ਕੈਨੇਡਾ: ਟੋਰਾਂਟੋ ਵਿੱਚ ਮੀਂਹ ਨੇ ਰਿਕਾਰਡ ਤੋੜੇ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 19 ਅਗਸਤ
ਬੇਮੌਸਮੀ ਮੀਂਹ ਨੇ ਟੋਰਾਂਟੋ ਵਿੱਚ 2013 ਵਿੱਚ ਪਏ ਮੀਂਹ ਦਾ ਰਿਕਾਰਡ ਤੋੜ ਦਿੱਤਾ ਹੈ। ਡੇਢ ਘੰਟੇ ਵਿੱਚ 128 ਐੱਮਐੱਮ ਮੀਂਹ ਕਾਰਨ ਹਵਾਈ ਅੱਡੇ ਸਣੇ ਆਸ-ਪਾਸ ਦੇ ਖੇਤਰਾਂ ਵਿੱਚ ਪਾਣੀ ਭਰ ਗਿਆ। ਪਾਣੀ ਦੀ ਨਿਕਾਸੀ ਹੋਣ ’ਚ ਕਈ ਘੰਟੇ ਲੱਗੇ, ਜਿਸ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ।
ਸੜਕਾਂ ਅਤੇ ਰਨਵੇਅ ’ਤੇ ਪਾਣੀ ਭਰਨ ਕਾਰਨ ਕਈ ਜਹਾਜ਼ਾਂ ਨੇ ਦੇਰੀ ਨਾਲ ਉਡਾਣ ਭਰੀ ਅਤੇ ਕਈਆਂ ਨੂੰ ਦੇਰੀ ਨਾਲ ਉੱਤਰਨਾ ਪਿਆ। ਹਵਾਈ ਅੱਡੇ ’ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੜਕਾਂ ’ਤੇ ਪਾਣੀ ਭਰਨ ਕਾਰਨ ਕਈ ਯਾਤਰੀ ਰਾਹ ਵਿੱਚ ਹੀ ਫਸ ਗਏ। ਕਈ ਵਾਹਨਾਂ ’ਚ ਪਾਣੀ ਭਰਨ ਕਾਰਨ ਉਹ ਸੜਕਾਂ ’ਤੇ ਹੀ ਬੰਦ ਹੋ ਗਏ। ਘੰਟਿਆਂਬੱਧੀ ਸੜਕਾਂ ਬੰਦ ਰਹਿਣ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਝੱਲਣੀ ਪਈ।
ਪ੍ਰਾਪਤ ਅੰਕੜਿਆਂ ਅਨੁਸਾਰ ਇਸ ਤੋਂ ਪਹਿਲਾਂ 2013 ਵਿੱਚ ਟੋਰਾਂਟੋ ’ਚ 126 ਐੱਮਐੱਮ ਮੀਂਹ ਪਿਆ ਸੀ। ਪਿਛਲੇ ਮਹੀਨੇ ਵੀ ਟੋਰਾਂਟੋ ਦੇ ਕੁੱਝ ਇਲਾਕਿਆਂ ਵਿੱਚ 98 ਐੱਮਐੱਮ ਮੀਂਹ ਕਾਰਨ ਕਈ ਖੇਤਰਾਂ ਵਿੱਚ ਪਾਣੀ ਭਰ ਗਿਆ ਸੀ, ਜਿਸ ਕਾਰਨ 100 ਅਰਬ ਡਾਲਰ ਤੋਂ ਵੱਧ ਦਾ ਵਪਾਰਕ ਨੁਕਸਾਨ ਹੋਇਆ ਸੀ। ਬੀਤੇ ਦਿਨ ਪਈ ਬਾਰਿਸ਼ ਕਾਰਨ ਹੋਏ ਨੁਕਸਾਨ ਦੇ ਅੰਕੜੇ ਜਨਤਕ ਹੋਣ ਨੂੰ ਕਈ ਦਿਨ ਲੱਗ ਸਕਦੇ ਹਨ। ਮੌਸਮ ਵਿਭਾਗ ਅਨੁਸਾਰ ਇਸ ਵਾਰ ਅਨੁਮਾਨ ਤੋਂ ਕਿਤੇ ਵੱਧ ਮੀਂਹ ਪਿਆ ਹੈ। ਵਿਭਾਗ ਨੇ ਦੋ ਦਿਨ ਹੋਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।