ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ: ਸ਼ੈਰੀਡਨ ਕਾਲਜ ਵੱਲੋਂ 40 ਪ੍ਰੋਗਰਾਮ ਮੁਅੱਤਲ ਕਰਨ ਦਾ ਐਲਾਨ

07:12 AM Nov 29, 2024 IST

ਸੁਰਿੰਦਰ ਮਾਵੀ
ਵਿਨੀਪੈਗ, 28 ਨਵੰਬਰ
ਫੈੱਡਰਲ ਸਰਕਾਰ ਵੱਲੋਂ ਕੌਮਾਂਤਰੀ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ’ਤੇ ਕੈਪ ਲਾਉਣ ਦੇ ਐਲਾਨ ਮਗਰੋਂ ਸ਼ੈਰੀਡਨ ਕਾਲਜ ਵੱਲੋਂ ਜਿੱਥੇ ਆਪਣੇ 40 ਪ੍ਰੋਗਰਾਮ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ, ਉੱਥੇ ਸਟਾਫ਼ ਵੀ ਘਟਾ ਦਿੱਤਾ ਗਿਆ ਹੈ।
ਸਰਕਾਰ ਦੇ ਐਲਾਨ ਮਗਰੋਂ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨ ਵਾਲਾ ਇਹ ਪਹਿਲਾ ਕਾਲਜ ਹੈ। ਕਾਲਜ ਅਨੁਸਾਰ ਕੈਂਪਸ ਵਿੱਚ 40,000 ਤੋਂ ਵੱਧ ਵਿਦਿਆਰਥੀ ਹਨ। ਇਹ ਕੈਨੇਡਾ ਦਾ ਮੋਹਰੀ ਦਾ ਐਨੀਮੇਸ਼ਨ ਕਾਲਜ ਹੈ ਜਿਸ ਵਿੱਚੋਂ ਸੱਤ ਸ਼ੈਰੀਡਨ-ਸਿਖਲਾਈ ਪ੍ਰਾਪਤ ਐਨੀਮੇਟਰਾਂ ਨੇ ਅਕੈਡਮੀ ਐਵਾਰਡ ਜਿੱਤਿਆ ਹੈ। ਓਂਟਾਰੀਓ ਦੇ ਇਸ ਕਾਲਜ ਨੇ ਸਰਕਾਰੀ ਨੀਤੀ ਵਿੱਚ ਤਬਦੀਲੀ ਅਤੇ ਦਾਖ਼ਲੇ ਵਿੱਚ ਗਿਰਾਵਟ ਦਾ ਹਵਾਲਾ ਦਿੰਦਿਆਂ ਆਪਣੇ ਦਰਜਨਾਂ ਪ੍ਰੋਗਰਾਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਆਪਣੇ ਸਟਾਫ਼ ਨੂੰ ਘਟਾ ਦਿੱਤਾ ਹੈ। ਸ਼ੈਰੀਡਨ ਕਾਲਜ ਨੇ ਆਪਣੀ ਵੈੱਬਸਾਈਟ ’ਤੇ ਕਿਹਾ, ‘ਇਨ੍ਹਾਂ ਪ੍ਰੋਗਰਾਮਾਂ ਵਿੱਚ ਸਾਰੇ ਮੌਜੂਦਾ ਵਿਦਿਆਰਥੀਆਂ ਨੂੰ ਗ੍ਰੈਜੂਏਟ ਹੋਣ ਦਾ ਮੌਕਾ ਮਿਲੇਗਾ, ਪਰ ਅਸੀਂ ਅੱਗੇ ਨਵੇਂ ਸਾਲ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦੇਵਾਂਗੇ।’
ਬਰੈਂਪਟਨ, ਮਿਸੀਸਾਗਾ ਅਤੇ ਓਕਵਿਲੇ ਵਿੱਚ ਕੈਂਪਸ ਰੱਖਣ ਵਾਲੇ ਕਾਲਜ ਨੇ ਕਿਹਾ ਕਿ ਕੁਝ ਮੁਅੱਤਲੀਆਂ ਮਈ ਦੇ ਸ਼ੁਰੂ ਵਿੱਚ ਲਾਗੂ ਹੋਣਗੀਆਂ ਪਰ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿੱਚ ਪ੍ਰੋਗਰਾਮ ਬੰਦ ਹੋ ਜਾਣਗੇ। ਸ਼ੈਰੀਡਨ ਕਾਲਜ ਵਿੱਚ ਪ੍ਰਭਾਵਿਤ ਮੁਅੱਤਲ ਕੀਤੇ ਜਾ ਰਹੇ ਪ੍ਰੋਗਰਾਮਾਂ ਵਿੱਚ ਅਪਲਾਈਡ ਸਾਇੰਸ ਐਂਡ ਟੈਕਨਾਲੋਜੀ ਦੀ ਫੈਕਲਟੀ ਵਿੱਚ 13, ਬਿਜ਼ਨਸ ਪ੍ਰੋਗਰਾਮਾਂ ਦੇ 13, ਐਨੀਮੇਸ਼ਨ, ਆਰਟਸ ਅਤੇ ਡਿਜ਼ਾਈਨ ਦੀ ਫੈਕਲਟੀ ਵਿੱਚ ਛੇ, ਅਪਲਾਈਡ ਹੈਲਥ ਐਂਡ ਕਮਿਊਨਿਟੀ ਸਟੱਡੀਜ਼ ਦੀ ਫੈਕਲਟੀ ਵਿੱਚ ਪੰਜ ਅਤੇ ਹਿਊਮੈਨਿਟੀ ਅਤੇ ਸਮਾਜਿਕ ਵਿਗਿਆਨ ਵਿੱਚ ਤਿੰਨ ਪ੍ਰੋਗਰਾਮ ਸ਼ਾਮਲ ਹਨ।
ਇਸ ਸਾਲ ਦੀ ਸ਼ੁਰੂਆਤ ਵਿੱਚ ਓਟਾਵਾ ਨੇ ਐਲਾਨ ਕੀਤਾ ਸੀ ਕਿ ਉਹ ਰਿਹਾਇਸ਼ ਦੀ ਘਾਟ ਅਤੇ ਰਹਿਣ ਦੀ ਲਾਗਤ ਦੇ ਜਵਾਬ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਦੀ ਗਿਣਤੀ ਘਟਾ ਰਿਹਾ ਹੈ। ਪਿਛਲੇ ਮਹੀਨੇ ਕੌਂਸਲ ਆਫ਼ ਓਂਟਾਰੀਓ ਯੂਨੀਵਰਸਿਟੀਜ਼ ਨੇ ਕਿਹਾ ਸੀ ਕਿ ਇਸ ਸੀਮਾ ਨਾਲ ਓਂਟਾਰੀਓ ਦੇ ਸਕੂਲਾਂ ਨੂੰ ਲਗਪਗ 1 ਅਰਬ ਡਾਲਰ ਦਾ ਮਾਲੀਆ ਨੁਕਸਾਨ ਹੋ ਸਕਦਾ ਹੈ। ਕਾਲਜ ਦੀ ਪ੍ਰਧਾਨ ਜੈਨੇਟ ਮੌਰੀਸਨ ਦੇ ਬਿਆਨ ਅਨੁਸਾਰ ਕਾਲਜ ਦਾ ਅਨੁਮਾਨ ਹੈ ਕਿ ਅਗਲੇ ਸਾਲ 30 ਫ਼ੀਸਦੀ ਘੱਟ ਵਿਦਿਆਰਥੀ ਦਾਖ਼ਲਾ ਲੈਣਗੇ ਜਿਸ ਨਾਲ ਮਾਲੀਏ ਵਿੱਚ ਤਕਰੀਬਨ 11.2 ਕਰੋੜ ਡਾਲਰ ਦੀ ਕਮੀ ਆਵੇਗੀ।

Advertisement

Advertisement