For the best experience, open
https://m.punjabitribuneonline.com
on your mobile browser.
Advertisement

Canada: ਟਰੂਡੋ ਦੇ ਬਦਲ ਵਜੋਂ ਨਵੇਂ ਚਿਹਰੇ ਦੀ ਭਾਲ ਸ਼ੁਰੂ

10:53 AM Jan 07, 2025 IST
canada  ਟਰੂਡੋ ਦੇ ਬਦਲ ਵਜੋਂ ਨਵੇਂ ਚਿਹਰੇ ਦੀ ਭਾਲ ਸ਼ੁਰੂ
ਲਿਬਰਲ ਪਾਰਟੀ ਦੇ ਲੀਡਰ ਦੀ ਦੌੜ ਵਿੱਚ ਸ਼ਾਮਲ ਅਨੀਤਾ ਅਨੰਦ, ਕ੍ਰਿਸਟੀ ਕਲਾਰਕ, ਮਾਰਕ ਕਾਰਨੀ, ਫਰੈਂਕੋਜ ਫਿਲਿਪਸ ਚੌਪੈਂਜੀ ਤੇ ਕ੍ਰਿਸਟੀਆ ਫ੍ਰੀਲੈਂਡ।
Advertisement

ਸੁਰਿੰਦਰ ਮਾਵੀ/ਗੁਰਮਲਕੀਅਤ ਸਿੰਘ ਕਾਹਲੋਂ

Advertisement

ਵਿਨੀਪੈਗ/ਵੈਨਕੂਵਰ, 7 ਜਨਵਰੀ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਟਰੂਡੋ ਨੇ ਕਿਹਾ ਕਿ ਲਿਬਰਲ ਪਾਰਟੀ ਵੱਲੋਂ ਉਨ੍ਹਾਂ ਦਾ ਉੱਤਰਾਧਿਕਾਰੀ ਚੁਣੇ ਜਾਣ ਮਗਰੋਂ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਜਸਟਿਨ ਟਰੂਡੋ 2013 ਵਿਚ ਲਿਬਰਲ ਆਗੂ ਬਣੇ ਸਨ ਅਤੇ 2015 ਵਿਚ ਉਨ੍ਹਾਂ ਮੁਲਕ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। ਟਰੂਡੋ ਵੱਲੋਂ ਅਸਤੀਫੇ ਦੇ ਐਲਾਨ ਮਗਰੋਂ ਅਜੇ ਤੱਕ ਕਿਸੇ ਨੇ ਵੀ ਅਧਿਕਾਰਤ ਤੌਰ ’ਤੇ ਉਨ੍ਹਾਂ ਦੇ ਬਦਲ ਵਜੋਂ ਆਪਣਾ ਨਾਂ ਪੇਸ਼ ਨਹੀਂ ਕੀਤਾ ਹੈ, ਪਰ ਲਿਬਰਲ ਪਾਰਟੀ ਦੇ ਕਈ ਸੀਨੀਅਰ ਆਗੂ ਪਾਰਟੀ ਲੀਡਰ ਬਣਨ ਦੀਆਂ ਗਿਣਤੀਆਂ ਮਿਣਤੀਆਂ ਵਿੱਚ ਪੈ ਗਏ ਹਨ। ਇਨ੍ਹਾਂ ਵਿੱਚ ਸਾਬਕ ਰੱਖਿਆ ਮੰਤਰੀ ਤੇ ਓਕਵਿਲ ਤੋਂ ਐੱਮਪੀ ਅਨੀਤਾ ਅਨੰਦ (57), ਅਰਥ ਸ਼ਾਸਤਰੀ ਤੇ ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ (59), ਮੌਜੂਦਾ ਵਿੱਤ ਮੰਤਰੀ ਡੌਮਿਨਿਕ ਲੇਬਲਾਂ, ਆਲਮੀ ਸੂਝ ਬੂਝ ਵਾਲੇ ਮੰਨੇ ਪ੍ਰਮੰਨੇ ਵਕੀਲ ਫਰੈਂਕੋਜ ਫਿਲਿਪਸ ਚੰਪੈਂਜੀ (54), ਟੀਵੀ ਹੋਸਟ ਤੋਂ ਸਿਆਸਤ ਵਿੱਚ ਆਈ ਤੇ ਦੋ ਵਾਰ ਬ੍ਰਿਟਿਸ਼ ਕੋਲੰਬੀਆ ਦੀ ਮੁੱਖ ਮੰਤਰੀ ਰਹੀ ਕ੍ਰਿਸਟੀ ਕਲਾਰਕ (59), ਪਿਛਲੇ ਮਹੀਨੇ ਵਜ਼ਾਰਤ ਤੋਂ ਅਸਤੀਫਾ ਦੇ ਕੇ ਟਰੂਡੋ ਵਿਰੁੱਧ ਬਗਾਵਤ ਦਾ ਬਿਗਲ ਵਜਾਉਣ ਵਾਲੇ ਸਿਆਨ ਫੇਰਜ਼ਰ (40), ਸਾਬਕਾ ਲਿਬਰਲ ਐਮਪੀ ਫ਼੍ਰੈਂਕ ਬੇਲਿਸ ਅਤੇ ਸਾਬਕਾ ਉੱਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ (59) ਪ੍ਰਮੁੱਖ ਹਨ। ਦੂਜੇ ਪਾਸੇ ਤਿੰਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਚੋਣਾਂ ਵਿੱਚ ਹੁਣ ਬਹੁਤੀ ਦੇਰ ਨਹੀਂ, ਕਿਉਂਕਿ ਉਹ ਸੰਸਦੀ ਕਾਰਵਾਈ ਦੇ ਪਹਿਲੇ ਦਿਨ ਟਰੂਡੋ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪਾਸ ਕਰਕੇ ਚੋਣਾਂ ਦਾ ਰਾਹ ਖੋਲ੍ਹ ਦੇਣਗੇ।

Advertisement

ਹਾਲਾਂਕਿ ਪਾਰਲੀਮੈਂਟ 24 ਮਾਰਚ ਤੱਕ ਠੱਪ ਹੋਣ ਨਾਲ ਲਿਬਰਲਾਂ ਨੂੰ 2 ਮਹੀਨਿਆਂ ਦਾ ਸਮਾਂ ਮਿਲ ਗਿਆ ਹੈ, ਪਰ ਅਗਾਮੀ ਚੋਣਾਂ ਦੇ ਮੱਦੇਨਜ਼ਰ ਇਹ ਬਹੁਤ ਘੱਟ ਸਮਾਂ ਹੈ। ਉਧਰ ਕਿਉਬਿਕ ਤੋਂ ਲਿਬਰਲ ਐਮਪੀ ਸੋਫੀ ਚੇਟਲ ਨੇ ਇੱਕ ਈਮੇਲ ਵਿਚ ਜ਼ਿਕਰ ਕੀਤਾ ਕਿ 1990 ਵਿਚ ਜੌਨ ਟਰਨਰ ਦੇ ਅਸਤੀਫ਼ੇ ਤੋਂ ਬਾਅਦ ਲਿਬਰਲਾਂ ਨੇ 98 ਦਿਨਾਂ ਵਿਚ ਪਾਰਟੀ ਕਨਵੈਨਸ਼ਨ ਵਿਉਂਤ ਲਈ ਸੀ। ਚੇਟਲ ਨੇ ਕਿਹਾ ਕਿ ਪਾਰਟੀ ਦਾ ਨੈਸ਼ਨਲ ਬੋਰਡ ਲੀਡਰਸ਼ਿਪ ਦੀ ਉਮੀਦਵਾਰੀ ਦੀਆਂ ਅਰਜ਼ੀਆਂ ਹਫ਼ਤਿਆਂ ਵਿਚ ਪ੍ਰਾਪਤ ਕਰਨ ਦੀ ਬਜਾਏ ਦਿਨਾਂ ਵਿਚ ਪ੍ਰਾਪਤ ਕਰਨ ਲਈ ਆਖ ਸਕਦਾ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਲੰਬੇ ਪ੍ਰਚਾਰ ਟੂਰ ਦੀ ਬਜਾਏ ਡਿਬੇਟਾਂ ਅਤੇ ਵਰਚੂਅਲ ਸਮਾਗਮਾਂ ਰਾਹੀਂ ਮੈਂਬਰਾਂ ਨੂੰ ਸ਼ਾਮਲ ਕਰ ਸਕਦੇ ਹਨ। ਹੁਣ ਤੱਕ ਲਿਬਰਲ ਲੀਡਰ ਵਿਅਕਤੀਗਤ ਤੌਰ ’ਤੇ ਪਾਰਟੀ ਕਨਵੈਨਸ਼ਨ ਵਿਚ ਚੁਣੇ ਜਾਂਦੇ ਰਹੇ ਹਨ। ਚੇਟਲ ਨੇ ਵੋਟਾਂ ਵੀ ਇਲੈਕਟ੍ਰੋਨਿਕਲੀ ਪਾਉਣ ਦਾ ਸੁਝਾਅ ਦਿੱਤਾ ਹੈ, ਤਾਂ ਕਿ ਮੈਂਬਰ ਇਸ ਪ੍ਰਕਿਰਿਆ ਦੀ ਲੋਕਤੰਤਰੀ ਵਿਵਸਥਾ ਨੂੰ ਬਰਕਰਾਰ ਰੱਖਦਿਆਂ, ਕਿਤੋਂ ਮਰਜ਼ੀ ਵੋਟ ਪਾ ਸਕਣ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫੇ ਦੇ ਐਲਾਨ ਮਗਰੋਂ ਉਨ੍ਹਾਂ ਦੇ ਸਿਆਸੀ ਵਿਰੋਧੀਆਂ, ਉਨ੍ਹਾਂ ਦੇ ਸਾਥੀ ਐਮਪੀਜ਼ ਅਤੇ ਮੁਲਕ ਦੇ ਹੋਰ ਸਿਆਸਤਦਾਨਾਂ ਨੇ ਆਪਣੇ ਪ੍ਰਤੀਕਰਮ ਦਿੱਤੇ। ਕੁਝ ਨੇ ਟਰੂਡੋ ਦੀ ਕਾਰਗੁਜ਼ਾਰੀ ਦੀ ਨਿੰਦਾ ਕੀਤੀ ਤਾਂ ਕੁਝ ਨੇ ਟਰੂਡੋ ਦੇ ਲੋਕ ਸੇਵਾ ਵਿਚ ਬਿਤਾਏ ਸਮੇਂ ਲਈ ਉਨ੍ਹਾਂ ਦੀ ਤਾਰੀਫ਼ ਕੀਤੀ।

ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ, ਜਿਨ੍ਹਾਂ ਨੂੰ ਟਰੂਡੋ ਦਾ ਸੰਭਾਵੀ ਬਦਲ ਮੰਨਿਆ ਜਾ ਰਿਹਾ ਹੈ, ਨੇ ਟਰੂਡੋ ਦੀ ਰਵਾਨਗੀ ਦੀ ਖ਼ਬਰ ’ਤੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੀਆਂ ਸ਼ੁੱਭ ਇੱਛਾਵਾਂ ਭੇਜੀਆਂ। ਕਾਰਨੀ ਨੇ ਐਕਸ ’ਤੇ ਲਿਖਿਆ, ‘‘ਧੰਨਵਾਦ ਪ੍ਰਧਾਨ ਮੰਤਰੀ, ਤੁਹਾਡੀ ਅਗਵਾਈ ਲਈ, ਕੈਨੇਡਾ ਵਿੱਚ ਤੁਹਾਡੇ ਬਹੁਤ ਸਾਰੇ ਯੋਗਦਾਨਾਂ ਲਈ ਅਤੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਵੱਲੋਂ ਜਨਤਕ ਸੇਵਾ ਲਈ ਕੀਤੀਆਂ ਕੁਰਬਾਨੀਆਂ ਲਈ।’’

ਸਾਬਕਾ ਬੀਸੀ ਪ੍ਰੀਮੀਅਰ, ਕ੍ਰਿਸਟੀ ਕਲਾਰਕ, ਜੋ ਕਿ ਲਿਬਰਲ ਲੀਡਰਸ਼ਿਪ ਦੀ ਦਾਅਵੇਦਾਰ ਹੋ ਸਕਦੀ ਹੈ, ਨੇ ਟਰੂਡੋ ਦੀ ਦੇਸ਼ ਸੇਵਾ ਲਈ ਉਨ੍ਹਾਂ ਦਾ ਸ਼ੁਕਰੀਆ ਕੀਤਾ ਅਤੇ ਟਰੂਡੋ ਪਰਿਵਾਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਕ੍ਰਿਸਟੀ ਨੇ ਕਿਹਾ, ‘‘ਜੀਵਨ ਭਰ ਲਈ ਲਿਬਰਲ ਹੋਣ ਦੇ ਨਾਤੇ ਮੈਂ ਆਪਣਾ ਅਗਲਾ ਲੀਡਰ ਚੁਣਨ ਲਈ ਹਜ਼ਾਰਾਂ ਕੈਨੇਡੀਅਨਾਂ ਨਾਲ ਜੁੜਨ ਦੀ ਉਮੀਦ ਰੱਖਦੀ ਹਾਂ।’’

ਐੱਨਡੀਪੀ ਲੀਡਰ ਜਗਮੀਤ ਸਿੰਘ ਦੇ ਬਿਆਨ ਵਿਚ ਟਰੂਡੋ ਦੀ ਤਾਰੀਫ਼ ਨਜ਼ਰ ਨਹੀਂ ਆਈ। ਉਨ੍ਹਾਂ ਨੇ ਟਰੂਡੋ ਦੇ ਅਸਤੀਫ਼ੇ ਦੀ ਖ਼ਬਰ ਦਾ ਸਵਾਗਤ ਕੀਤਾ, ਪਰ ਕਿਹਾ ਕਿ ਟਰੂਡੋ ਨੇ ਉਨ੍ਹਾਂ ਕੈਨੇਡੀਅਨਜ਼ ਨੂੰ ਨਿਰਾਸ਼ ਕੀਤਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਆਪਣੀ ਸੇਵਾ ਲਈ ਚੁਣਿਆ ਸੀ।

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਵਰ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਟਰੂਡੋ ਦੇ ਅਸਤੀਫ਼ੇ ਦੇ ਬਾਵਜੂਦ, ਕੁਝ ਨਹੀਂ ਬਦਲਿਆ ਅਤੇ ਹਰ ਲਿਬਰਲ ਐਮਪੀ ਅਤੇ ਲੀਡਰਸ਼ਿਪ ਦਾਅਵੇਦਾਰ ਨੇ ਆਪਣੇ ਕਾਰਜਕਾਲ ਦੌਰਾਨ ਅਹੁਦੇ ’ਤੇ ਰਹਿੰਦਿਆਂ ਟਰੂਡੋ ਦੇ ਹਰ ਕੰਮ ਦਾ ਸਮਰਥਨ ਕੀਤਾ ਹੈ।ਹੁਣ ਉਹ ਹੋਰ ਚਾਰ ਸਾਲਾਂ ਲਈ ਕੈਨੇਡੀਅਨਾਂ ਨੂੰ ਤੋੜਦੇ ਰਹਿਣ ਲਈ ਇੱਕ ਹੋਰ ਲਿਬਰਲ ਚਿਹਰੇ ਵਿੱਚ ਅਦਲਾ-ਬਦਲੀ ਕਰਕੇ ਵੋਟਰਾਂ ਨੂੰ ਭਰਮਾਉਣਾ ਚਾਹੁੰਦੇ ਹਨ.... ਲਿਬਰਲਾਂ ਨੇ ਜੋ ਤੋੜਿਆ ਉਸ ਨੂੰ ਠੀਕ ਕਰਨ ਦਾ ਇੱਕੋ ਇੱਕ ਤਰੀਕਾ ਕਾਰਬਨ ਟੈਕਸ ਹੈ। ਪੌਲੀਵਰ ਨੇ ਕੈਨੇਡੀਅਨਾਂ ਨੂੰ ਅਪੀਲ ਕੀਤੀ ਕਿ ਉਹ ਅਗਾਮੀ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਨੂੰ ਚੁਣਨ।

ਕੈਨੇਡੀਅਨ ਚੈਂਬਰ ਆਫ਼ ਕਾਮਰਸ ਦੀ ਸੀਈਓ, ਕੈਂਡੇਸ ਲੇਇੰਗ ਨੇ ਇੱਕ ਬਿਆਨ ਵਿਚ ਕਿਹਾ ਕਿ ਟਰੂਡੋ ਨੇ ਸਥਿਤੀ ਨੂੰ ਪਰਖਦਿਆਂ ਅਸਤੀਫ਼ੇ ਦਾ ਫ਼ੈਸਲਾ ਕਰਕੇ ਸਹੀ ਨਿਰਣਾ ਲਿਆ ਹੈ।ਟਰੂਡੋ ਦੀ ਸੇਵਾ ਲਈ ਧੰਨਵਾਦ ਕਰਦਿਆਂ ਲੇਇੰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਸਤੀਫ਼ਾ ਇੱਕ ਅਹਿਮ ਮੋੜ ਦੀ ਨਿਸ਼ਾਨਦੇਹੀ ਕਰਦਾ ਹੈ ਕਿਉਂਕਿ ਇਹ ਉਹ ਸਮਾਂ ਹੈ ਜਦੋਂ ਕੈਨੇਡਾ ਘਰੇਲੂ ਅਤੇ ਅੰਤਰਰਾਸ਼ਟਰੀ ਚੁਣੌਤੀਆਂ ਨਾਲ ਨਜਿੱਠ ਰਿਹਾ ਹੈ। ਬਿਜ਼ਨਸ ਕੌਂਸਲ ਆਫ਼ ਕੈਨੇਡਾ ਦੇ ਸੀਈਓ, ਗੋਲਡੀ ਹਾਈਡਰ ਨੇ ਟਰੂਡੋ ਦੇ 9 ਸਾਲਾਂ ਦੇ ਕਾਰਜਕਾਲ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

Advertisement
Author Image

Advertisement