Canada News: ਧਾਰਮਿਕ ਸਥਾਨਾਂ ਨੇੜ ਰੋਸ ਵਿਖਾਵਿਆਂ 'ਤੇ ਲੱਗੇਗੀ ਰੋਕ, ਦੋ ਨਗਰ ਨਿਗਮਾਂ ਵੱਲੋਂ ਮਤੇ ਪਾਸ
01:02 PM Nov 15, 2024 IST
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 15 ਨਵੰਬਰ
ਕੈਨੇਡਾ ਵਿੱਚ ਭਾਰਤੀ ਵਸੋਂ ਦੀ ਬਹੁਤਾਤ ਵਾਲੇ ਸ਼ਹਿਰ ਬਰੈਂਪਟਨ ਵਿੱਚ ਪਿਛਲੇ ਦਿਨੀਂ ਭਾਰਤੀ ਕੌਂਸਲੇਟ ਅਮਲੇ ਵਲੋਂ ਇਕ ਧਾਰਮਿਕ ਸਥਾਨ ਅੰਦਰ ਲਾਏ ਕੈਂਪ ਮੌਕੇ ਹੋਈ ਹੁੱਲੜਬਾਜ਼ੀ ਨੂੰ ਫਿਰਕੂ ਰੰਗਤ ਦੇਣ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਓਂਟਾਰੀਓ ਸੂਬੇ ਦੇ ਦੋ ਸ਼ਹਿਰਾਂ ਬਰੈਂਪਟਨ ਅਤੇ ਮਿਸੀਸਾਗਾ ਦੇ ਨਗਰ ਨਿਗਮਾਂ ਨੇ ਧਾਰਮਿਕ ਸਥਾਨਾਂ ਦੇ 100 ਮੀਟਰ ਘੇਰੇ ਵਿੱਚ ਰੋਸ ਵਿਖਾਵੇ ਰੋਕਣ ਬਾਰੇ ਮਤੇ ਪਾਸ ਕੀਤੇ ਹਨ। ਮਤਿਆਂ ਦੇ ਖਰੜੇ ਨੂੰ ਅੰਤਿਮ ਰੂਪ ਦੇ ਕੇ ਹੋਂਦ 'ਚ ਲਿਆਉਣ (ਬਾਈਲਾਅ ਬਣਾਉਣ) ਤੋਂ ਬਾਅਦ ਇੰਜ ਦੇ ਰੋਸ ਵਿਖਾਵਾਕਾਰੀਆਂ ਖਿਲਾਫ ਕਨੂੰਨੀ ਕਾਰਵਾਈ ਹੋ ਸਕੇਗੀ।
ਹੁਣ ਤੱਕ ਅਜਿਹੀ ਵਿਵਸਥਾ ਨਾ ਹੋਣ ਕਾਰਨ ਹੀ 3 ਨਵੰਬਰ ਵਾਲੇ ਵਿਖਾਵਾਕਾਰੀਆਂ ਨਾਲ ਨਰਮਾਈ ਵਰਤੀ ਗਈ ਸੀ। ਇਹ ਰੋਕਾਂ ਲਾਗੂ ਹੋਣ 'ਤੇ ਤਣਾਅ ਦੀਆਂ ਸੰਭਾਵਨਾਵਾਂ ਖਤਮ ਹੋ ਜਾਣਗੀਆਂ। ਮਤਿਆਂ ਵਿੱਚ ਭਾਵੇਂ 100 ਮੀਟਰ ਦੂਰੀ ਦਾ ਜ਼ਿਕਰ ਹੈ, ਪਰ ਹਾਲਾਤ ਅਨੁਸਾਰ ਘਟੋ-ਘੱਟ ਦੂਰੀ ਵਧਾਏ ਘਟਾਏ ਜਾਣ ਦੀ ਗੁੰਜਾਇਸ਼ ਦੀ ਵਿਵਸਥਾ ਵੀ ਕੀਤੀ ਗਈ ਹੈ। ਦੋਹਾਂ ਨਿਗਮਾਂ ਵਿੱਚ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।
ਦੋਹਾਂ ਸ਼ਹਿਰਾਂ 'ਚ ਅਮਨ ਕਨੂੰਨ ਕਾਇਮੀ ਨਾਲ ਸਿੱਝਦੀ ਪੀਲ ਖੇਤਰੀ ਪੁਲੀਸ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਭਰੋਸਾ ਪ੍ਰਗਟਾਇਆ ਹੈ ਕਿ ਇਸ ਨਾਲ ਸਥਾਨਾਂ ਅੰਦਰਲੇ ਸ਼ਰਧਾਲੂਆਂ ਦੇ ਮਨ ਦੀ ਸ਼ਾਂਤੀ 'ਚ ਵਿਘਨ ਨਹੀਂ ਪਏਗਾ। ਪੁਲੀਸ ਬੁਲਾਰੇ ਨੇ ਕਿਹਾ ਕਿ ਉਹ ਭਾਰਤੀ ਕੌਂਸਲੇਟ ਦਫਤਰ, ਧਾਰਮਿਕ ਸਥਾਨ ਕਮੇਟੀਆਂ ਤੇ ਹੋਰਾਂ ਨਾਲ ਸੰਪਰਕ 'ਚ ਰਹਿ ਕੇ ਯਕੀਨੀ ਬਣਾਉਣਗੇ ਕਿ ਫਿਰ ਤੋਂ ਅਜਿਹੀ ਕਿਸੇ ਮੰਦਭਾਗੀ ਘਟਨਾ ਦੇ ਮੌਕੇ ਹੀ ਪੈਦਾ ਨਾ ਹੋ ਸਕਣ। ਉਸਨੇ ਕਿਹਾ ਕਿ ਧਾਰਮਿਕ ਸਥਾਨਾਂ ਨੇੜੇ ਪੁਲੀਸ ਗਸ਼ਤ ਵਧਾਈ ਗਈ ਹੈ ਤੇ ਸ਼ਰਾਰਤੀ ਅਨਸਰਾਂ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੇ ਹੈ।
ਭਾਰਤੀ ਕੌਂਸਲਟ ਦਫਤਰ ਵਲੋਂ ਕੈਨੇਡਾ ਰਹਿ ਰਹੇ ਭਾਰਤੀ ਪੈਨਸ਼ਨ ਧਾਰਕਾਂ ਨੂੰ ਜੀਵਿਤ ਪ੍ਰਮਾਣ ਪੱਤਰ ਜਾਰੀ ਕਰਨ ਲਈ ਅਗਲੇ ਦਿਨਾਂ ਵਿੱਚ ਧਾਰਮਿਕ ਸਥਾਨਾਂ 'ਤੇ ਲਾਏ ਜਾਣ ਵਾਲੇ ਕੈਂਪ ਰੱਦ ਕਰ ਦਿੱਤੇ ਗਏ ਹਨ। ਉੱਧਰ ਨਿਰਪੱਖ ਸੋਚ ਵਾਲੇ ਲੋਕ ਆਪਣੀ ਇਹ ਮੰਗ ਉਭਾਰਨ ਵਿਚ ਲੱਗੇ ਹਨ ਕਿ ਭਾਰਤੀ ਕੌਂਸਲੇਟ ਅਮਲੇ ਵਲੋਂ ਧਾਰਮਿਕ ਸਥਾਨਾਂ 'ਤੇ ਕੈਂਪ ਲਾਉਣ ਤੋਂ ਸੰਕੋਚ ਕਰ ਕੇ ਫਿਰਕੂ ਪਾੜੇ ਪਾਉਣ ਵਾਲਿਆਂ ਦੇ ਇਰਾਦੇ ਅਸਫਲ ਕਰਨ ਵਾਲਿਆਂ ਦੇ ਨਾਲ ਖੜ੍ਹਨਾ ਚਾਹੀਦਾ ਹੈ। ਉਹ ਯਤਨਸ਼ੀਲ ਰਹਿੰਦੇ ਹਨ ਕਿ ਚੰਗੇ ਭਵਿੱਖ ਖਾਤਰ ਆਪਣੀ ਮਾਤਭੂਮੀ ਛੱਡ ਕੇ ਕੈਨੇਡਾ ਆਏ ਲੋਕਾਂ ਨੂੰ ਇਥੋਂ ਦੇ ਸਿਸਟਮ ਨਾਲ ਖਿਲਵਾੜ ਕਰਨ ਤੋਂ ਰੋਕਿਆ ਜਾਏ ਤੇ ਕੈਨੇਡਾ ਦੀ ਬਹੁ-ਭਾਈਚਾਕ ਸਾਂਝ ਦੀਆਂ ਗੰਢਾਂ ਨੂੰ ਹੋਰ ਪੀਡੀਆਂ ਕੀਤਾ ਜਾ ਸਕੇ।
Advertisement
Advertisement