For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਰਿਪੁਦਮਨ ਮਲਿਕ ਦੇ ਕਾਤਲਾਂ ਨੇ ਦੋਸ਼ ਕਬੂਲੇ

06:49 AM Oct 23, 2024 IST
ਕੈਨੇਡਾ  ਰਿਪੁਦਮਨ ਮਲਿਕ ਦੇ ਕਾਤਲਾਂ ਨੇ ਦੋਸ਼ ਕਬੂਲੇ
Advertisement

* ਗਵਾਹ ਮੁੱਕਰਨ ਕਾਰਨ ਮਲਿਕ ਹੋਇਆ ਸੀ ਬਰੀ

Advertisement

ਗੁਰਮਲਕੀਅਤ ਸਿੰਘ ਕਾਹਲੋਂ/ਪੀਟੀਆਈ
ਵੈਨਕੂਵਰ/ਓਟਵਾ, 22 ਅਕਤੂਬਰ
ਸਰੀ ਵਿਚਲੀਆਂ ਖਾਲਸਾ ਵਿੱਦਿਅਕ ਸੰਸਥਾਵਾਂ ਦੇ ਬਾਨੀ ਅਤੇ ਖਾਲਸਾ ਕਰੈਡਿਟ ਯੂਨੀਅਨ (ਸਹਿਕਾਰੀ ਬੈਂਕ) ਦੇ ਵੱਡੇ ਹਿੱਸੇਦਾਰ ਰਿਪੁਦਮਨ ਸਿੰਘ ਮਲਿਕ ਦੇ ਜੁਲਾਈ 2022 ’ਚ ਕੀਤੇ ਕਤਲ ਦੇ ਮਾਮਲੇ ਵਿੱਚ ਬ੍ਰਿਟਿਸ਼ ਕੋਲੰਬੀਆ (ਬੀਸੀ) ਸੁਪਰੀਮ ਕੋਰਟ ਵਿਚ ਸੁਣਵਾਈ ਹੋਈ, ਜਿਸ ਦੌਰਾਨ ਦੋ ਮੁਲਜ਼ਮਾਂ ਟੈਨਰ ਫੋਕਸ ਅਤੇ ਜੋਸ ਲੋਪੇਜ਼ ਨੇ ਆਪਣੇ ’ਤੇ ਲੱਗੇ ਦੋਸ਼ ਕਬੂਲ ਲਏ। ਇਨ੍ਹਾਂ ਮੁਲਜ਼ਮਾਂ ਨੂੰ ਕਤਲ ਤੋਂ ਤਿੰਨ ਮਹੀਨੇ ਬਾਅਦ ਹੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਉਹ ਨਜ਼ਰਬੰਦ ਹਨ। ਪੁਲੀਸ ਨੇ ਇਨ੍ਹਾਂ ਦੋਹਾਂ ਖ਼ਿਲਾਫ਼ ਪਹਿਲਾ ਦਰਜਾ ਕਤਲ (ਗਿਣਮਿਥ ਕੇ ਮਾਰਨਾ) ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ, ਜਿਸ ਨੂੰ ਪੁਲੀਸ ਨੇ ਸੁਣਵਾਈ ਤੋਂ ਪਹਿਲਾਂ ਦੂਜੇ ਦਰਜੇ (ਅਚਾਨਕ ਕਤਲ) ਵਿਚ ਬਦਲ ਦਿੱਤਾ। ਅਦਾਲਤ ਨੇ ਮੁਲਜ਼ਮਾਂ ਨੂੰ ਸਜ਼ਾ ਸੁਣਾਏ ਜਾਣ ਲਈ 31 ਅਕਤੂਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਸੁਣਵਾਈ ਦੌਰਾਨ ਦੋਵੇਂ ਮੁਲਜ਼ਮਾਂ ਦੀ ਆਪਸ ਵਿਚ ਤਕਰਾਰ ਹੋ ਗਈ, ਜਿਸ ਕਾਰਨ ਪੁਲੀਸ ਨੂੰ ਦਖਲ ਦੇਣਾ ਪਿਆ। ਇਸ ਮਾਮਲੇ ਵਿਚ ਇਹ ਸਪਸ਼ਟ ਨਹੀਂ ਹੋਇਆ ਕਿ ਮੁਲਜ਼ਮਾਂ ਨੂੰ ਇਸ ਕੰਮ ਲਈ ਫਿਰੌਤੀ ਕਿਸ ਨੇ ਦਿੱਤੀ ਸੀ ਕਿਉਂਕਿ ਪੁਲੀਸ ਪਹਿਲਾਂ ਤੋਂ ਮੰਨ ਕੇ ਚੱਲ ਰਹੀ ਸੀ ਕਿ ਦੋਹੇਂ ਭਾੜੇ ਦੇ ਕਾਤਲ ਹਨ ਤੇ ਉਨ੍ਹਾਂ ਇਹ ਕਤਲ ਫਿਰੌਤੀ ਲੈ ਕੇ ਕੀਤਾ ਪਰ ਪੁਲੀਸ ਵੱਲੋਂ ਕਤਲ ਦੀ ਡਿਗਰੀ ਬਦਲਣ ਤੋਂ ਬਾਅਦ ਚਰਚਾਵਾਂ ਚਲਦੀਆਂ ਰਹੀਆਂ। ਦੱਸਣਾ ਬਣਦਾ ਹੈ ਕਿ ਕੈਨੇਡਾ ਵਿਚ ਦੋਸ਼ ਕਬੂਲ ਕੀਤੇ ਜਾਣ ’ਤੇ ਸਜ਼ਾ ਵਿਚ ਵੀ ਕਟੌਤੀ ਕੀਤੀ ਜਾਂਦੀ ਹੈ।

Advertisement

ਮਲਿਕ ’ਤੇ ਏਅਰ ਇੰਡੀਆ ਬੰਬ ਕਾਂਡ ਦੀ ਸਾਜ਼ਿਸ਼ ਦੇ ਲੱਗੇ ਸਨ ਦੋਸ਼

ਸ਼ਹਿਰ ਦੇ ਵੱਡੇ ਕਾਰੋਬਾਰੀਆਂ ਵਿੱਚ ਗਿਣੇ ਜਾਂਦੇ ਰਿਪੁਦਮਨ ਸਿੰਘ ਮਲਿਕ ਉੱਤੇ 1985 ਵਿਚ ਏਅਰ ਇੰਡੀਆ ਬੰੰਬ ਕਾਂਡ (ਕਨਿਸ਼ਕ) ਦੀ ਸਾਜ਼ਿਸ਼ ਦੇ ਦੋਸ਼ ਲੱਗੇ ਸਨ ਪਰ ਗਵਾਹਾਂ ਦੇ ਮੁੱਕਰਨ ਕਾਰਨ ਉਹ ਬਰੀ ਹੋ ਗਿਆ ਸੀ। ਇਹ ਜਹਾਜ਼ ਅੰਧ ਮਹਾਂਸਾਗਰ ਵਿੱਚ ਡਿੱਗ ਗਿਆ ਸੀ ਤੇ ਇਸ ਹਾਦਸੇ ਵਿੱਚ 339 ਯਾਤਰੀ ਤੇ ਅਮਲਾ ਮਾਰਿਆ ਗਿਆ ਸੀ। ਇਸ ਤੋਂ ਇਲਾਵਾ ਮਲਿਕ ਉਤੇ 2020 ਵਿਚ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਛਾਪੇਖਾਨੇ ਵਿੱਚ ਛਾਪਣ ਦੇ ਦੋਸ਼ ਲੱਗੇ ਸਨ। ਉਸ ਸਾਲ ਉਸ ਨੂੰ ਭਾਰਤ ਦੀ ਕਾਲੀ ਸੂਚੀ ’ਚੋਂ ਕੱਢਿਆ ਗਿਆ ਤੇ ਉਸ ਨੇ ਭਾਰਤ ਯਾਤਰਾ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। ਪ੍ਰਧਾਨ ਮੰਤਰੀ ਮੋਦੀ ਵਲੋਂ ਉਸ ਨੂੰ ਦਿੱਤੇ ਗਏ ਪ੍ਰਸੰਸਾ ਪੱਤਰ ਦੀ ਕਾਫੀ ਚਰਚਾ ਹੁੰਦੀ ਰਹੀ ਸੀ।

Advertisement
Author Image

joginder kumar

View all posts

Advertisement