Canada News: ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ ਬਣੇ ਮੈਨੀਟੋਬਾ ਦੇ ਕੈਬਨਿਟ ਮੰਤਰੀ
12:44 PM Nov 15, 2024 IST
ਸੁਰਿੰਦਰ ਮਾਵੀ
ਵਿਨੀਪੈਗ, ਨਵੰਬਰ 15
ਕੈਨੇਡੀਅਨ ਸੂਬੇ ਮੈਨੀਟੋਬਾ ਦੇ ਪ੍ਰੀਮੀਅਰ ਵੈੱਬ ਕੈਨਿਊ ਨੇ ਆਪਣੇ ਮੰਤਰੀ ਮੰਡਲ ਵਿਚ ਮਾਮੂਲੀ ਫੇਰਬਦਲ ਕਰਦਿਆਂ 3 ਨਵੇਂ ਮੰਤਰੀਆਂ ਨੂੰ ਕੈਬਨਿਟ ਵਿਚ ਲਿਆ ਹੈ। ਇਨ੍ਹਾਂ ਵਿਚ ਮੈਪਲਜ਼ ਤੋਂ ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ, ਰਿਵਰ ਹਾਈਟਸ ਤੋਂ ਵਿਧਾਇਕ ਮਾਈਕ ਮੋਰੋਜ਼ ਅਤੇ ਸੀਨੀਬੋਆ ਤੋਂ ਵਿਧਾਇਕਾ ਨੇਲੀ ਕੈਨੇਡੀ ਨੂੰ ਵਜ਼ੀਰ ਬਣਾਇਆ ਗਿਆ ਹੈ।
ਪ੍ਰੀਮੀਅਰ ਵੈੱਬ ਕੈਨਿਊ ਨੇ ਆਪਣੀ ਸਰਕਾਰ ਦੇ ਸਹੁੰ ਚੁੱਕਣ ਦੇ ਇੱਕ ਸਾਲ ਬਾਅਦ ਹੀ ਆਪਣੀ ਕੈਬਨਿਟ ਵਿੱਚ ਫੇਰਬਦਲ ਕਰਦਿਆਂ ਕੁਝ ਜ਼ਿੰਮੇਵਾਰੀਆਂ ਨੂੰ ਵੰਡਦਿਆਂ ਕੁਝ ਨਵੇਂ ਵਿਭਾਗ ਬਣਾਏ ਹਨ ਤੇ ਕੁਝ ਮੰਤਰੀਆਂ ਦੇ ਵਿਭਾਗ ਤਬਦੀਲ ਕੀਤੇ ਹਨ।
ਮੈਪਲਜ਼ ਦੇ ਵਿਧਾਇਕ ਮਿੰਟੂ ਸੰਧੂ ਨੂੰ ਜਨਤਕ ਸੇਵਾਵਾਂ ਮੰਤਰੀ ਵਜੋਂ ਕੈਬਨਿਟ ਵਿੱਚ ਲਿਆ ਗਿਆ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਧਨੇਰ ਦੇ ਜੰਮਪਲ ਮਿੰਟੂ ਸੰਧੂ ਪਹਿਲੀ ਵਾਰ 2019 ਵਿੱਚ ਮੈਪਲਜ਼ ਲਈ ਐਨਡੀਪੀ ਵਿਧਾਇਕ ਚੁਣੇ ਗਏ ਸਨ। ਮਿੰਟੂ ਕਿਸ਼ੋਰ ਉਮਰ ਵਿੱਚ ਕੈਨੇਡਾ ਆ ਗਏ ਸਨ ਅਤੇ ਤਕਰੀਬਨ 34 ਸਾਲਾਂ ਤੋਂ ਮੈਪਲਜ਼ ਦੇ ਵਸਨੀਕ ਹਨ। ਸਿਆਸੀ ਪਿੜ ਵਿੱਚ ਦਾਖਲ ਹੋਣ ਤੋਂ ਪਹਿਲਾਂ, ਉਹ ਵਿਨੀਪੈਗ ਦੀਆਂ ਸਭ ਤੋਂ ਵੱਡੀਆਂ ਟੈਕਸੀ ਕੰਪਨੀਆਂ ਵਿੱਚੋਂ ਇੱਕ ਵਿੱਚ ਲੀਡਰਸ਼ਿਪ ਦੇ ਅਹੁਦੇ 'ਤੇ ਰਹੇ ਹਨ।
ਮਿੰਟੂ 2019 ਵਿੱਚ ਵਿਧਾਨ ਸਭਾ ਲਈ ਚੁਣੇ ਗਏ ਸਨ। ਉਸ ਦੇ ਕਾਰਜਕਾਲ ਵਿੱਚ ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ (ਐਮਪੀਐਨਪੀ) ਨੂੰ ਵਧਾਉਣ ਅਤੇ ਪਰਿਵਾਰਕ ਪੁਨਰਗਠਨ ਨੂੰ ਉਤਸ਼ਾਹਿਤ ਕਰਨ ਲਈ ਮਿਹਨਤੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਉਨ੍ਹਾਂ ਮੈਨੀਟੋਬਾ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਸਿਖਲਾਈ ਪ੍ਰਾਪਤ ਨਰਸਾਂ ਦੇ ਰੁਜ਼ਗਾਰ ਨੂੰ ਸੁਵਿਧਾਜਨਕ ਬਣਾਉਣ ਲਈ ਵੀ ਕੰਮ ਕੀਤਾ ਹੈ।
ਪ੍ਰੀਮੀਅਰ ਕੋਲ ਹੁਣ ਆਪਣੀ ਕੈਬਨਿਟ ਵਿਚ 17 ਮੰਤਰੀ ਹੋਣਗੇ। ਇਨ੍ਹਾਂ ਵਿਚ ਨਵੇਂ ਚਿਹਰਿਆਂ ਵਿੱਚੋਂ ਰਿਵਰ ਹਾਈਟਸ ਦੇ ਵਿਧਾਇਕ ਮਾਈਕ ਮੋਰੋਜ਼ ਨੂੰ ਇੰਨੋਵੇਸ਼ਨ ਅਤੇ ਨਵੀਂ ਤਕਨਾਲੋਜੀ ਵਿਭਾਗ ਲਈ ਜ਼ਿੰਮੇਵਾਰੀ ਦਿੱਤੀ ਗਈ ਹੈ। ਕੈਬਨਿਟ ਵਿੱਚ ਇੱਕ ਹੋਰ ਨਵਾਂ ਚਿਹਰਾ ਸੀਨੀਬੋਆ ਦੀ ਵਿਧਾਇਕਾ ਨੇਲੀ ਕੈਨੇਡੀ ਨੂੰ ਖੇਡ, ਸੱਭਿਆਚਾਰ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਬਣਾਇਆ ਗਿਆ ਹੈ। ਉਹ ਪਹਿਲੀ ਮੁਸਲਿਮ ਔਰਤ ਹੈ ਜਿਸ ਨੂੰ ਮੈਨੀਟੋਬਾ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ।
Advertisement
Advertisement