Canada News: ਸ਼ੈਰੀਡਨ ਕਾਲਜ 40 ਪ੍ਰੋਗਰਾਮਾਂ ਨੂੰ ਕਰੇਗਾ ਮੁਅੱਤਲ, ਸਟਾਫ਼ ਚ ਵੀ ਹੋਵੇਗੀ ਕਟੌਤੀ
ਸੁਰਿੰਦਰ ਮਾਵੀ
ਵਿਨੀਪੈਗ, ਨਵੰਬਰ 28
Canada News: ਫੈਡਰਲ ਸਰਕਾਰ ਵੱਲੋਂ ਅੰਤਰਰਾਸ਼ਟਰੀ ਪੋਸਟ-ਸੈਕੰਡਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾਂ ’ਤੇ ਕੈਂਪ ਲਗਾਉਣ ਦੇ ਐਲਾਨ ਕਰਨ ਤੋਂ ਬਾਅਦ ਸ਼ੈਰੀਡਨ ਕਾਲਜ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨ ਵਾਲਾ ਪਹਿਲਾ ਕਾਲਜ ਹੈ। ਕਾਲਜ ਦੇ ਅਨੁਸਾਰ ਇਥੇ 40,000 ਤੋਂ ਵੱਧ ਵਿਦਿਆਰਥੀ ਹਨ। ਇਹ ਕੈਨੇਡਾ ਦਾ ਚੋਟੀ ਦਾ ਐਨੀਮੇਸ਼ਨ ਕਾਲਜ ਮੰਨਿਆ ਜਾਂਦਾ ਹੈ ਜਿਸ ਵਿੱਚ ਸੱਤ ਸ਼ੈਰੀਡਨ-ਸਿਖਲਾਈ ਪ੍ਰਾਪਤ ਐਨੀਮੇਟਰਾਂ ਨੇ ਅਕੈਡਮੀ ਅਵਾਰਡ ਜਿੱਤਿਆ ਹੈ।
ਓਨਟਾਰੀਓ ਦੇ ਇਸ ਕਾਲਜ ਨੇ ਸਰਕਾਰੀ ਨੀਤੀ ਵਿਚ ਤਬਦੀਲੀ ਅਤੇ ਦਾਖ਼ਲੇ ਵਿਚ ਗਿਰਾਵਟ ਦਾ ਹਵਾਲਾ ਦਿੰਦੇ ਹੋਏ ਆਪਣੇ ਦਰਜਨਾਂ ਪ੍ਰੋਗਰਾਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਆਪਣੇ ਸਟਾਫ਼ ਨੂੰ ਘਟਾ ਦਿੱਤਾ ਹੈ। ਸ਼ੈਰੀਡਨ ਕਾਲਜ ਨੇ ਆਪਣੀ ਵੈੱਬਸਾਈਟ ਤੇ ਕਿਹਾ ਹੈ ਕਿ ਇਨ੍ਹਾਂ ਪ੍ਰੋਗਰਾਮਾਂ ਵਿੱਚ ਸਾਰੇ ਮੌਜੂਦਾ ਵਿਦਿਆਰਥੀਆਂ ਨੂੰ ਗ੍ਰੈਜੂਏਟ ਹੋਣ ਦਾ ਮੌਕਾ ਮਿਲੇਗਾ, ਪਰ ਅਸੀਂ ਅੱਗੇ ਨਵੇਂ ਸਾਲ ਦੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇਵਾਂਗੇ। ਬਰੈਂਪਟਨ, ਮਿਸੀਸਾਗਾ ਅਤੇ ਓਕਵਿਲੇ ਵਿਚ ਕੈਂਪਸ ਰੱਖਣ ਵਾਲੇ ਕਾਲਜ ਨੇ ਕਿਹਾ ਕਿ ਕੁਝ ਮੁਅੱਤਲੀਆਂ ਮਈ ਦੇ ਸ਼ੁਰੂ ਵਿਚ ਲਾਗੂ ਹੋਣਗੀਆਂ ਪਰ ਆਉਣ ਵਾਲੇ ਮਹੀਨਿਆਂ ਅਤੇ ਸਾਲਾਂ ਵਿਚ ਪ੍ਰੋਗਰਾਮ ਬੰਦ ਹੋ ਜਾਣਗੇ।
ਸ਼ੈਰੀਡਨ ਕਾਲਜ ਵਿੱਚ ਪ੍ਰਭਾਵਿਤ ਮੁਅੱਤਲ ਕੀਤੇ ਜਾ ਰਹੇ ਪ੍ਰੋਗਰਾਮਾਂ ਵਿੱਚ ਅਪਲਾਈਡ ਸਾਇੰਸ ਐਂਡ ਟੈਕਨਾਲੋਜੀ ਦੀ ਫੈਕਲਟੀ ਵਿੱਚ 13, ਬਿਜ਼ਨਸ ਪ੍ਰੋਗਰਾਮਾਂ ਦੇ 13, ਐਨੀਮੇਸ਼ਨ, ਆਰਟਸ ਅਤੇ ਡਿਜ਼ਾਈਨ ਦੀ ਫੈਕਲਟੀ ਵਿੱਚ ਛੇ, ਅਪਲਾਈਡ ਹੈਲਥ ਐਂਡ ਕਮਿਊਨਿਟੀ ਸਟੱਡੀਜ਼ ਦੀ ਫੈਕਲਟੀ ਵਿੱਚ ਪੰਜ ਅਤੇ ਹਿਊਮੈਨਿਟੀ ਅਤੇ ਸਮਾਜਿਕ ਵਿਗਿਆਨ ਵਿੱਚ ਤਿੰਨ ਪ੍ਰੋਗਰਾਮ ਸ਼ਾਮਲ ਹਨ।
ਇਸ ਸਾਲ ਦੇ ਸ਼ੁਰੂ ਵਿੱਚ ਓਟਾਵਾ ਨੇ ਐਲਾਨ ਕੀਤਾ ਕਿ ਉਹ ਰਿਹਾਇਸ਼ ਦੀ ਘਾਟ ਅਤੇ ਰਹਿਣ ਦੀ ਲਾਗਤ ਦੇ ਜਵਾਬ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਦੀ ਗਿਣਤੀ ਘਟਾ ਰਿਹਾ ਹੈ। ਪਿਛਲੇ ਮਹੀਨੇ ਕੌਂਸਲ ਆਫ਼ ਓਨਟਾਰੀਓ ਯੂਨੀਵਰਸਿਟੀਜ਼ ਨੇ ਕਿਹਾ ਸੀ ਕਿ ਇਸ ਸੀਮਾ ਨਾਲ ਓਨਟਾਰੀਓ ਦੇ ਸਕੂਲਾਂ ਨੂੰ ਲਗਭਗ 1 ਬਿਲੀਅਨ ਡਾਲਰ ਦਾ ਮਾਲੀਆ ਨੁਕਸਾਨ ਹੋ ਸਕਦਾ ਹੈ।
ਕਾਲਜ ਦੀ ਪ੍ਰੈਜ਼ੀਡੈਂਟ ਜੈਨੇਟ ਮੌਰੀਸਨ ਵੱਲੋਂ ਆਏ ਬਿਆਨ ਅਨੁਸਾਰ ਕਾਲਜ ਦਾ ਅਨੁਮਾਨ ਹੈ ਕਿ ਅਗਲੇ ਸਾਲ 30% ਘੱਟ ਵਿਦਿਆਰਥੀ ਦਾਖ਼ਲਾ ਲੈਣਗੇ ਜਿਸ ਨਾਲ ਮਾਲੀਏ ਵਿਚ ਤਕਰੀਬਨ 112 ਮਿਲੀਅਨ ਡਾਲਰ ਦੀ ਕਮੀ ਆਵੇਗੀ।
ਮੌਰੀਸਨ ਨੇ ਕਿਹਾ ਕਿ 27 ਹੋਰ ਪ੍ਰੋਗਰਾਮਾਂ ਦੀ ਵੀ ਕੁਸ਼ਲਤਾ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ ਲੰਬੇ ਸਮੇਂ ਤੋਂ ਘੱਟ ਫੰਡਿੰਗ ਬਦਲਦੀਆਂ ਸਰਕਾਰੀ ਨੀਤੀਆਂ, ਅਤੇ ਸਮਾਜਿਕ, ਤਕਨੀਕੀ, ਅਤੇ ਆਰਥਿਕ ਵਿਘਨ ਦੇ ਦੌਰਾਨ ਸ਼ੈਰੀਡਨ ਨੂੰ ਵਿੱਤੀ ਤੌਰ ’ਤੇ ਟਿਕਾਊ ਅਤੇ ਜੀਵਤ ਅਦਾਰਾ ਬਣੇ ਰਹਿਣ ਲਈ ਇਹ ਬਦਲਾਅ ਜ਼ਰੂਰੀ ਹਨ।
ਫੈਡਰਲ ਸਰਕਾਰ ਨੇ ਕਿਹਾ ਸੀ ਕਿ 2024 ਲਈ 360,000 ਸਟੱਡੀ ਪਰਮਿਟ ਮਨਜ਼ੂਰ ਕੀਤੇ ਜਾਣਗੇ - ਜੋ ਕਿ 2023 ਦੀ ਤੁਲਨਾ ਵਿਚ 35% ਘੱਟ ਹਨ।ਸਤੰਬਰ ਵਿੱਚ, ਫੈਡਰਲ ਲਿਬਰਲ ਸਰਕਾਰ ਨੇ ਕਿਹਾ ਸੀ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟਾਂ ਦੀ ਗਿਣਤੀ ਵਿੱਚ ਹੋਰ 10 ਪ੍ਰਤੀਸ਼ਤ ਦੀ ਕਟੌਤੀ ਕਰੇਗੀ।
ਵਿੱਦਿਅਕ ਅਦਾਰਿਆਂ ਦਰਮਿਆਨ ਸਟੱਡੀ ਪਰਮਿਟ ਕਿਸ ਤਰ੍ਹਾਂ ਵੰਡੇ ਜਾਣੇ ਹਨ ਇਹ ਫ਼ੈਸਲਾ ਸੂਬਾ ਸਰਕਾਰ ’ਤੇ ਛੱਡਿਆ ਗਿਆ ਹੈ। ਸੂਬਾ ਸਰਕਾਰ ਨੇ ਮਾਰਚ ਵਿਚ ਕਿਹਾ ਸੀ ਕਿ ਕਾਲਜਾਂ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਵਿਚ ਮਹੱਤਵਪੂਰਨ ਗਿਰਾਵਟ ਆਏਗੀ। ਫੋਰਡ ਸਰਕਾਰ ਦੇ 2024 ਦੇ ਬਜਟ ਵਿਚ ਖ਼ੁਲਾਸਾ ਹੋਇਆ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਵਿਚ ਗਿਰਾਵਟ ਹੋਣ ਕਰਕੇ, ਅਗਲੇ ਦੋ ਸਾਲਾਂ ਦੌਰਾਨ ਓਨਟਾਰੀਓ ਦੇ ਕਾਲਜਾਂ ਨੂੰ 3.1 ਬਿਲੀਅਨ ਡਾਲਰ ਦੇ ਮਾਲੀਏ ਦਾ ਨੁਕਸਾਨ ਹੋਵੇਗਾ।
ਮੌਰੀਸਨ ਦਾ ਬਿਆਨ ਅੰਤਰਰਾਸ਼ਟਰੀ ਵਿਦਿਆਰਥੀ ਕੈਪ ਨੂੰ ਸਿੱਧੇ ਤੌਰ ’ਤੇ ਦੋਸ਼ੀ ਨਹੀਂ ਠਹਿਰਾਉਂਦਾ, ਪਰ ਕਾਲਜ ਦੀ ਵੈੱਬਸਾਈਟ ’ਤੇ ਪੋਸਟ ਕੀਤਾ ਗਿਆ ਇੱਕ ਬੈਕਗ੍ਰਾਊਂਡ ਇਸ ਦੇ ਕਾਰਕਾਂ ਵਜੋਂ ਘਰੇਲੂ ਦਾਖ਼ਲਿਆਂ ਵਿਚ ਕਮੀ ਅਤੇ ਸਰਕਾਰੀ ਨੀਤੀ ਵਿੱਚ ਨਾਟਕੀ ਤਬਦੀਲੀਆਂ ਵੱਲ ਇਸ਼ਾਰਾ ਕਰਦਾ ਹੈ। ਪਿਛਲੇ ਮਹੀਨੇ ਸੇਨੇਕਾ ਪੌਲੀਟੈਕਨਿਕ ਨੇ ਐਲਾਨ ਕੀਤਾ ਸੀ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀ ਪਰਮਿਟ 'ਤੇ ਸੀਮਾ ਦੇ ਕਾਰਨ ਆਪਣੇ ਮਾਰਖਮ ਕੈਂਪਸ ਨੂੰ ਅਸਥਾਈ ਤੌਰ ’ਤੇ ਬੰਦ ਕਰ ਰਹੀ ਹੈ।
ਸ਼ੈਰੀਡਨ ਕਾਲਜ ਦੇ ਪ੍ਰੋਫ਼ੈਸਰਾਂ, ਲਾਈਬ੍ਰੇਰੀਅਨਾਂ ਅਤੇ ਕੌਸਲਰਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ, OPSEU local 244 ਦੇ ਪ੍ਰੈਜ਼ੀਡੈਂਟ ਅਤੇ ਸ਼ੈਰੀਡਨ ਫੈਕਲਟੀ ਮੈਂਬਰ ਜੈੱਕ ਓਰੋਵਿਟਜ਼ ਨੇ ਕਿਹਾ ਵਿਦਿਆਰਥੀਆਂ ’ਤੇ ਲੱਗੇ ਕੈਪ ਨੇ ਸਮੱਸਿਆ ਨੂੰ ਉਜਾਗਰ ਕੀਤਾ ਹੈ, ਪਰ ਇਸ ਦੇ ਮੂਲ ਵਿਚ ਕਈ ਦਹਾਕਿਆਂ ਤੋਂ ਸੂਬਾਈ ਫੰਡਿੰਗ ਵਿਚ ਲਗਾਤਾਰ ਹੋ ਰਹੀ ਕਟੌਤੀ ਵੀ ਜ਼ਿੰਮੇਵਾਰ ਹੈ।
ਓਨਟਾਰੀਓ ਵਰਤਮਾਨ ਵਿੱਚ ਪ੍ਰਤੀ ਕਾਲਜ ਵਿਦਿਆਰਥੀ ਲਗਭਗ 16 ਪ੍ਰਤੀਸ਼ਤ ਫ਼ੰਡ ਪ੍ਰਦਾਨ ਕਰਦਾ ਹੈ, ਜੋ ਕਿ ਦੇਸ਼ ਦੇ ਕਿਸੇ ਵੀ ਸੂਬੇ ਨਾਲੋਂ ਸਭ ਤੋਂ ਘੱਟ ਹੈ। ਓਰੋਵਿਟਜ਼ ਨੇ ਕਿਹਾ ਕਿ ਜਦੋਂ ਉਹਨਾਂ ਨੇ 1980 ਦੇ ਦਹਾਕੇ ਵਿੱਚ ਕਾਲਜ ਪ੍ਰਣਾਲੀ ਸ਼ੁਰੂ ਕੀਤੀ ਸੀ, ਤਾਂ ਪ੍ਰਤੀ ਵਿਦਿਆਰਥੀ ਫੰਡਿੰਗ 70 ਪ੍ਰਤੀਸ਼ਤ ਦੇ ਬਰਾਬਰ ਸੀ।
ਉਨ੍ਹਾਂ ਕਿਹਾ ਕਿ ਸਿਸਟਮ ਨੂੰ ਬਚਾਉਣ ਦੇ ਹਿੱਸੇ ਵੱਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲਿਆਂਦਾ ਗਿਆ। 2019 ਵਿਚ ਪੀਸੀ ਸਰਕਾਰ ਨੇ ਘਰੇਲੂ ਵਿਦਿਆਰਥੀਆਂ ਲਈ ਫ਼ੀਸਾਂ ਨੂੰ ਵੀ 10% ਘਟਾ ਦਿੱਤਾ ਅਤੇ ਉਸ ਫ਼ੀਸ ਨੂੰ ਹੁਣ ਤੱਕ ਬਰਕਰਾਰ ਰੱਖਿਆ ਹੈ।
ਓਰੋਵਿਟਜ਼ ਦਾ ਕਹਿਣਾ ਹੈ ਕਿ ਓਨਟਾਰੀਓ ਦੇ ਕਾਲਜਾਂ 'ਤੇ ਵਿੱਤੀ ਦਬਾਅ ਆਖ਼ਰਕਾਰ ਸੂਬੇ ਨੂੰ ਪ੍ਰਭਾਵਿਤ ਕਰੇਗਾ ਅਤੇ ਪੜ੍ਹਾਈ ਖ਼ਤਮ ਹੋਣ ਤੋਂ ਤੁਰੰਤ ਬਾਅਦ ਘੱਟ ਗ੍ਰੈਜੂਏਟ ਨੌਕਰੀਆਂ ਵਿੱਚ ਸ਼ਾਮਲ ਹੋਣ ਲਈ ਤਿਆਰ ਹੋਣਗੇ।
ਓਨਟਾਰੀਓ ਦੇ ਕਾਲਜ ਅਤੇ ਯੂਨੀਵਰਸਿਟੀ ਮੰਤਰਾਲੇ ਦੀ ਬੁਲਾਰੇ ਡੇਨਾ ਸਮੌਕਮ ਨੇ ਕਿਹਾ ਕਿ ਸੂਬਾ ਇਹ ਯਕੀਨੀ ਬਣਾਉਣ ਲਈ ਪੋਸਟ-ਸੈਕੰਡਰੀ ਸੈਕਟਰ ਦਾ ਸਮਰਥਨ ਕਰਨਾ ਜਾਰੀ ਰੱਖੇਗਾ ਕਿ ਵਿਦਿਆਰਥੀ ਗ੍ਰੈਜੂਏਟ ਹੋਣ ਤੋਂ ਬਾਅਦ ਚੰਗੀ ਤਨਖ਼ਾਹ ਅਤੇ ਉੱਚ-ਮੰਗ ਵਾਲੀਆਂ ਨੌਕਰੀਆਂ ਪ੍ਰਾਪਤ ਕਰ ਸਕਣ।
ਪ੍ਰੋਗਰਾਮ ਸੂਚੀ
ਐਨੀਮੇਸ਼ਨ, ਆਰਟਸ ਅਤੇ ਡਿਜ਼ਾਈਨ ਫੈਕਲਟੀ
1. ਵੀਜ਼ੂਅਲ ਵਪਾਰਕ ਡਿਜ਼ਾਈਨ (PVMAS)
2. ਪ੍ਰਦਰਸ਼ਨ ਕਲਾ - ਤਿਆਰੀ (PPAPN)
3. ਪੱਤਰਕਾਰੀ (PJRNL)
4. ਗੇਮ ਲੈਵਲ ਡਿਜ਼ਾਈਨ (PGLDS)
5. ਆਨਰਜ਼ ਬੈਚਲਰ ਆਫ਼ ਫ਼ੋਟੋਗਰਾਫੀ (ਪੀ.ਬੀ.ਏ.ਏ.ਪੀ.)
6. ਵੀਜ਼ੂਅਲ ਅਤੇ ਕ੍ਰਿਏਟਿਵ ਆਰਟਸ - ਐਡਵਾਂਸਡ ਡਿਪਲੋਮਾ (ਪੀਸੀਵੀਏਡੀ)
ਫੈਕਲਟੀ ਆਫ਼ ਅਪਲਾਈਡ ਹੈਲਥ ਐਂਡ ਕਮਿਊਨਿਟੀ ਸਟੱਡੀਜ਼
1. ਆਨਰਜ਼ ਬੈਚਲਰ ਆਫ਼ ਕਮਿਊਨਿਟੀ ਸੇਫ਼ਟੀ (ਪੀਬੀਸੀਐਮਐਸ)
2. ਰੈਗੂਲੇਟਰੀ ਮਾਮਲੇ (PRGAF)
3. ਪੈਰਾਲੀਗਲ (ਪੈਰਾਲ)
4. ਜਾਂਚ - ਜਨਤਕ ਅਤੇ ਨਿੱਜੀ (PIPAP)
5. ਕਮਿਊਨਿਟੀ ਐਂਡ ਜਸਟਿਸ ਸਰਵਿਸਿਜ਼ (PCAJS)
ਫੈਕਲਟੀ ਆਫ਼ ਹਿਊਮੈਨਟੀਜ਼ ਐਂਡ ਸੋਸ਼ਲ ਸਾਇੰਸਜ਼
1. TESOL Plus (PTESL)
2. ਸਿਰਜਣਾਤਮਿਕਤਾ ਅਤੇ ਨਵੀਨਤਾ (PACRE)
3. ਆਨਰਜ਼ ਬੈਚਲਰ ਆਫ਼ ਕ੍ਰਿਏਟਿਵ ਰਾਈਟਿੰਗ ਐਂਡ ਪਬਲਿਸ਼ਿੰਗ (ਪੀਬੀਸੀਡਬਲਯੂਪੀ)
ਫੈਕਲਟੀ ਆਫ਼ ਅਪਲਾਈਡ ਸਾਇੰਸ ਐਂਡ ਟੈਕਨੌਲੋਜੀ
1. ਤਕਨਾਲੋਜੀ ਦੇ ਬੁਨਿਆਦੀ ਢਾਂਚੇ (PTECH)
2. ਕੈਮੀਕਲ ਇੰਜੀਨੀਅਰਿੰਗ ਤਕਨਾਲੋਜੀ (PCETY)
3. ਇਲੈਕਟ੍ਰਾਨਿਕ ਇੰਜੀਨੀਅਰਿੰਗ ਤਕਨਾਲੋਜੀ (PELTY)
4. ਮਕੈਨੀਕਲ ਇੰਜੀਨੀਅਰਿੰਗ ਤਕਨਾਲੋਜੀ - ਡਿਜ਼ਾਈਨ (ਪੀਐਮਈਡੀਡੀ)
5. ਮਕੈਨੀਕਲ ਇੰਜੀਨੀਅਰਿੰਗ ਟੈਕਨੌਲੋਜੀ (ਪੀਐਮਈਟੀਵਾਈ)
6. ਕੇਮ. ਇੰਜੀ. ਟੈਂਕ - ਵਾਤਾਵਰਣ. (PCETE)
7. ਕੈਮੀਕਲ ਲੈਬਾਰਟਰੀ ਟੈਕਨੀਸ਼ੀਅਨ (PCLTN)
8. ਇਲੈਕਟ੍ਰਾਨਿਕਸ ਇੰਜੀਨੀਅਰਿੰਗ ਟੈਕਨੀਸ਼ੀਅਨ (PEETN)
9. ਇਲੈਕਟ੍ਰੋਮਕੈਨੀਕਲ ਇੰਜੀਨੀਅਰਿੰਗ ਟੈਕਨੀਸ਼ੀਅਨ (PELTN)
10. ਮਕੈਨੀਕਲ ਇੰਜੀਨੀਅਰਿੰਗ ਟੈਕਨੀਸ਼ੀਅਨ (ਪੀਐਮਈਟੀਐਨ)
11. ਮਕੈਨੀਕਲ ਇੰਜੀਨੀਅਰਿੰਗ ਟੈਕਨੀਸ਼ੀਅਨ - ਡਿਜ਼ਾਈਨ (ਪੀਐਮਈਟੀਡੀ)
12. ਇਲੈਕਟ੍ਰੋਮਕੈਨੀਕਲ ਇੰਜੀਨੀਅਰਿੰਗ ਤਕਨਾਲੋਜੀ (PEMTY)
13. ਕੰਪਿਊਟਰ ਇੰਜੀਨੀਅਰਿੰਗ ਤਕਨਾਲੋਜੀ (PCPET)
ਸਕੂਲ ਆਫ਼ ਬਿਜ਼ਨਸ
1. ਬਿਜ਼ਨਸ ਐਡਮਿਨਿਸਟ੍ਰੇਸ਼ਨ ਅਕਾਊਂਟਿੰਗ (PBSA)
2. ਬਿਜ਼ਨਸ ਐਡਮਿਨਿਸਟ੍ਰੇਸ਼ਨ ਫਾਈਨਾਂਸ (PBAFI)
3. ਆਨਰਜ਼ ਬੈਚਲਰ ਬਿਜ਼ਨਸ ਐਡਮਿਨਿਸਟ੍ਰੇਸ਼ਨ ਮਾਰਕੀਟਿੰਗ ਮੈਨੇਜਮੈਂਟ (ਪੀਬੀਬੀਏਐਮ)
4. ਆਨਰਜ਼ ਬੈਚਲਰ ਬਿਜ਼ਨਸ ਐਡਮਿਨਿਸਟ੍ਰੇਸ਼ਨ ਫਾਈਨਾਂਸ (ਪੀਬੀਬੀਏਐਫ)
5. ਇਸ਼ਤਿਹਾਰਬਾਜ਼ੀ - ਖਾਤਾ ਪ੍ਰਬੰਧਨ (PADAM)
6. ਕਾਰੋਬਾਰੀ ਮਨੁੱਖੀ ਸਰੋਤ (PBUHR)
7. ਆਨਰਜ਼ ਬੈਚਲਰ ਬਿਜ਼ਨਸ ਐਡਮਿਨਿਸਟ੍ਰੇਸ਼ਨ ਹਿਊਮਨ ਰਿਸੋਰਸ ਮੈਨੇਜਮੈਂਟ (ਪੀਬੀਐਚਆਰਐਮ)
8. ਬਿਜ਼ਨਸ ਐਡਮਿਨਿਸਟ੍ਰੇਸ਼ਨ - HR (PBAHR)
9. ਬਿਜ਼ਨਸ ਫਾਈਨਾਂਸ (PBUFI)
10. ਪ੍ਰੋਫੈਸ਼ਨਲ ਅਕਾਊਂਟਿੰਗ ਗ੍ਰੈਡ (PPACG)
11. ਆਫਿਸ ਪ੍ਰਸ਼ਾਸਨ - ਕਾਰਜਕਾਰੀ (POFAE)
12. ਆਨਰਜ਼ ਬੈਚਲਰ ਬਿਜ਼ਨਸ ਐਡਮਿਨਿਸਟ੍ਰੇਸ਼ਨ ਸਪਲਾਈ ਚੇਨ ਮੈਨੇਜਮੈਂਟ (ਪੀਬੀਐਸਸੀਐਮ)
13. ਆਨਰਜ਼ ਬੈਚਲਰ ਬਿਜ਼ਨਸ ਐਡਮਿਨਿਸਟ੍ਰੇਸ਼ਨ ਅਕਾਊਂਟਿੰਗ (ਪੀਬੀਏਸੀਸੀ)