ਕੈਨੇਡਾ: 36 ਲੱਖ ਦਾ ਘਿਓ ਤੇ ਮੱਖਣ ਚੋਰੀ ਕਰਨ ਦੇ ਦੋਸ਼ ਹੇਠ ਛੇ ਪੰਜਾਬੀ ਗ੍ਰਿਫ਼ਤਾਰ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 30 ਜਨਵਰੀ
ਓਂਟਾਰੀਓ ਦੀ ਪੀਲ ਖੇਤਰੀ ਪੁਲੀਸ ਨੇ ਛੇ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਵੱਖ- ਵੱਖ ਸਟੋਰਾਂ ’ਚੋਂ 60,000 ਡਾਲਰ (36 ਲੱਖ ਰੁਪਏ) ਦਾ ਘਿਓ ਅਤੇ ਮੱਖਣ ਚੋਰੀ ਕੀਤਾ। ਪੀਲ ਪੁਲੀਸ ਵੱਲੋਂ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਆਏ ਇਨ੍ਹਾਂ ਪੰਜਾਬੀਆਂ ਦੀ ਪਛਾਣ ਸੁਖਮੰਦਰ ਸਿੰਘ (23), ਦਲਵਾਲ ਸਿੱਧੂ (28), ਨਵਦੀਪ ਚੌਧਰੀ (28), ਕਮਲਦੀਪ ਸਿੰਘ (38), ਵਿਸ਼ਵਜੀਤ ਸਿੰਘ (22) ਅਤੇ ਹਰਕੀਰਤ ਸਿੰਘ (25) ਵਜੋਂ ਹੋਈ ਹੈ। ਇਨ੍ਹਾਂ ’ਚੋਂ ਪਹਿਲੇ ਤਿੰਨ ਬਰੈਂਪਟਨ ਦੇ ਰਹਿਣ ਵਾਲੇ ਹਨ ਅਤੇ ਬਾਕੀ ਤਿੰਨਾਂ ਦਾ ਕੋਈ ਪੱਕਾ ਪਤਾ-ਟਿਕਾਣਾ ਨਹੀਂ ਹੈ, ਮਤਲਬ ਕਿ ਇਹ ਬੇਘਰ ਹਨ। ਪੁਲੀਸ ਅਨੁਸਾਰ ਇਨ੍ਹਾਂ ਨੌਜਵਾਨਾਂ ਨੇ ਪਿਛਲੇ ਸਾਲ ਬਰੈਂਪਟਨ ਦੇ ਕਰਿਆਨਾ ਸਟੋਰਾਂ ’ਚੋਂ ਕਈ ਵਾਰ ਮੱਖਣ ਤੇ ਘਿਓ ਚੋਰੀ ਕੀਤਾ ਅਤੇ ਉਹ ਉੱਥੋਂ ਬੱਚ ਕੇ ਨਿਕਲਦੇ ਰਹੇ। ਚੋਰੀ ਦੀਆਂ ਘਟਨਾਵਾਂ ਵਧਣ ਕਰ ਕੇ ਸਟੋਰ ਮਾਲਕਾਂ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਪੁਲੀਸ ਨੂੰ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨੀ ਪਈ। ਵਿਸ਼ੇਸ਼ ਜਾਂਚ ਟੀਮ ਨੇ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਗਲੇ ਦਿਨਾਂ ਵਿੱਚ ਮੁਲਜ਼ਮਾਂ ਨੂੰ ਕਾਨੂੰਨੀ ਕਾਰਵਾਈ ਲਈ ਅਦਾਲਤ ’ਚ ਪੇਸ਼ ਕੀਤਾ ਜਾਏਗਾ।