ਕੈਨੇਡਾ: ਟਰੂਡੋ ਨੂੰ ਲਾਂਭੇ ਕਰਨ ਲਈ ਪਾਰਟੀ ਅੰਦਰੋਂ ਦਬਾਅ ਵਧਣ ਲੱਗਾ
ਗੁਰਮਲਕੀਅਤ ਸਿੰਘ ਕਾਹਲੋਂ/ਸੁਰਿੰਦਰ ਮਾਵੀ
ਵੈਨਕੂਵਰ/ਵਿਨੀਪੈਗ, 24 ਅਕਤੂਬਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਪਾਰਟੀ ਅੰਦਰੋਂ ਦਬਾਅ ਵਧਣ ਲੱਗਾ ਹੈ। ਓਟਵਾ ’ਚ ਬੀਤੇ ਦਿਨ ਪਾਰਟੀ ਦੇ ਸੰਸਦ ਮੈਂਬਰਾਂ ਦੀ ਹੋਈ ਬੰਦ ਕਮਰਾ ਮੀਟਿੰਗ ਦੌਰਾਨ ਟਰੂਡੋ ਨੂੰ ਸੋਚਣ ਲਈ 28 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਅਹੁਦੇ ਤੋਂ ਲਾਂਭੇ ਨਾ ਹੋਣ ਦੀ ਆਪਣੀ ਜ਼ਿੱਦ ’ਤੇ ਕਾਇਮ ਰਹਿਣਾ ਚਾਹੁੰਦੇ ਹਨ ਜਾਂ ਪਾਰਟੀ ਦੇ ਭਵਿੱਖ ਖਾਤਰ ਅਹੁਦਾ ਛੱਡਣਗੇ। ਮੀਟਿੰਗ ’ਚ ਸ਼ਾਮਲ ਸੂਤਰਾਂ ਅਨੁਸਾਰ ਸੱਤਾਧਾਰੀ ਪਾਰਟੀ ਦੇ 152 ਸੰਸਦ ਮੈਂਬਰਾਂ ’ਚੋਂ 24 ਨੇ ਲਿਖਤੀ ਪੱਤਰ ਪੇਸ਼ ਕੀਤਾ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਪਾਰਟੀ ਦੇ ਵਕਾਰ ਨੂੰ ਲੱਗੇ ਹੋਏ ਖੋਰੇ ਤੋਂ ਉਭਾਰਨ ਲਈ ਪਾਰਟੀ ਪ੍ਰਧਾਨ ਜਸਟਿਨ ਟਰੂਡੋ ਨੂੰ ਅਸਤੀਫਾ ਦੇ ਕੇ ਕਿਸੇ ਹੋਰ ਆਗੂ ਨੂੰ ਮੌਕਾ ਦੇਣਾ ਚਾਹੀਦਾ ਹੈ। ਨਿਰਾਸ਼ ਆਗੂ ਆਪਣੇ ਉਸ ਦਾਅਵੇ ’ਤੇ ਖਰੇ ਨਾ ਉਤਰ ਸਕੇ ਜਿਸ ਵਿੱਚ ਇੱਕ ਦਿਨ ਪਹਿਲਾਂ 40 ਮੈਂਬਰਾਂ ਦੇ ਦਸਤਖਤ ਹੋਣ ਦੀ ਗੱਲ ਕਹੀ ਗਈ ਸੀ। ਦਸਤਖਤ ਕਰਨ ਵਾਲਿਆਂ ਨੇ ਮੀਟਿੰਗ ਵਿੱਚ ਇਹ ਗੱਲ ਖੁੱਲ੍ਹ ਕੇ ਕਹੀ ਕਿ ਜਿਵੇਂ ਜਿਵੇਂ ਦੇਰ ਹੋ ਰਹੀ ਹੈ, ਪਾਰਟੀ ਆਗੂਆਂ ਦੇ ਮਨਾਂ ’ਚ ਨਿਰਾਸ਼ਾ ਵੱਧ ਰਹੀ ਹੈ। ਕਈ ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਖਰੀਆਂ ਖਰੀਆਂ ਵੀ ਸੁਣਾਈਆਂ ਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਪਾਰਟੀ ਦਾ ਗਰਾਫ਼ ਡਿੱਗਣ ਦਾ ਕਾਰਨ ਦੱਸਿਆ। ਬੀਸੀ ਤੋਂ ਸੰਸਦ ਮੈਂਬਰ ਪੈਟ੍ਰਿਕ ਵੈਲਰ ਨੇ 24 ਮੈਂਬਰਾਂ ਦੇ ਦਸਤਖਤਾਂ ਵਾਲਾ ਪੱਤਰ ਪੜ੍ਹਿਆ, ਜਿਸ ਵਿੱਚ ਜਸਟਿਨ ਟਰੂਡੋ ਤੋਂ ਅਸਤੀਫੇ ਦੀ ਮੰਗ ਕੀਤੀ ਗਈ ਸੀ। ਮੀਟਿੰਗ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੇ ਅਸਤੀਫੇ ਬਾਰੇ ਕੋਈ ਵੀ ਸੰਕੇਤ ਨਾ ਦਿੰਦਿਆਂ 28 ਅਕਤੂਬਰ ਤੱਕ ਵਿਚਾਰ ਕਰਨ ਦੀ ਗੱਲ ਕਹੀ। ਮੀਟਿੰਗ ਮਗਰੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਟਰੂਡੋ ਨੇ ਬੱਸ ਇੰਨਾ ਕਿਹਾ ਕਿ ਲਿਬਰਲ ਪਾਰਟੀ ਮਜ਼ਬੂਤ ਅਤੇ ਇਕਜੁੱਟ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਟਰੂਡੋ ਕੁਝ ਵਿਰੋਧ ਦਾ ਸਾਹਮਣਾ ਕਰਨ ਦੇ ਬਾਵਜੂਦ ਆਪਣਾ ਅਹੁਦਾ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਕੁਝ ਕੁ ਤਣਾਅ ਰਿਹਾ ਸੀ ਤੇ ਉਹ ਆਪਣੇ ਸਾਥੀਆਂ ਦਾ ਸਤਿਕਾਰ ਕਰਦੇ ਹਨ ਜਿਨ੍ਹਾਂ ਟਰੂਡੋ ਦੇ ਮੂੰਹ ’ਤੇ ਗੱਲ ਕਹਿਣ ਦੀ ਹਿੰਮਤ ਦਿਖਾਈ।