ਕੈਨੇਡਾ: ਮੰਦਰ ਦੇ ਬਾਹਰ ਝੜਪ ਸਬੰਧੀ ਇੱਕ ਹੋਰ ਗ੍ਰਿਫ਼ਤਾਰ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 8 ਨਵੰਬਰ
ਓਂਟਾਰੀਓ ਦੀ ਖੇਤਰੀ ਪੀਲ ਪੁਲੀਸ ਨੇ ਚਾਰ ਨਵੰਬਰ ਨੂੰ ਬਰੈਂਪਟਨ ਦੇ ਗੋਰ ਰੋਡ ਸਥਿਤ ਮੰਦਰ ਵਿੱਚ ਭਾਰਤੀ ਕੌਂਸਲੇਟ ਅਮਲੇ ਵੱਲੋਂ ਲਾਏ ਕੈਂਪ ਖ਼ਿਲਾਫ਼ ਵਿਖਾਵਾ ਕਰਦੇ ਲੋਕਾਂ ਦੀ ਮੰਦਰ ਅੰਦਰਲੇ ਕੁਝ ਲੋਕਾਂ ਨਾਲ ਹੋਈਆਂ ਝੜਪਾਂ ਦੇ ਮਾਮਲੇ ਦੀ ਜਾਂਚ ਕਰਦਿਆਂ ਵੀਡੀਓ ਫੁਟੇਜ ਦੇ ਆਧਾਰ ’ਤੇ ਇੱਕ ਹੋਰ ਗ੍ਰਿਫ਼ਤਾਰੀ ਕੀਤੀ ਹੈ। ਇਸ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਿਆ ਹੈ। ਪੀਲ ਪੁਲੀਸ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਫੁਟੇਜ ਵਿੱਚ ਮੁਲਜ਼ਮ ਰਜਿੰਦਰ ਲਾਲ ਬੈਨਰਜੀ (57) ਲਾਊਡ ਸਪੀਕਰ ਰਾਹੀਂ ਲੋਕਾਂ ਨੂੰ ਹਿੰਸਾ ਲਈ ਭੜਕਾਉਂਦਾ ਦੇਖਿਆ ਤੇ ਸੁਣਿਆ ਜਾ ਰਿਹਾ ਹੈ। ਪੀਲ ਪੁਲੀਸ ਨੇ ਤਿੰਨ ਤੇ ਚਾਰ ਨਵੰਬਰ ਨੂੰ ਬਰੈਂਪਟਨ ਵਿੱਚ ਹੋਈਆਂ ਅਜਿਹੀਆਂ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਪੁਲੀਸ ਵੱਲੋਂ ਆਪਣੇ ਸਾਰਜੈਂਟ ਰੈਂਕ ਦੇ ਮੁਲਾਜ਼ਮ ਨੂੰ ਬੇਨਿਯਮੀਆਂ ਦੇ ਦੋਸ਼ਾਂ ਹੇਠ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਿਆ ਹੈ। ਪੀਲ ਪੁਲੀਸ ਦੇ ਹੱਥ ਵ੍ਹਟਸਐਪ ਚੈਟ ਲੱਗੀ ਹੈ, ਜਿਸ ਦੀ ਜਾਂਚ ਮਗਰੋਂ ਸਹੀ ਪਾਏ ਜਾਣ ’ਤੇ ਕਿਚਨਰ ਦੇ ਅਰਮਾਨ ਗਹਿਲੋਤ (24) ਅਤੇ ਨਾਮਾਲੂਮ ਪਤੇ ਵਾਲੇ ਅਰਪਿਤ (22) ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ।