Canada News: ਹਥਿਆਰਾਂ ਸਮੇਤ ਪੰਜਾਬੀ ਔਰਤ ਅਤੇ ਚਾਰ ਨੌਜਵਾਨ ਕਾਬੂ
ਗੁਰਮਲਕੀਅਤ ਸਿੰਘ
ਵੈਨਕੂਵਰ, 29 ਅਕਤੂਬਰ
Canada News: ਓਂਟਾਰੀਓ ਦੀ ਪੀਲ ਪੁਲੀਸ ਨੇ ਆਪ੍ਰੇਸ਼ਨ ਸਲੈਗਹੈਮਰ ਤਹਿਤ ਲੰਮੇ ਸਮੇਂ ਦੀ ਜਾਂਚ ਤੋਂ ਬਾਅਦ ਵੱਡੀ ਮਾਤਰਾ ਵਿੱਚ ਮਾਰੂ ਅਸਲਾ ਅਤੇ ਨਸ਼ੇ ਦੀ ਖੇਪ ਬਰਾਮਦ ਕਰਦਿਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਚਾਰ ਨੌਜੁਆਨ ਤੇ ਇੱਕ ਬਜੁਰਗ ਔਰਤ ਸ਼ਾਮਲ ਹਨ, ਜੋ ਪੰਜਾਬੀ ਪਿਛੋਕੜ ਵਾਲੇ ਹਨ।
ਕਾਬੂ ਕੀਤੇ ਦੌਸ਼ੀਆਂ ਦੀ ਪਛਾਣ ਕਥਿਤ ਤੌਰ ’ਤੇ ਨਵਦੀਪ ਨਾਗਰਾ, ਰਵਨੀਤ ਨਾਗਰਾ, ਰਣਵੀਰ ਅੜੈਚ ਤੇ ਪਵਨੀਤ ਨਾਹਲ ਅਤੇ ਬਜ਼ੁਰਗ ਔਰਤ ਨਰਿੰਦਰ ਨਾਗਰਾ (61) ਵਜੋਂ ਹੋਈ ਹੈ। ਪੁਲੀਸ ਵੱਲੋਂ ਕਾਬੂ ਕੀਤੇ ਗਏ ਸਾਰੇ ਵਿਅਕਤੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਬਰੈਂਪਟਨ ਦੇ ਰਹਿਣ ਵਾਲੇ ਹਨ।
ਪੁਲੀਸ ਮੁਖੀ ਨਿਸ਼ਾਨ ਦੁਰੈਪਾਹ ਨੇ ਦੱਸਿਆ ਕਿ ਪੰਜਾਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ 160 ਦੋਸ਼ ਆਇਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮਾਰੂ ਹਥਿਆਰਾਂ ਦੀ ਐਨੀ ਵੱਡੀ ਖੇਪ ਫੜੇ ਜਾਣਾ ਆਪਣੇ ਆਪ ਵਿਚ ਇਕ ਰਿਕਾਰਡ ਹੈ, ਜੋ ਕਿ ਪੁਲੀਸ ਲਈ ਚੁਣੌਤੀ ਬਣਿਆ ਹੋਇਆ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਕੋਲ ਅਜਿਹੇ ਪੁਰਜੇ ਸਨ ਜਿਸ ਨਾਲ ਆਮ ਹਥਿਆਰ ਨੂੰ ਸਵੈਚਾਲਤ ਰਿਵਾਲਵਰ ਤੇ ਬੰਦੂਕ ਵਿੱਚ ਬਦਲਿਆ ਜਾ ਸਕਦਾ ਹੈ। ਉਨ੍ਹਾਂ ਕੋਲੋਂ 900 ਤੋਂ ਵੱਧ ਗੋਲੀ ਸਿੱਕਾ ਵੀ ਬਰਮਾਦ ਕੀਤਾ ਗਿਆ ਹੈ।