ਕੈਨੇਡਾ: ਓਂਟਾਰੀਓ ’ਚ 27 ਨੂੰ ਮੱਧਕਾਲੀ ਚੋਣਾਂ ਦਾ ਐਲਾਨ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 29 ਜਨਵਰੀ
ਕੈਨੇਡਾ ਦੇ ਸਭ ਤੋਂ ਵੱਡੇ ਸੂਬੇ ਓਂਟਾਰੀਓ ਦੀ ਵਿਧਾਨ ਸਭਾ ਭੰਗ ਕਰਕੇ 27 ਫਰਵਰੀ ਨੂੰ ਮੱਧਕਾਲੀ ਚੋਣਾਂ ਦਾ ਅੱਜ ਐਲਾਨ ਹੋ ਗਿਆ ਹੈ। ਸੂਬੇ ਦੀ 43ਵੀਂ ਵਿਧਾਨ ਸਭਾ ਮਾਰਚ ਦੇ ਪਹਿਲੇ ਹਫਤੇ ਕਾਇਮ ਹੋਵੇਗੀ।
ਅੱਜ ਭੰਗ ਹੋਈ ਵਿਧਾਨ ਸਭਾ ਦੀ ਚੋਣ 7 ਜੂਨ 2022 ਨੂੰ ਹੋਈ ਸੀ, ਜਿਸ ਵਿੱਚ 124 ਮੈਂਬਰੀ ਹਾਊਸ ਲਈ ਡੱਗ ਫੋਰਡ ਦੀ ਅਗਵਾਈ ਹੇਠਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ 83 ਸੀਟਾਂ ਜਿੱਤੀਆਂ ਸਨ ਤੇ 31 ਸੀਟਾਂ ਐੱਨਡੀਪੀ ਨੂੰ ਮਿਲੀਆਂ ਸਨ। ਲਿਬਰਲ ਪਾਰਟੀ ਨੇ 8 ਅਤੇ ਗਰੀਨ ਪਾਰਟੀ ਤੇ ਆਜ਼ਾਦ ਉਮੀਦਵਾਰ ਨੇ ਇੱਕ-ਇੱਕ ਸੀਟ ਜਿੱਤੀ ਸੀ। ਚੋਣਾਂ ਦੇ ਜਨਤਕ ਐਲਾਨ ਤੋਂ ਪਹਿਲਾਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਆਗੂ ਤੇ ਮੁੱਖ ਮੰਤਰੀ ਡੱਗ ਫੋਰਡ ਸੂਬੇ ਦੀ ਲੈਫਟੀਨੈਂਟ ਗਵਰਨਰ ਮੈਡਮ ਐਡਿਥ ਡੁਮੌਂਟ ਨੂੰ ਮਿਲੇ ਤੇ ਵਿਧਾਨ ਸਭਾ ਭੰਗ ਕਰਕੇ ਮੱਧਕਾਲੀ ਚੋਣਾਂ ਕਰਾਉਣ ਦਾ ਬੇਨਤੀ ਪੱਤਰ ਦਿੱਤਾ। ਡੁਮੌਂਟ ਨੇ ਬੇਨਤੀ ਤੁਰੰਤ ਸਵੀਕਾਰ ਕਰਕੇ 27 ਫਰਵਰੀ ਨੂੰ ਚੋਣਾਂ ਦੀ ਤਜਵੀਜ਼ ਪ੍ਰਵਾਨ ਕਰ ਲਈ। ਬਾਅਦ ’ਚ ਪੱਤਰਕਾਰ ਸੰਮੇਲਨ ਵਿੱਚ ਡੱਗ ਫੋਰਡ ਨੇ ਕਿਹਾ ਕਿ ਇਹ ਚੋਣ ਨਹੀਂ, ਸਗੋਂ ਚਾਰ ਸਾਲਾਂ ਵਾਸਤੇ ਸੂਬੇ ਦੀ ਆਰਥਿਕਤਾ ਦੀ ਮਜ਼ਬੂਤੀ ਦੀ ਲੜਾਈ ਹੈ, ਜਿਸ ਵਿੱਚ ਉਹ ਇਹ ਯਕੀਨੀ ਬਣਾਉਣਗੇ ਕਿ ਸੂਬੇ ਦੀ ਆਰਥਿਕਤਾ ਉੱਤੇ ਬਾਹਰਲਿਆਂ ਦੇ ਹਮਲੇ ਨੂੰ ਪੂਰੀ ਤਾਕਤ ਨਾਲ ਪਛਾੜਿਆ ਜਾਵੇ।