Canada: ਰਿਪੁਦਮਨ ਸਿੰਘ ਮਲਿਕ ਦੇ ਕਾਤਲ ਨੂੰ ਉਮਰ ਕੈਦ ਦੀ ਸਜ਼ਾ
ਓਟਵਾ, 29 ਜਨਵਰੀ
ਕੈਨੇਡਾ ਦੀ ਅਦਾਲਤ ਨੇ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ, ਜੋ 1985 ਦੇ ਏਅਰ ਇੰਡੀਆ ਬੰਬ ਧਮਾਕੇ ’ਚ ਮਸ਼ਕੂਕ ਸੀ ਤੇ ਬਾਅਦ ਵਿੱਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ, ਦੀ ਹੱਤਿਆ ਦਾ ਦੋਸ਼ ਸਵੀਕਾਰ ਕਰਨ ’ਤੇ 24 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ’ਚ ਦੂਜੇ ਦੋਸ਼ੀ ਜੋਸ ਲੋਪੇਜ਼ ਨੂੰ 30 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ
ਮੀਡੀਆ ਰਿਪੋਰਟਾਂ ਅਨੁਸਾਰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਜੱਜ ਨੇ ਅੱਜ ਟੈਨਰ ਫੌਕਸ ਨੂੰ ਮਲਿਕ ਦੀ ਹੱਤਿਆ ਦੇ ਦੋਸ਼ ਹੇਠ 20 ਸਾਲ (ਬਿਨਾਂ ਪੈਰੋਲ) ਕੈਦ ਦੀ ਸਜ਼ਾ ਸੁਣਾਈ ਹੈ। ਮਲਿਕ ਦਾ 15 ਜੁਲਾਈ 2022 ’ਚ ਸਰੀ ਵਿੱਚ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੀ ਕਾਰ ਅੰਦਰ ਬੈਠਾ ਹੋਇਆ ਸੀ। ਮਲਿਕ ਤੇ ਸਹਿ-ਮੁਲਜ਼ਮ ਅਜਾਇਬ ਸਿੰਘ ਬਾਗੜੀ ਨੂੰ 2005 ’ਚ ਏਅਰ ਇੰਡੀਆ ਬੰਬ ਧਮਾਕੇ ਨਾਲ ਸਬੰਧਤ ਸਮੂਹਿਕ ਹੱਤਿਆ ਤੇ ਸਾਜ਼ਿਸ਼ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਮਲਿਕ ਦੀ ਹੱਤਿਆ ਤੋਂ ਦੋ ਹਫ਼ਤੇ ਬਾਅਦ ਕੈਨੇਡਾ ਦੀ ਪੁਲੀਸ ਨੇ ਨਿਊ ਵੈਸਟਮਿੰਸਟਰ ਦੇ ਵੈਨਕੂਵਰ ਤੋਂ ਟੈਨਰ ਫੌਕਸ ਤੇ ਉਸ ਦੇ ਸਾਥੀ ਜੋਸ ਲੋਪੇਜ਼ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਪਿਛਲੇ ਸਾਲ ਅਕਤੂਬਰ ’ਚ ਮਲਿਕ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ। ਲੋਪੇਜ਼ ਨੂੰ 30 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ।
ਵਕੀਲਾਂ ਦਾ ਹਵਾਲਾ ਦਿੰਦਿਆਂ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਦੋਵਾਂ ਨੂੰ ਮਲਿਕ ਦੇ ਕਤਲ ਲਈ ਪੈਸੇ ਦਿੱਤੇ ਗਏ ਸਨ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਇਹ ਕੰਮ ਕਰਨ ਲਈ ਕਿਸ ਨੇ ਕਿਹਾ ਸੀ। ਮਲਿਕ ਦੇ ਪਰਿਵਾਰ ਨੇ ਫੌਕਸ ਨੂੰ ਇਹ ਦੱਸਣ ਲਈ ਕਿਹਾ ਕਿ ਉਸ ਨੂੰ ਇਹ ਕੰਮ ਕਿਸ ਨੇ ਸੌਂਪਿਆ ਸੀ। ਮਲਿਕ ਦੇ ਪੁੱਤਰ ਜਸਪ੍ਰੀਤ ਸਿੰਘ ਮਲਿਕ ਨੇ ਕਿਹਾ, ‘ਮੈਂ ਫੌਕਸ ਤੇ ਲੋਪੇਜ਼ ਦੋਵਾਂ ਨੂੰ ਸਹੀ ਕੰਮ ਕਰਨ ਲਈ ਕਹਿ ਰਿਹਾ ਹਾਂ।’ -ਪੀਟੀਆਈ