ਕੈਨੇਡਾ: ਵਿਨੀਪੈਗ ਏਅਰਪੋਰਟ ਤੇ ਪੁਲੀਸ ਨੇ 14.5 ਕਿੱਲੋ ਡੋਡੇ ਕੀਤੇ ਜ਼ਬਤ
ਕੈਨੇਡਾ ਵਿਚ ਵਿਨੀਪੈਗ ਇੰਟਰਨੈਸ਼ਨਲ ਏਅਰਪੋਰਟ ’ਤੇ 14 ਕਿੱਲੋ 500 ਗ੍ਰਾਮ ਡੋਡੇ ਫੜੇ ਗਏ। ਹਵਾਈ ਅੱਡੇ 'ਤੇ ਕੈਨੇਡਾ ਬਾਰਡਰ ਸਕਿਉਰਿਟੀ ਏਜੰਸੀ ਦੇ ਅਧਿਕਾਰੀਆਂ ਨੇ ਅਮਰੀਕਾ ਤੋਂ ਆ ਰਹੇ ਦੋ ਵੱਖ-ਵੱਖ ਖੇਪਾਂ ਵਿਚ 14.5 ਕਿੱਲੋ ਸ਼ੱਕੀ ਡੋਡੇ ਅਤੇ ਅਫ਼ੀਮ ਬਰਾਮਦ ਕੀਤੀ। ਇਹ ਗੈਰ-ਕਾਨੂੰਨੀ ਸਾਮਾਨ ਐਡਮਿੰਟਨ, ਐਲਬਰਟਾ ਲਈ ਸ਼ਿਪ ਕੀਤਾ ਗਿਆ ਸੀ ਅਤੇ ਇਸ ਦੀ ਕੀਮਤ 29,000 ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ ਅਤੇ ਫ਼ਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਕੀਤੇ ਜਾਣ ਦੀ ਰਿਪੋਰਟ ਨਹੀਂ।
ਦੂਜੇ ਪਾਸੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਓਟਵਾ ਦੇ ਹਰਵਿੰਦਰ ਸਿੰਘ ਮੱਲ੍ਹੀ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਂਟਾਰੀਓ ਪ੍ਰੋਵਿੰਸੀਅਲ ਪੁਲੀਸ ਦੀ ਮਦਦ ਨਾਲ ਕੀਤੀ ਗਈ ਕਾਰਵਾਈ ਬਾਰੇ ਪੁਲੀਸ ਨੇ ਦੱਸਿਆ ਕਿ ਏਅਰਪੋਰਟ ’ਤੇ ਪੁੱਜੇ ਇਕ ਪੈਕੇਜ ਦੀ ਪੜਤਾਲ ਕਰਦਿਆਂ ਹਰਵਿੰਦਰ ਸਿੰਘ ਮੱਲ੍ਹੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿਰੁੱਧ ਕੰਟਰੋਲ ਡਰੱਗ ਐਂਡ ਸਬਸਟੈਂਸ ਐਕਟ ਅਧੀਨ ਦੋਸ਼ ਆਇਦ ਕੀਤੇ ਗਏ ਹਨ।
ਲੈਬਾਰਟਰੀ ਟੈਸਟ ਦੌਰਾਨ ਪੈਕੇਜ ਵਿਚ ਹੀਰੋਇਨ ਹੋਣ ਦੀ ਤਸਦੀਕ ਹੋਈ ਹੈ। ਹਾਂਲਾਂਕਿ ਸ਼ੱਕੀ ਨੂੰ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਅਤੇ ਉਸ ਦੀ ਓਟਵਾ ਦੀ ਉਂਟਾਰੀਓ ਕੋਰਟ ਆਫ਼ ਜਸਟਿਸ ਵਿਚ ਅਗਲੀ ਪੇਸ਼ੀ 24 ਜੂਨ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ ਚਵਨਪ੍ਰਾਸ਼ ਦੇ ਡੱਬਿਆਂ ਵਿਚ ਭਰ ਕੇ ਕੈਨੇਡਾ ਭੇਜੀ 2 ਕਿੱਲੋ ਤੋਂ ਵੱਧ ਅਫ਼ੀਮ ਸੀਬੀਐੱਸਏ ਨੇ ਕੁਝ ਮਹੀਨੇ ਪਹਿਲਾਂ ਜ਼ਬਤ ਕੀਤੀ ਸੀ ਜਦਕਿ ਆਚਾਰ ਵਾਲੇ ਡੱਬਿਆਂ ਵਿਚੋਂ ਵੀ ਅਫ਼ੀਮ ਬਰਾਮਦ ਕੀਤੀ ਗਈ। ਗਰੇਟਰ ਟੋਰਾਂਟੋ ਏਰੀਆ ਵਾਸਤੇ ਆਈ ਕਮਰਸ਼ੀਅਲ ਸ਼ਿਪਮੈਂਟ ਵਿਚੋਂ ਅਫ਼ੀਮ ਦੇ ਇਹ ਡੱਬੇ ਬਰਾਮਦ ਹੋਏ।