Canada News: ਕੈਨੇਡਾ ’ਚ ਲਿਬਰਲ ਪਾਰਟੀ ਆਗੂ ਦੀ ਚੋਣ ਲਈ Ruby Dhalla ਦੀ ਮੁੰਹਿਮ ਜ਼ੋਰ ਫੜਨ ਲੱਗੀ
ਕੈਨੇਡਾ ਨੂੰ ਗੈਰਕਨੂੰਨੀ ਪਰਵਾਸ ਦਾ ਅੱਡਾ ਨਹੀਂ ਬਣਨ ਦਿਆਂਗੀ: ਰੂਬੀ ਢਾਲਾ; ਜਸਟਿਨ ਟਰੂਡੋ ਦੀ ਥਾਂ ਲੈਣ ਲਈ 9 ਮਾਰਚ ਨੂੰ ਹੋਣ ਵਾਲੀ ਚੋਣ ਵਾਸਤੇ ਕੁੱਲ ਮਿਲਾ ਕੇ 6 ਉਮੀਦਵਾਰ ਮੈਦਾਨ ’ਚ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 30 ਜਨਵਰੀ
ਜਸਟਿਨ ਟਰੂਡੋ (Justin Trudeau) ਵਲੋਂ 6 ਜਨਵਰੀ ਨੂੰ ਕੈਨੇਡਾ ਦੀ ਲਿਬਰਲ ਪਾਰਟੀ ਦੇ ਆਗੂ ਵਜੋਂ ਮੁਸਤਫ਼ੀ ਹੋਣ ਦੇ ਐਲਾਨ ਤੋਂ ਬਾਅਦ 9 ਮਾਰਚ ਨੂੰ ਪਾਰਟੀ ਆਗੂ ਦੀ ਹੋਣ ਵਾਲੀ ਚੋਣ ਅਤੇ ਜੇਤੂ ਵਲੋਂ ਅਗਲੀਆਂ ਚੋਣਾਂ ਤੱਕ ਘੱਟਗਿਣਤੀ ਸਰਕਾਰ ਦਾ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ 6 ਲੋਕਾਂ ਵਲੋਂ ਚੋਣ ਮੁੰਹਿਮ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ।
ਇਸ ਦੌੜ ’ਚ ਸ਼ਾਮਲ ਭਾਰਤੀ ਮੂਲ ਦੀ ਇਕਲੌਤੀ ਉਮੀਦਵਾਰ ਰੂਬੀ ਢਾਲਾ ਵਲੋਂ ਵੀ ਆਪਣੇ ਢੰਗ ਨਾਲ ਵੋਟਰਾਂ ਨੂੰ ਪ੍ਰਭਾਵਤ ਕੀਤਾ ਜਾ ਰਿਹਾ ਹੈ, ਜੋ ਲੋਕਾਂ ਦੀ ਪਸੰਦ ਵੀ ਬਣ ਰਿਹਾ ਹੈ। ਉਹ ਵਾਅਦਾ ਕਰ ਰਹੀ ਹੈ ਕਿ ਜੇ ਉਸ ਨੂੰ ਲੀਡਰ ਬਣ ਕੇ ਦੇਸ਼ ਦੀ ਸਰਕਾਰ ਦੀ ਵਾਗਡੋਰ ਸੰਭਾਲਣ ਦਾ ਮੌਕਾ ਮਿਲਦਾ ਹੈ, ਤਾਂ ਗੈਰਕਨੂੰਨੀ ਵਿਅਕਤੀਆਂ ਦਾ ਦੇਸ਼ ਨਿਕਾਲਾ ਉਸਦੀਆਂ ਤਜਰੀਹਾਂ ਵਿੱਚ ਸ਼ਾਮਲ ਹੋਵੇਗਾ।
ਉਹ ਕਹਿੰਦੀ ਹੈ ਕਿ ਬੇਸ਼ੱਕ ਉਹ ਵੀ ਪਰਵਾਸੀ (ਇੰਮੀਗਰੈਂਟ) ਮਾਪਿਆਂ ਦੀ ਧੀ ਹੈ, ਪਰ ਨਾ ਤਾਂ ਉਹ ਗੈਰਕਨੂੰਨੀ ਢੰਗ ਨਾਲ ਕੈਨੇਡਾ ਆਏ ਤੇ ਨਾ ਹੀ ਕਦੇ ਕਿਸੇ ਗੈਰਕਨੂੰਨੀ ਗਤੀਵਿਧੀ ‘ਚ ਸ਼ਾਮਲ ਹੋਏ। ਉਹ ਆਪਣੇ ਪ੍ਰਚਾਰ ਦਾ ਬਹੁਤਾ ਸਮਾਂ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਲਾ ਕੇ ਭਾਵਪੂਰਤ ਅਪੀਲਾਂ ਕਰਦੀ ਹੈ।
ਗੈਰਕਨੂੰਨੀ ਢੰਗ ਨਾਲ ਰਹਿੰਦੇ ਲੋਕਾਂ ਦੇ ਨਿਕਾਲੇ ਬਾਰੇ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਫ਼ੈਸਲਿਆਂ ਦੀ ਪ੍ਰਸੰਸਾ ਕਰਦੀ ਹੈ ਕਿ ਉਹ ਵੀ ਕੈਨੇਡਾ ਨੂੰ ਗੈਰਕਨੂੰਨੀ ਲੋਕਾਂ ਦਾ ਅੱਡਾ ਨਹੀਂ ਬਣਨ ਦੇਵੇਗੀ ਤੇ ਨਾ ਹੀ ਆਪਣੀ ਸਰਕਾਰ ਉੱਤੇ ਟਰੂਡੋ ਪ੍ਰਸਾਸ਼ਨ ਵਾਲਾ ਪਰਛਾਵਾਂ ਪੈਣ ਦੇਵੇਗੀ।
ਉਹ ਲੀਡਰ ਦੀ ਦੌੜ ’ਚ ਸ਼ਾਮਲ ਅਤੇ ਕਾਗਜ਼ ਭਰਨ ਤੋਂ ਬਾਅਦ ਪੜਤਾਲ ਦੌਰਾਨ ਪਾਰਟੀ ਵਲੋਂ ਨਕਾਰੇ ਗਏ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਦੇ ਹਮਾਇਤੀਆਂ ਨੂੰ ਅਪੀਲ ਕਰਨੋਂ ਨਹੀਂ ਉੱਕਦੀ ਕਿ ਉਹ ਸਾਰੇ ਹੁਣ ਉਸ ਦਾ ਸਾਥ ਦੇਣ। ਰੂਬੀ ਢਾਲਾ (51) ਨੇ ਲਗਾਤਾਰ ਤਿੰਨ ਵਾਰ (2004 ਤੋਂ 2011 ਤੱਕ) ਬਰੈਂਪਟਨ ਦੇ ਸਪਰਿੰਗ ਡੇਲ ਸੰਸਦੀ ਹਲਕੇ ਤੋਂ ਚੋਣ ਜਿੱਤੀ ਸੀ।
ਆਪਣੇ ਪਰਿਵਾਰਕ ਵਪਾਰ (ਸਿਹਤ ਸੰਭਾਲ, ਰੀਅਲ ਐਸਟੇਟ ਤੇ ਹੋਟਲ) ਦੀ ਸੰਚਾਲਕਾ ਦੇ ਨਾਲ ਨਾਲ ਉਸਨੂੰ ਸਿਆਸੀ ਲੋਕਾਂ ਦੀਆਂ ਚੋਣ ਮੁਹਿੰਮਾਂ ਦੀ ਸਫਲ ਨੀਤੀ ਘਾੜੀ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ:
ਭਾਰਤ ਤੇ ਕੈਨੇਡਾ ਅੰਦਰੂਨੀ ਦਖ਼ਲ ਦੇ ਮਾਮਲੇ ’ਚ ਆਹਮੋ-ਸਾਹਮਣੇ
ਪਰਵਾਸੀਆਂ ’ਤੇ ਪਾਬੰਦੀਆਂ ਤੇ ਕੈਨੇਡਾ ਦੇ ਵਿਗੜਦੇ ਹਾਲਾਤ
Canada News ਕੈਨੇਡਾ: 36 ਲੱਖ ਦਾ ਘਿਓ ਤੇ ਮੱਖਣ ਚੋਰੀ ਦੇ ਦੋਸ਼ਾਂ ਹੇਠ 6 ਪੰਜਾਬੀ ਗ੍ਰਿਫਤਾਰ
ਪਾਰਟੀ ਲੀਡਰ ਦੀ ਚੋਣ ਲਈ ਉਮੀਦਵਾਰਾਂ ਦੀ ਚੋਣ ਮੁਹਿੰਮ ਦੇ ਮੁਢਲੇ ਦੌਰ ਦੇ ਸਰਵੇਖਣਾਂ ਅਨੁਸਾਰ ਆਰਥਿਕ ਮਾਹਿਰ ਮਾਰਕ ਕਾਰਨੀ ਨੂੰ ਮੂਹਰੇ ਮੰਨਿਆ ਜਾ ਰਿਹਾ ਹੈ। ਕੁਝ ਉਮੀਦਵਾਰਾਂ ਵਲੋਂ ਕਿਸੇ ਖਾਸ ਉਮੀਦਵਾਰ ਦੇ ਹੱਕ ਵਿੱਚ ਦੌੜ ’ਚੋਂ ਬਾਹਰ ਹੋਣ ਦੀਆਂ ਕਿਆਸ ਅਰਾਈਂਆਂ ਵੀ ਲੱਗਣ ਲੱਗੀਆਂ ਹਨ, ਪਰ ਅਗਲੇ ਦਿਨਾਂ ਵਿੱਚ ਮੁਹਿੰਮ ਕਈ ਰੰਗਾਂ ਵਿੱਚ ਬਦਲੇਗੀ।
ਲਿਬਰਲ ਪਾਰਟੀ ਦੇ ਕੁਝ ਮੈਂਬਰਾਂ ਦੀਆਂ ਅੱਖਾਂ ਜਸਟਿਨ ਟਰੂਡੋ ਵਲੋਂ ਕਿਸੇ ਖਾਸ ਉਮੀਦਵਾਰ ਵੱਲ ਕੀਤੇ ਜਾਣ ਵਾਲੇ ਇਸ਼ਾਰੇ ’ਤੇ ਵੀ ਲੱਗੀਆਂ ਹੋਈਆਂ ਹਨ। ਸਮੁੱਚੇ ਤੌਰ ’ਤੇ ਵੇਖਿਆ ਜਾਵੇ ਤਾਂ ਜਸਟਿਨ ਟਰੂਡੋ ਦੇ ਪਾਰਟੀ ਲੀਡਰ ਵਜੋਂ ਮੁਸਤਫ਼ੀ ਹੋਣ ਦੇ ਐਲਾਨ ਤੋਂ ਬਾਅਦ ਫੈਡਰਲ ਸਰਕਾਰ ਦੇ ਕੰਮ ਕਾਜ ਵਿੱਚ ਇੱਕ ਤਰ੍ਹਾਂ ਖੜੋਤ ਆਈ ਮਹਿਸੂਸ ਹੁੰਦੀ ਹੈ।
ਉਂਝ ਸੂਬਾ ਸਰਕਾਰਾਂ ਪੂਰੀ ਤਰਾਂ ਸਰਗਰਮ ਹਨ ਤੇ ਬਹੁਤੀਆਂ ਨਜ਼ਰਾਂ ਅਮਰੀਕਾ ਵਲੋਂ ਲਾਏ ਜਾਣ ਵਾਲੇ ਟੈਰਿਫ ਦੇ ਕੈਨੇਡਾ ਦੇ ਉਤਪਾਦਨ ’ਤੇ ਪੈਣ ਵਾਲੇ ਪ੍ਰਭਾਵ ਉਤੇ ਟਿਕੀਆਂ ਹੋਈਆਂ ਹਨ। ਪਹਿਲੇ ਪੜਾਅ ਵਾਲਾ ਟੈਰਿਫ ਪਹਿਲੀ ਫ਼ਰਵਰੀ (ਸ਼ਨਿੱਚਰਵਾਰ) ਤੋਂ ਲਾਗੂ ਹੋ ਜਾਵੇਗਾ।