For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਫਲਸਤੀਨੀ ਸਮਰਥਕਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜ-ਛਾੜ

08:34 AM Sep 30, 2024 IST
ਕੈਨੇਡਾ  ਫਲਸਤੀਨੀ ਸਮਰਥਕਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜ ਛਾੜ
ਮਿਸੀਸਾਗਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਝੰਡਾ ਬੰਨ੍ਹਦੇ ਹੋਏ ਪ੍ਰਦਰਸ਼ਨਕਾਰੀ।
Advertisement

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 29 ਸਤੰਬਰ
ਫਲਸਤੀਨ ਦੇ ਗਾਜ਼ਾ ਵਿੱਚ ਹਮਲਿਆਂ ਦਾ ਇੱਕ ਸਾਲ ਪੂਰਾ ਹੋਣ ਮੌਕੇ ਕੈਨੇਡਾ ਵਿੱਚ ਇਜ਼ਰਾਈਲ ਖ਼ਿਲਾਫ਼ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਇਸ ਦੌਰਾਨ ਬੀਤੀ ਸ਼ਾਮ ਮਿਸੀਸਾਗਾ ਸ਼ਹਿਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਫਲਸਤੀਨੀ ਝੰਡਾ ਬੰਨ੍ਹ ਦਿੱਤਾ ਗਿਆ। ਕੁਝ ਵਿਖਾਵਾਕਾਰੀਆਂ ਨੇ ਮਿਸੀਸਾਗਾ ਸ਼ਹਿਰ ਦੀ ਡਰਿਊ ਰੋਡ ਸਥਿਤ ਗਰੇਟ ਪੰਜਾਬ ਪਲਾਜ਼ੇ ਵਿੱਚ ਲੱਗੇ ਆਦਮ ਕੱਦ ਅਕਾਰੀ ਘੋੜੇ ’ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਕਥਿਤ ਛੇੜ-ਛਾੜ ਵੀ ਕੀਤੀ। ਪੰਜਾਬੀ ਭਾਈਚਾਰੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ’ਤੇ ਫਲਸਤੀਨੀ ਝੰਡਾ ਲਾਉਣ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਪ੍ਰਦਰਸ਼ਨ ਦੌਰਾਨ ਦੋ ਨਕਾਬਪੋਸ਼ ਬੁੱਤ ’ਤੇ ਚੜ੍ਹੇ ਅਤੇ ਘੋੜੇ ਦੀ ਗਰਦਨ ਨਾਲ ਫਲਸਤੀਨ ਦਾ ਝੰਡਾ ਬੰਨ੍ਹਣ ਮਗਰੋਂ ਫ਼ਰਾਰ ਹੋ ਗਏ। ਹਾਲਾਂਕਿ, ਪੁਲੀਸ ਨੇ ਝੰਡਾ ਉਤਾਰ ਦਿੱਤਾ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਬੁੱਤ ’ਤੇ ਝੰਡਾ ਲਾਉਣ ਦੀ ਘਟਨਾ ਦੀ ਵੀਡੀਓ ਬਣਾਉਣ ਵਾਲਿਆਂ ਨੇ ਕਿਹਾ ਕਿ ਬੁੱਤ ਦੀ ਕੋਈ ਭੰਨ-ਤੋੜ ਨਹੀਂ ਕੀਤੀ ਗਈ।
ਕੈਨੇਡਾ ਰਹਿੰਦੇ ਫਲਸਤੀਨ ਸਮਰਥਕ ਕਈ ਦਿਨਾਂ ਤੋਂ ਇਜ਼ਰਾਈਲ ਖ਼ਿਲਾਫ਼ ਰੋਸ ਵਿਖਾਵੇ ਕਰ ਰਹੇ ਹਨ ਅਤੇ ਕਈ ਥਾਵਾਂ ’ਤੇ ਫਲਸਤੀਨੀ ਝੰਡੇ ਲਗਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਦੋ ਦਿਨ ਪਹਿਲਾਂ ਹਾਈਵੇਅ 401 ਸਮੇਤ ਕਈ ਹੋਰ ਪ੍ਰਮੁੱਖ ਸੜਕਾਂ ਦੀਆਂ ਉੱਚੀਆਂ ਥਾਵਾਂ ਉੱਤੇ ਝੰਡੇ ਬੰਨ੍ਹ ਦਿੱਤੇ ਸਨ ਜੋ ਬਾਅਦ ਵਿੱਚ ਪੁਲੀਸ ਵੱਲੋਂ ਉਤਾਰ ਦਿੱਤੇ ਗਏ। ਇਸ ਦੌਰਾਨ ਟੋਰਾਂਟੋ ਸਥਿਤ ਸੀਐੱਨ ਟਾਵਰ ਉੱਤੇ ਝੰਡਾ ਬੰਨ੍ਹਣ ਦਾ ਯਤਨ ਪੁਲੀਸ ਨੇ ਨਾਕਾਮ ਕਰ ਦਿੱਤਾ। ਇਸ ਦੌਰਾਨ ਪੁਲੀਸ ਨੇ ਕੁਝ ਵਿਖਾਵਾਕਾਰੀ ਹਿਰਾਸਤ ਵਿੱਚ ਵੀ ਲਏ। ਦੱਸਿਆ ਜਾ ਰਿਹਾ ਹੈ ਕਿ ਉਹ ਉਸੇ ਦਿਨ ਜ਼ਮਾਨਤ ਮਿਲਣ ਮਗਰੋਂ ਮੁੜ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋ ਗਏ। ਪ੍ਰਦਰਸ਼ਨਕਾਰੀ ਆਲਮੀ ਪੱਧਰ ’ਤੇ ਫਲਸਤੀਨੀਆਂ ਲਈ ਸਮਰਥਨ ਜੁਟਾਉਣ ਦਾ ਯਤਨ ਕਰ ਰਹੇ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਮਹਾਰਾਜੇ ਦੀ ਮਹਾਨਤਾ ਤੋਂ ਅਣਜਾਣ ਇਨ੍ਹਾਂ ਲੋਕਾਂ ਨੇ ਸ਼ਾਇਦ ਬੁੱਤ ਦੀ ਉਚਾਈ ਅਤੇ ਲੋਕਾਂ ਦੀ ਉਸ ਪ੍ਰਤੀ ਖਿੱਚ ਵੇਖ ਕੇ ਇੰਜ ਕਰਨ ਦਾ ਯਤਨ ਕੀਤਾ ਹੋਵੇ। ਸੂਤਰਾਂ ਅਨੁਸਾਰ ਪੁਲੀਸ ਨੇ ਇਸ ਸਬੰਧੀ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement