਰਥੀ ਕਾਲਜ ਦਾਖ਼ਲੇ ਨੂੰ ਮੁਲਕ ਵਿਚ ਪੱਕੀ ਠਾਹਰ (Permanent residence - ਪੀਆਰ) ਦੇ ਜ਼ਰੀਏ ਵਜੋਂ ਇਸਤੇਮਾਲ ਕਰਦੇ ਹਨ ਜਿਸ ਕਾਰਨ ਪ੍ਰਾਈਵੇਟ ਕਾਲਜਾਂ ਅਤੇ ਪਰਵਾਸ ਸਬੰਧੀ ਸਲਾਹ ਦੇਣ ਵਾਲਿਆਂ ’ਤੇ ਵੱਡਾ ਮੁਨਾਫ਼ਾ ਕਮਾਉਣ ਦੇ ਦੋਸ਼ ਲੱਗਦੇ ਹਨ। ਇਸ ਕਾਰਨ ਵੱਡੀ ਗਿਣਤੀ ਵਿਚ ਕਾਲਜ ਖੁੱਲ੍ਹ ਰਹੇ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੇ ਆਰਜ਼ੀ ਇਮਾਰਤਾਂ ਵਿਚ ਵੀ ਖੋਲ੍ਹੇ ਜਾ ਰਹੇ ਹਨ। ਧੋਖਾਧੜੀ ਦੇ ਖ਼ਤਰੇ, ਵੀਜ਼ਾ ਦਿਵਾਉਣ ਲਈ ਭਾਰੀ ਰਕਮਾਂ ਦੀ ਮੰਗ ਅਤੇ ਕੈਨੇਡਾ ਵਿਚ ਰਹਿਣ ਦੇ ਔਖੇ ਹਾਲਾਤ ਦੇ ਬਾਵਜੂਦ ਵੀਜ਼ਾ ਮੰਗਣ ਦੇ ਚਾਹਵਾਨਾਂ ਦੀ ਗਿਣਤੀ ਵਧ ਰਹੀ ਹੈ। ਇਸ ਤੋਂ ਆਪਣੇ ਦੇਸ਼ ’ਚ ਮੌਕਿਆਂ ਅਤੇ ਰੁਜ਼ਗਾਰ ਦੀ ਭਾਰੀ ਘਾਟ ਵੀ ਜੱਗ ਜ਼ਾਹਰ ਹੁੰਦੀ ਹੈ।

Advertisement

Advertisement
Advertisement
Author Image

joginder kumar

View all posts

Advertisement