Canada News: ਘਰ ਮੂਹਰੇ ਗੋਲੀਆਂ ਨਾਲ ਮਾਰੇ ਗਏ ਵਿਅਕਤੀ ਦੀ ਪਛਾਣ ਪੰਜਾਬੀ ਨੌਜੁਆਨ ਵਜੋਂ ਹੋਈ
01:29 PM Dec 10, 2024 IST
Advertisement
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 10 ਦਸੰਬਰ
Canada News: ਚਾਰ ਦਿਨ ਪਹਿਲਾਂ ਬਰੈਂਪਟਨ ਵਿੱਚ ਘਰ ਮੂਹਰਿਉਂ ਬਰਫ ਹਟਾਉਂਣ ਮੌਕੇ ਮਾਰੇ ਗਏ ਵਿਅਕਤੀ ਦੀ ਪਛਾਣ ਜਾਰੀ ਕਰਦਿਆਂ ਪੁਲੀਸ ਨੇ ਦੱਸਿਆ ਕਿ ਮਰਨ ਵਾਲਾ 26 ਸਾਲਾਂ ਦਾ ਪ੍ਰਿਤਪਾਲ ਸਿੰਘ ਸੀ, ਜਿਸ ਨੇ ਥੋੜ੍ਹੇ ਦਿਨ ਪਹਿਲਾਂ ਉਹ ਘਰ ਕਿਰਾਏ ’ਤੇ ਲਿਆ ਸੀ। ਉਸ ਤੋਂ ਪਹਿਲਾਂ ਉਹ ਘਰ ਇੱਕ ਸਾਲ ਵਿਕਰੀ ’ਤੇ ਲੱਗਾ ਹੋਣ ਕਾਰਨ ਖਾਲੀ ਰਿਹਾ, ਪਰ ਗਾਹਕ ਨਾ ਮਿਲਣ ਕਰਕੇ ਮਾਲਕ ਨੇ ਘਰ ਕਿਰਾਏ ’ਤੇ ਚਾੜ੍ਹ ਦਿੱਤਾ ਸੀ।
ਪੁਲੀਸ ਬੁਲਾਰੇ ਰਿਚਰਡ ਚਿਨ ਨੇ ਦੱਸਿਆ ਕਿ ਕੰਕੌਰਡ ਡਰਾਇਵ ’ਤੇ ਓਡੀਅਨ ਸਟਰੀਟ ਸਥਿਤ ਘਰ ’ਚ ਰਹਿੰਦਾ ਪ੍ਰਿਤਪਾਲ ਤੇ ਉਸਦਾ ਸਾਥੀ ਰਾਤ 11 ਵਜੇ ਘਰ ਮੂਹਰਿਉਂ ਬਰਫ ਹਟਾ ਰਹੇ ਸਨ ਤਾਂ ਕਾਰ ’ਚ ਆਏ ਦੋ ਜਣਿਆਂ ਵਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਪ੍ਰਿਤਪਾਲ ਨੂੰ ਕਈ ਗੋਲੀਆਂ ਲੱਗਣ ਕਰ ਕੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਨੂੰ ਆਪਣੇ ਬਚਾਅ ਲਈ ਭੱਜਦੇ ਹੋਏ ਗੋਲੀ ਵੱਜੀ।
ਜਾਂਚਕਰਤਾ ਪੀਲ ਪੁਲੀਸ ਦੇ ਸਾਰਜੈਂਟ ਜੈਨੀਫਰ ਟ੍ਰਿੰਬਲ ਦਾ ਮੰਨਣਾ ਹੈ ਕਿ ਇਸ ਕਤਲ ਤੋਂ ਥੋੜ੍ਹੀ ਦੂਰ ਅਤੇ ਕੁਝ ਮਿੰਟ ਬਾਅਦ ਕੈਲੇਡਨ ਵਿੱਚ ਹੋਈ ਗੋਲੀਬਾਰੀ ਉਸੇ ਫਿਰੌਤੀ ਗਰੋਹ ਦੀ ਕਰਤੂਤ ਹੋ ਸਕਦੀ ਹੈ, ਕਿਉਂਕਿ ਜਿਸ ਕੈਲੇਡਨ ਵਾਲੇ ਘਰ ’ਤੇ ਗੋਲੀਬਾਰੀ ਹੋਈ, ਉਹ ਵੀ ਉਸੇ ਵਿਅਕਤੀ ਦੀ ਮਾਲਕੀ ਵਾਲਾ ਹੈ, ਜਿੱਥੇ ਗੋਲੀਆਂ ਚਲਾ ਕੇ ਪ੍ਰਿਤਪਾਲ ਦੀ ਹੱਤਿਆ ਕੀਤੀ ਗਈ। ਗੋਲੀਬਾਰੀ ਦੀ ਇਹ ਘਟਨਾ ਸਾਹਮਣੇ ਘਰ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੀ ਵਾਇਰਲ ਹੋਈ ਵੀਡੀਓ ਵਿੱਚ ਗੋਲੀਬਾਰੀ ਹੁੰਦਿਆਂ ਹੀ ਦੋ ਜਣਿਆਂ ਨੂੰ ਅੰਦਰ ਵੱਲ ਭੱਜਦੇ ਵੇਖਿਆ ਜਾ ਸਕਦਾ ਹੈ, ਪਰ ਇੱਕ ਜਣਾ ਗੋਲੀ ਲੱਗਣ ਕਾਰਨ ਮੌਕੇ ’ਤੇ ਡਿੱਗ ਜਾਂਦਾ ਹੈ, ਜਦਕਿ ਦੂਜੇ ਨੂੰ ਇੱਕ ਗੋਲੀ ਲੱਗਣ ਦੇ ਬਾਵਜੂਦ ਉਸ ਦੀ ਜਾਨ ਬਚ ਗਈ ਹੈ।
Advertisement
Advertisement