ਕੈਨੇਡਾ: ਬੰਦਰਗਾਹ ਕਾਮਿਆਂ ਵੱਲੋਂ ਹਡ਼ਤਾਲ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 2 ਜੁਲਾਈ
ਕੈਨੇਡਾ ਦੇ ਸਥਾਪਨਾ ਦਿਵਸ ਦੀ ਬੀਤੇ ਦਿਨ 156ਵੀਂ ਵਰ੍ਹੇਗੰਢ ਮਨਾੲੀ ਗੲੀ। ਇਸੇ ਦਿਨ ਪੱਛਮੀ ਤੱਟ ਦੀਆਂ ਸਾਰੀਆਂ ਬੰਦਰਗਾਹਾਂ ਦੇ ਕਰੀਬ 7400 ਕਾਮਿਆਂ ਨੇ ਹੜਤਾਲ ਕਰ ਦਿੱਤੀ, ਜਿਸ ਕਾਰਨ ਦੇਸ਼ ਦੇ ਵਪਾਰ ਨੂੰ ਰੋਜ਼ਾਨਾ ਇੱਕ ਅਰਬ ਡਾਲਰ ਦਾ ਘਾਟਾ ਪੈਣ ਦੀ ਸੰਭਾਵਨਾ ਹੈ। ਬੰਦਰਗਾਹ ਕਾਮਿਆਂ ਨਾਲ ਸਬੰਧਿਤ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਬੇਸ਼ੱਕ ਪਿਛਲਾ ਸਮਝੌਤਾ 31 ਮਾਰਚ ਨੂੰ ਖਤਮ ਹੋ ਗਿਆ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਤਿੰਨ ਮਹੀਨੇ ਦੀ ਉਡੀਕ ਕੀਤੀ ਤਾਂ ਕਿ ਪਹਿਲਾਂ ਹੀ ਮੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਵਪਾਰ ਪ੍ਰਭਾਵਿਤ ਨਾ ਹੋਵੇ। ਹੜਤਾਲ ਕਾਰਨ ਵੈਨਕੂਵਰ ਤੇ ਪ੍ਰਿੰਸ ਰੂਪਰਟ ਖੇਤਰ ਦੀਆਂ ਵੱਡੀਆਂ ਬੰਦਰਗਾਹਾਂ ਸਮੇਤ ਪੱਛਮੀ ਤੱਟ ਦੀਆਂ 30 ਥਾਵਾਂ ਦੀ ਲੱਦਾਈ-ਲੁਹਾਈ ਅਤੇ 49 ਠੇਕੇਦਾਰ ਕੰਪਨੀਆਂ ਦਾ ਕੰਮ ਪ੍ਰਭਾਵਿਤ ਹੋਵੇਗਾ, ਪਰ ਸੈਲਾਨੀ ਤੇ ਯਾਤਰੀ ਜਹਾਜ਼ਾਂ ਦੀ ਆਵਾਜਾਈ ’ਤੇ ਕੋਈ ਅਸਰ ਨਹੀਂ ਪਵੇਗਾ। ਸਮੁੰਦਰੀ ਰਸਤੇ ਵਪਾਰਕ ਢੋਆ-ਢੁਆਈ ਦੇ ਮਾਮਲਿਆਂ ਦੇ ਮਾਹਿਰਾਂ ਅਨੁਸਾਰ ਕਾਮਿਆਂ ਦੀ ਹੜਤਾਲ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਅਰਥਚਾਰੇ ’ਤੇ ਅਸਰ ਪਾਵੇਗੀ।
ਦੇਸ਼ ਦੇ ਕਿਰਤ ਮੰਤਰੀ ਸੇਮਸ ਓ ਰੀਗਨ ਨੇ ਟਵੀਟ ’ਚ ਕਿਹਾ ਕਿ ਉਨ੍ਹਾਂ ਵੈਨਕੂਵਰ ਵਿੱਚ ਦੋਵਾਂ ਧਿਰਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਸਮਝੌਤੇ ਲੲੀ ਜ਼ੋਰ ਲਾਇਆ ਸੀ ਪਰ ਗੱਲਬਾਤ ਸਿਰੇ ਨਹੀਂ ਲੱਗ ਸਕੀ। ਇੰਟਰਨੈਸ਼ਨਲ ਲੌਂਗਮੈਨ ਐਂਡ ਵੇਅਰਹਾਸਿੰਗ ਯੂਨੀਅਨ ਤੇ ਬ੍ਰਿਟਿਸ਼ ਕੋਲੰਬੀਆ ਮੈਰੀਟਾਈਮ ਐਂਪਲਾਇਰ ਐਸੋਸੀਏਸ਼ਨ ਵੱਲੋਂ ਇੱਕ ਦੂਜੇ ’ਤੇ ਸਮਝੌਤੇ ਵਿੱਚ ਅੜਿੱਕੇ ਪਾਉਣ ਦੇ ਦੋਸ਼ ਲਾਏ ਗਏ ਹਨ।