Canada News: ਹਰਜਿੰਦਰ ਸਿੱਧੂ ਬਣੇ ਡੈਲਟਾ ਪੁਲੀਸ ਦੇ ਮੁਖੀ
06:05 PM Nov 22, 2024 IST
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 22 ਨਵੰਬਰ
ਹਰਜ ਸਿੱਧੂ ਵਜੋਂ ਜਾਣੇ ਜਾਂਦੇ ਹਰਜਿੰਦਰ ਸਿੰਘ ਸਿੱਧੂ ਨੂੰ ਡੈਲਟਾ ਪੁਲੀਸ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਡੈਲਟਾ ਪੁਲੀਸ ਦੀ ਹੋਂਦ ਤੋਂ ਬਾਅਦ ਪਹਿਲੀ ਵਾਰ ਕਿਸੇ ਪੰਜਾਬੀ ਵਿਅਕਤੀ ਨੂੰ ਇਸ ਅਹੁਦੇ ’ਤੇ ਬਿਰਾਜਮਾਨ ਹੋਣ ਦਾ ਮਾਣ ਹਾਸਲ ਹੋਇਆ ਹੈ।
ਹਰਜਿੰਦਰ ਸਿੱਧੂ 1993 ਵਿੱਚ ਡੈਲਟਾ ਪੁਲੀਸ ਵਿੱਚ ਸਿਪਾਹੀ ਵਜੋਂ ਭਰਤੀ ਹੋਏ ਤੇ ਹਰ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਉਨ੍ਹਾਂ ਇਸ ਪੁਲੀਸ ਫੋਰਸ ਦੇ ਮੁਖੀ ਦੇ ਅਹੁਦੇ ਤੱਕ ਪਹੁੰਚ ਕੇ ਸਮੁੱਚੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਕੈਨੇਡਾ ਦੇ ਪੱਛਮੀ ਸਾਹਿਲ ਦੀ ਬੰਦਰਗਾਹ ਡੈਲਟਾ ਵਿੱਚ ਹੋਣ ਕਰਕੇ ਡੈਲਟਾ ਪੁਲੀਸ ਨੂੰ ਕਈ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਵਿਦੇਸ਼ਾਂ ਤੋਂ ਦਰਾਮਦ ਹੁੰਦੇ ਤੇ ਬਾਹਰ ਬਰਾਮਦ ਕੀਤੇ ਜਾਂਦੇ ਸਾਮਾਨ ਉੱਤੇ ਨਜ਼ਰ ਰੱਖਣ ਦੀ ਜਿੰਮੇਵਾਰੀ ਡੈਲਟਾ ਪੁਲੀਸ ਨਿਭਾਉਂਦੀ ਹੈ। ਕਈ ਸਾਲਾਂ ਤੋਂ ਵੱਡੇ ਕੇਸਾਂ ਦੀ ਜਾਂਚ ਦਾ ਕੰਮ ਸਿੱਧੂ ਦੀ ਕਮਾਂਡ ਵਾਲੀ ਟੀਮ ਨੂੰ ਸੌਂਪਿਆ ਜਾਂਦਾ ਸੀ ਤੇ ਉਸਦੀ ਜਾਂਚ ’ਤੇ ਕਦੇ ਉਂਗਲ ਉੱਠਣ ਦੀ ਗੁੰਜਾਇਸ਼ ਪੈਦਾ ਨਹੀਂ ਹੋਈ।
ਪੁਲੀਸ ਬੋਰਡ ਦੇ ਚੇਅਰਮੈਨ ਇਆਨ ਟੈਟ ਨੇ ਉਸਦੀ ਨਿਯੁਕਤੀ ਦਾ ਐਲਾਨ ਕਰਦਿਆਂ ਉਸਦੀ ਦੂਰਅੰਦੇਸ਼ ਤੇ ਕਮਾਂਡਰ ਵਾਲੀ ਸੋਚ ਅਤੇ ਵੱਖ ਵੱਖ ਤਬਜਬਿਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਡੈਲਟਾ ਪੁਲੀਸ ਦੇ ਮੁਖੀ ਬਣਨ ਵਾਲੇ ਅਕਸਰ ਬਾਹਰਲੇ ਖੇਤਰਾਂ ਤੋਂ ਹੁੰਦੇ ਸੀ, ਪਰ ਸਿੱਧੂ ਦੀ ਨਿਯੁਕਤੀ ਨਾਲ ਅੰਦਰੂਨੀ ਵਾਲਾ ਰਿਕਾਰਡ ਵੀ ਟੁੱਟ ਗਿਆ ਹੈ।
Advertisement
Advertisement