ਕੈਨੇਡਾ: ਪਾਲ ਏਅਰਲਾਈਨ ਦੇ ਜਹਾਜ਼ ਨੂੰ ਲੈਂਡਿੰਗ ਮੌਕੇ ਅੱਗ ਲੱਗੀ; ਜਾਨੀ ਨੁਕਸਾਨ ਤੋਂ ਬਚਾਅ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 29 ਦਸੰਬਰ
ਕੈਨੇਡਾ ਦੇ ਹੈਲੀਫੈਕਸ ਹਵਾਈ ਅੱਡੇ ’ਤੇ ਕੈਨੇਡਾ ਦੀ ਪਾਲ ਏਅਰਲਾਈਨ ਦਾ ਜਹਾਜ਼ ਲੈਂਡਿੰਗ ਮੌਕੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦੇ ਇੱਕ ਹਿੱਸੇ ਨੂੰ ਅੱਗ ਲੱਗ ਗਈ, ਪਰ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਦਸੇ ਕਰਕੇ ਹੈਲੀਫੈਕਸ ਹਵਾਈ ਅੱਡੇ ਨੂੰ ਸ਼ਨਿੱਚਰਵਾਰ ਰਾਤੀਂ ਆਰਜ਼ੀ ਤੌਰ ’ਤੇ ਬੰਦ ਕਰ ਦਿੱਤਾ ਗਿਆ। ਇਹ ਹਾਦਸਾ ਦੱਖਣੀ ਕੋਰੀਆ ਦੇ ਮੁਆਨ ਕੌਮਾਂਤਰੀ ਹਵਾਈ ਅੱਡੇ ’ਤੇ ਹੋਏ ਮਿਲਦੇ ਜੁਲਦੇ ਹਾਦਸੇ, ਜਿਸ ਵਿਚ 179 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ, ਤੋੋਂ ਕੋਈ ਦੋ ਘੰਟੇ ਬਾਅਦ ਹੋਇਆ।
ਜਾਣਕਾਰੀ ਅਨੁਸਾਰ ਏਅਰ ਕੈਨੇਡਾ ਦੀ ਫਲਾਈਟ ਨੰਬਰ 2259, ਜਿਸ ਦਾ ਸੰਚਾਲਣ ਪਾਲ ਏਅਰਲਾਈਨ ਵਲੋਂ ਕੀਤਾ ਜਾ ਰਿਹਾ ਸੀ, ਨਿਊ ਫਾਊਂਡਲੈਂਡ ਤੋਂ ਉਡਾਣ ਭਰਕੇ ਸਵਾਰੀਆਂ ਸਮੇਤ ਹੈਰੀਫੈਕਸ ਹਵਾਈ ਅੱਡੇ ਉੱਤੇ ਪਹੁੰਚੀ ਸੀ। ਇਸ ਦੌਰਾਨ ਉਤਰਨ ਮੌਕੇ ਜਹਾਜ਼ ਦੇ ਲੈਂਡਿੰਗ ਗੇਅਰ ਵਿਚ ਪਏ ਤਕਨੀਕੀ ਨੁਕਸ ਕਰਕੇ ਉਡਾਣ ਜ਼ਮੀਨ ’ਤੇ ਨਾ ਲੱਗ ਸਕੀ। ਜਹਾਜ਼ ਹਵਾਈ ਪੱਟੀ ਤੋਂ ਖਿਸਕ ਕੇ ਮਿੱਟੀ ਵਿੱਚ ਜਾ ਫਸਿਆ ਤੇ ਉਸ ਦੇ ਇੱਕ ਹਿੱਸੇ ਨੂੰ ਅੱਗ ਲੱਗ ਗਈ। ਪਾਇਲਟ ਵੱਲੋਂ ਪਹਿਲਾਂ ਹੀ ਸੁਚੇਤ ਕੀਤੇ ਅੱਗ ਬੁਝਾਊ ਤੇ ਬਚਾਅ ਅਮਲੇ ਨੇ ਅੱਗ ’ਤੇ ਕਾਬੂ ਪਾ ਲਿਆ ਤੇ ਸਾਰੇ ਯਾਤਰੀਆਂ ਤੇ ਅਮਲਾ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਏਅਰ ਕੈਨੇਡਾ ਦੀ ਉਡਾਣ ਦੇ ਇੱਕ ਯਾਤਰੀ ਅਨੁਸਾਰ ਜਹਾਜ਼ ਜਿਵੇਂ ਹੀ ਹਵਾਈ ਪੱਟੀ ’ਤੇ ਉਤਰਿਆ ਤਾਂ ਉਸ ਦਾ ਉਲਾਰ ਖੱਬੇ ਪਾਸੇ ਹੋ ਗਿਆ ਤੇ ਉਸ ਦਾ ਇੰਜਣ ਸਮੇਤ ਖੱਬਾ ਖੰਭ ਜ਼ਮੀਨ ’ਤੇ ਘਿਸਰਣ ਲੱਗਾ ਤੇ ਉਸ ਨੂੰ ਅੱਗ ਲੱਗ ਗਈ। ਬਚਾਅ ਦਲ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਤੇ ਯਾਤਰੀਆਂ ਨੂੰ ਜਲਦੀ ਨਾਲ ਸੱਜੇ ਪਾਸੇ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਹੈਲੀਫੈਕਸ ਹਵਾਈ ਅੱਡਾ ਅਧਿਕਾਰੀ ਨੇ ਐਕਸ ’ਤੇ ਦੱਸਿਆ ਕਿ ਪਾਇਲਟ ਵਲੋਂ ਲੈਂਡਿੰਗ ਗੇਅਰ ਖੋਲ੍ਹਣ ਦੇ ਯਤਨਾਂ ਦੌਰਾਨ ਖੱਬੇ ਪਾਸੇ ਵਾਲਾ ਪਹੀਆ ਖੁੱਲ੍ਹ ਕੇ ਬਾਹਰ ਨਾ ਆ ਸਕਿਆ, ਜੋ ਹਾਦਸੇ ਦਾ ਕਾਰਨ ਬਣਿਆ। ਪਤਾ ਲੱਗਾ ਹੈ ਕਿ ਜਹਾਜ਼ ਵਿੱਚ ਤੇਲ ਏਨਾ ਘੱਟ ਸੀ ਕਿ ਪਾਇਲਟ ਨੇ 100 ਫੁੱਟ ਦੀ ਉਚਾਈ ਤੋਂ ਫਿਰ ਉਡਾਣ ਭਰਨ ਦਾ ਖਤਰਾ ਮੁੱਲ ਲੈਣਾ ਵਾਜਬ ਨਾ ਸਮਝਿਆ ਤੇ ਪਹੀਆ ਖੋਲ੍ਹਣ ਦੇ ਯਤਨਾਂ ਦੌਰਾਨ ਜਹਾਜ਼ ਧਰਤੀ ਨਾਲ ਖਹਿ ਗਿਆ। ਹਾਦਸੇ ਦੇ ਕਾਰਣਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।