ਕੈਨੇਡਾ: ਓਵਨ ’ਚ ਝੁਲਸ ਕੇ ਮਰੀ ਪੰਜਾਬੀ ਮੁਟਿਆਰ ਦੇ ਪਰਿਵਾਰ ਦੀ ਮਦਦ ਲਈ ਲੋਕ ਅੱਗੇ ਆਏ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 26 ਅਕਤੂਬਰ
ਹਫ਼ਤਾ ਪਹਿਲਾਂ ਕੈਨੇਡਾ ਦੇ ਪੂਰਬ ਤੱਟੀ ਸੂਬੇ ਨੋਵਾ ਸਕੋਸ਼ੀਆ ਦੇ ਸੈਲਾਨੀ ਸ਼ਹਿਰ ਹੈਲੀਫੈਕਸ ਸਥਿਤ ਵਾਲਮਾਰਟ ਸਟੋਰ ਵਿੱਚ ਕੰਮ ਕਰਦੀ 19 ਸਾਲਾ ਗੁਰਸਿਮਰਨ ਕੌਰ ਦੀ ਭੇਤ-ਭਰੀ ਹਾਲਤ ਵਿੱਚ ਬੇਕਰੀ ਦੇ ਓਵਨ ’ਚ ਝੁਲਸਣ ਮਗਰੋਂ ਮੌਤ ਹੋ ਗਈ। ਗੁਰਦੁਆਰਾ ਸਭਾ ਨੇ ‘ਗੋ ਫੰਡ’ ਰਾਹੀਂ ਲੋਕਾਂ ਤੋਂ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ, ਜਿਸ ਤਹਿਤ 10 ਘੰਟਿਆਂ ਵਿੱਚ 1,95,949 ਡਾਲਰ (ਕਰੀਬ ਸਵਾ ਕਰੋੜ ਰੁਪਏ) ਇਕੱਠੇ ਹੋ ਗਏ। ਰਕਮ ਉਮੀਦ ਤੋਂ ਚਾਰ ਗੁਣਾ ਵੱਧ ਹੋਣ ਕਾਰਨ ਪ੍ਰਬੰਧਕਾਂ ਨੂੰ ਫੰਡ ਰੋਕਣਾ ਪਿਆ। ਮੈਰੀਟਾਈਮ ਸਿੱਖ ਸਭਾ ਵੱਲੋਂ ਫੰਡ ਵਿੱਚੋਂ ਮ੍ਰਿਤਕ ਦੀਆਂ ਅੰਤਿਮ ਰਸਮਾਂ ਦਾ ਖਰਚਾ ਕੱਢ ਕੇ ਬਾਕੀ ਰਕਮ ਮਾਪਿਆਂ ਨੂੰ ਸੌਂਪੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸਿਮਰਨ ਕੌਰ ਤਿੰਨ ਸਾਲ ਪਹਿਲਾਂ ਆਪਣੀ ਮਾਂ ਤੇ ਭਰਾ ਸਣੇ ਸਟੱਡੀ ਵੀਜ਼ੇ ’ਤੇ ਕੈਨੇਡਾ ਆਈ ਸੀ ਅਤੇ ਦੋ ਸਾਲ ਤੋਂ ਵਾਲਮਾਰਟ ਸਟੋਰ ਵਿੱਚ ਕੰਮ ਕਰਦੀ ਸੀ। ਬੀਤੀ 19 ਅਕਤੂਬਰ ਦੀ ਰਾਤ ਸਟੋਰ ਦੇ ਪੋਰਟੇਬਲ ਬਾਕਸ ਓਵਨ ਵਿੱਚ ਭੇਤਭਰੀ ਹਾਲਤ ਵਿੱਚ ਝੁਲਸਣ ਮਗਰੋਂ ਉਸ ਦੀ ਮੌਤ ਹੋ ਗਈ। ਹਫ਼ਤੇ ਮਗਰੋਂ ਵੀ ਪੁਲੀਸ ਨੇ ਘਟਨਾ ਸਬੰਧੀ ਚੁੱਪ ਵੱਟੀ ਹੋਈ ਹੈ, ਜਦਕਿ ਡਾਕਟਰੀ ਟੀਮ ਮੌਤ ਦੇ ਕਾਰਨ ਸਬੰਧੀ ਉਡੀਕ ਕਰਨ ਦਾ ਕਹਿ ਕੇ ਟਾਲ ਰਹੀ ਹੈ। ਪ੍ਰਬੰਧਕਾਂ ਨੇ ਕਿਹਾ ਹੈ ਕਿ ਸਟੋਰ ਬੰਦ ਹੋਣ ਕਾਰਨ ਵਿਹਲੇ ਹੋਏ ਮੁਲਾਜ਼ਮਾਂ ਦੀ ਤਨਖਾਹ ਵਿੱਚ ਕਟੌਤੀ ਨਹੀਂ ਕੀਤੀ ਜਾਵੇਗੀ।