ਕੈਨੇਡਾ: ਆਰਜ਼ੀ ਵਿਦੇਸ਼ੀ ਕਾਮਿਆਂ ’ਤੇ ਨੱਥ ਪਾਉਣ ਦੀ ਤਿਆਰੀ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 7 ਅਗਸਤ
ਕੈਨੇਡਾ ਸਰਕਾਰ ਨੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਲੋੜ ਦੇ ਬਹਾਨੇ ਟਰਾਂਸਪੋਰਟਰਾਂ, ਖਾਣ-ਪੀਣ ਚੇਨਾਂ, ਸਿਹਤ ਸੇਵਾਵਾਂ ਸੰਗਠਨ (ਨੈਨੀ) ਅਤੇ ਹੋਰ ਖੇਤਰਾਂ ’ਚ ਬਣੇ ਹੋਏ ਲੁੱਟ ਦੇ ਰਾਹ ਪੱਕੇ ਤੌਰ ’ਤੇ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਕੈਨੇਡਾ ਦੇ ਰੁਜ਼ਗਾਰ ਮੰਤਰੀ ਰੈਂਡੀ ਬੋਇਸਨੌਇਲ ਨੇ ਹੁਨਰਮੰਦ ਕਾਮਿਆਂ ਦੀ ਆੜ ਹੇਠ ਵਿਦੇਸ਼ੀ ਲੋਕਾਂ ਨੂੰ ਸੱਦਣ ਅਤੇ ਕੁਝ ਕਾਰੋਬਾਰੀਆਂ ਲਈ ਗੈਰਕਾਨੂੰਨੀ ਕਮਾਈ ਦਾ ਸਾਧਨ ਬਣੇ ਹੋਏ ਐੱਲਐੱਮਆਈਏ (ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ) ਪ੍ਰੋਗਰਾਮ ਨੂੰ ਸੀਮਤ ਕਰਨ ਦੀ ਜਾਣਕਾਰੀ ਦਿੱਤੀ ਹੈ। ਕੈਨੇਡੀਅਨ ਲੋਕਾਂ ਨੇ ਇਸ ਨੂੰ ਦੇਰ ਨਾਲ ਲਿਆ ਗਿਆ ਸਹੀ ਫ਼ੈਸਲਾ ਦੱਸਿਆ ਹੈ। ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਵਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਹੁਣ ਇਸ ਪ੍ਰੋਗਰਾਮ ਅਧੀਨ ਆਈਆਂ ਦਰਖਾਸਤਾਂ ਨੂੰ ਪਹਿਲੀ ਵਾਰ ’ਚ ਰੱਦ ਕੀਤੇ ਜਾਣ ਦੀ ਨੀਤੀ ਲਾਗੂ ਹੋਵੇਗੀ। ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਕਾਮਿਆਂ ਨੂੰ ਘੱਟ ਤਨਖਾਹ ਸਮੇਤ ਹੋਰ ਸ਼ੋਸ਼ਣ ਵੀ ਹੁੰਦੇ ਰਹੇ ਹਨ। ਸਾਲ 2018 ’ਚ ਇਸ ਪ੍ਰੋਗਰਾਮ ਅਧੀਨ 1,08,988 ਵਿਦੇਸ਼ੀ ਲੋਕਾਂ ਨੂੰ ਸੱਦਿਆ ਗਿਆ ਸੀ ਜਦਕਿ 2023 ’ਚ ਇਹ ਗਿਣਤੀ ਦੁੱਗਣੀ ਤੋਂ ਵੀ ਵਧ ਕੇ 2,39,646 ਹੋ ਗਈ ਸੀ।