Canada News: ਡੱਗ ਫੋਰਡ ਵੱਲੋਂ ਕੈਨੇਡਾ-ਅਮਰੀਕਾ ਸਬੰਧਾਂ ਦੀ ਮਜ਼ਬੂਤੀ ਲਈ ਤਜਵੀਜ਼ ਤਿਆਰ
ਹਾਦਸੇ ’ਚ ਵਾਲ-ਵਾਲ ਬਚੇ ਓਂਟਾਰੀਓ ਦੇ Premier Doug Ford; ਪ੍ਰਸਤਾਵ ਤੋਂ ਊਰਜਾ ਤੇ ਸੁਰੱਖਿਆ ਦੇ ਵਿਕਾਸ ਸਮੇਤ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਦਾ ਭਰੋਸਾ ਪ੍ਰਗਟਾਇਆ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 9 ਜਨਵਰੀ
Canada News: ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ (Ontario Premier Doug Ford) ਨੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ (President Elect Donald Trump) ਦੀ ਟੈਰਿਫ ਵਾਧੇ ਦੀ ਧਮਕੀ ਨੂੰ ਠੁੱਸ ਕਰਨ ਲਈ ਇੱਕ ਤਜਵੀਜ਼ ਦੀ ਰੂਪ ਰੇਖਾ ਤਿਆਰ ਕੀਤੀ ਹੈ, ਜਿਸ ਦੇ ਲਾਗੂ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਦੀ ਊਰਜਾ ਸੁਰੱਖਿਆ ਦੇ ਵਿਕਾਸ ਸਮੇਤ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਦਾ ਅਧਾਰ ਸਾਬਤ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਫੋਰਡ ਨੇ ਭਰੋਸਾ ਪ੍ਰਗਟਾਇਆ ਕਿ ਪ੍ਰਸਤਾਵ ਦੇ ਇਸੇ ਰੂਪ ਵਿੱਚ ਅਮਲ ਵਿੱਚ ਆਉਣ ਤੋਂ ਬਾਅਦ ਇਹ ਦੁਵੱਲੀ ਸਥਿਰਤਾ, ਸੁਰੱਖਿਆ ਦੇ ਨਾਲ ਨਾਲ ਲੰਮੇਂ ਸਮੇਂ ਤੱਕ ਦੀ ਖੁਸ਼ਹਾਲੀ ਦੀ ਸਨਦ ਬਣ ਸਕਦਾ ਹੈ। ਸਰਕਾਰੀ ਫੈਸਲੇ ਲੈਣ ਵਿੱਚ ਧਾਕੜ ਮੰਨੇ ਜਾਂਦੇ ਡੱਗ ਫੋਰਡ ਨੇ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਬਾਰੇ ਦਿੱਤੇ ਤਾਜ਼ਾ ਬਿਆਨ ਨੂੰ ਹਾਸੋਹੀਣਾ ਦੱਸਦੇ ਹੋਏ ਕਿਹਾ ਕਿ ਕੈਨੇਡਾ ਵਿਕਾਊ ਦੇਸ਼ ਨਹੀਂ ਹੈ ਤੇ ਨਾ ਹੀ ਕਦੇ ਹੋ ਸਕੇਗਾ।
ਉਨ੍ਹਾਂ ਕਿਹਾ ਕਿ ਟਰੰਪ ਭੁਲੇਖੇ ਵਿੱਚ ਨਾ ਰਹਿਣ। ਆਰਥਿਕ ਤਾਕਤ ਦੀ ਵਰਤੋਂ ਦੀਆਂ ਧਮਕੀਆਂ ਵਿਦੇਸ਼ੀ ਨਿਰਭਰਤਾ ਵਾਲੇ ਦੇਸ਼ਾਂ ਉੱਤੇ ਹੀ ਕਾਰਗਰ ਹੋ ਸਕਦੀਆਂ ਹਨ, ਪਰ ਕੁਦਰਤੀ ਵਸੀਲਿਆਂ ਤੇ ਖਣਿਜਾਂ ਨਾਲ ਮਾਲਾਮਾਲ ਕੈਨੇਡਾ ਕਿਸੇ ਵੀ ਗੈਰਵਾਜਬ ਧਮਕੀ ਮੂਹਰੇ ਨਹੀਂ ਝੁਕ ਸਕਦਾ। ਕੈਨੇਡਾ ਦੀ ਆਰਥਿਕਤਾ ਵਿੱਚ 39 ਫਸਦੀ ਹਿੱਸਾ ਪਾਉਣ ਅਤੇ ਦੇਸ਼ ਵਿੱਚ ਸਭ ਤੋਂ ਵੱਧ ਪ੍ਰਤੀ ਜੀਅ ਆਮਦਨ ਵਾਲੇ ਸੂਬੇ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਹ ਧਮਕੀਆਂ ਨੂੰ ਪਿੱਛੇ ਸੁੱਟਦੇ ਹੋਏ ਸ਼ਾਨਦਾਰ ਵਪਾਰਕ ਸੌਦਿਆਂ ਲਈ ਇੱਕਜੁਟਤਾ ਨਾਲ ਕੰਮ ਕਰਦੇ ਰਹਿਣਗੇ।
ਡੱਗ ਫੋਰਡ ਨੇ ਅੱਜ ਕੁਝ ਹੋਰ ਸੂਬਿਆਂ ਦੇ ਮੁਖੀਆਂ ਨਾਲ ਵੀ ਗੱਲ ਕਰ ਕੇ ਟਰੰਪ ਦੀਆਂ ਧਮਕੀਆਂ ਨਾਲ ਸਿੱਝਣ ਬਾਰੇ ਵਿਚਾਰਾਂ ਕੀਤੀਆਂ ਹਨ। ਸਾਰਿਆਂ ਵਲੋਂ ਉਸ ਨੂੰ ਮੂਹਰੇ ਲੱਗ ਕੇ ਠੋਸ ਕਦਮ ਚੁਕਣ ਲਈ ਕਿਹਾ ਗਿਆ ਹੈ। ਵੱਡੇ ਪਣ ਬਿਜਲੀ ਉਤਪਾਦਤ ਉੱਤਰੀ ਸੂਬਿਆਂ ਵੱਲੋਂ ਉਸਨੂੰ ਫੈਸਲੇ ਲੈਣ ਦੇ ਅਖ਼ਤਿਆਰ ਦਿੱਤੇ ਜਾਣ ਦਾ ਪਤਾ ਵੀ ਲੱਗਾ ਹੈ।
ਗ਼ੌਰਲਤਬ ਹੈ ਕਿ ਟਰੰਪ ਵੱਲੋਂ ਆਪਣੀ ਚੋਣ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦੇਣ ਗਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕੈਨੇਡਾ ਨੂੰ ਅਮਰੀਕਾ 51ਵਾਂ ਸੂਬਾ ਬਣਾਉਣ ਦੀ ਕੀਤੀ ਗਈ ਪੇਸ਼ਕੱਸ਼ ਵਾਲੀ ਗੱਲ ਨੂੰ ਸਿਆਸੀ ਗਲਿਆਰਿਆਂ ਵਿੱਚ ਟਰੰਪ ਦੇ ਮਜ਼ਾਕ ਵਜੋਂ ਲੈਣ ਵਾਲੇ ਵੀ ਇਸ ਹਫਤੇ ਫਿਰ ਉਹੀ ਗੱਲ ਦੁਹਰਾਏ ਜਾਣ ਤੋਂ ਗਿਣਤੀਆਂ-ਮਿਣਤੀਆਂ ਵਿੱਚ ਪਏ ਹੋਏ ਹਨ ਕਿ ਆਖਰ ਟਰੰਪ ਕੀ ਕਰਨ ਦਾ ਇਰਾਦਾ ਰੱਖਦੇ ਹਨ ਤੇ ਕੀ ਇੰਜ ਦੀਆਂ ਗੱਲਾਂ ਕਰਕੇ ਉਹ ਆਪਣੇ ਸਤਿਕਾਰ ਨੂੰ ਖੋਰਾ ਤਾਂ ਨਹੀਂ ਲਾ ਰਹੇ।
ਅੱਜ ਹੀ ਟਰੰਪ ਵਲੋਂ ਹਮਾਸ ਨੂੰ ਵੀ ਧਮਕੀ ਦਿੱਤੀ ਗਈ ਹੈ ਕਿ ਉਹ ਹਿਰਾਸਤ ਵਿੱਚ ਲਏ ਲੋਕਾਂ ਨੂੰ ਛੱਡ ਦੇਵੇ ਜਾਂ ਫਿਰ ਮਲੀਆਮੇਟ ਹੋਣ ਲਈ ਤਿਆਰ ਰਹੇ। ਟਰੰਪ ਵੱਲੋਂ ਯੂਕਰੇਨ ਬਾਰੇ ਦਿੱਤੇ ਬਿਆਨ ਨੂੰ ਬਹੁਤੇ ਲੋਕਾਂ ਨੇ ਤਵੱਜੋ ਨਹੀਂ ਦਿੱਤੀ।
ਸੜਕ ਹਾਦਸੇ ’ਚ ਵਾਲ-ਵਾਲ ਬਚੇ ਡੱਗ ਫੋਰਡ
ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਦੀ ਕਾਰ ਨੂੰ ਪੇਸ਼ ਆਏ ਹਾਦਸੇ ਦੌਰਾਨ ਉਨ੍ਹਾਂ ਨੂੰ ਕੁਝ ਸੱਟਾਂ ਲੱਗੀਆਂ ਪਰ ਜ਼ਖ਼ਮੀ ਹੋਣ ਤੋਂ ਬਚਾਅ ਰਿਹਾ। ਕਾਰ ਵਿੱਚ ਫੋਰਡ ਨਾਲ ਉਨ੍ਹਾਂ ਦਾ ਸਕੱਤਰ ਤੇ ਸੁਰੱਖਿਆ ਕਰਮਚਾਰੀ ਵੀ ਸਵਾਰ ਸਨ। ਉਹ ਹਾਈਵੇਅ 401 ਸਥਿਤ ਨਿਊਕਲੀਅਰ ਪਲਾਂਟ ’ਚੋਂ ਨਿਕਲ ਕੇ ਮੁੱਖ ਸੜਕੇ ’ਤੇ ਚੜ੍ਹੇ ਹੀ ਸਨ ਕਿ ਪਿੱਛੋਂ ਆਉਂਦੀ ਕਿਸੇ ਹੋਰ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਘਟਨਾ ਸਥਾਨ ਤੋਂ ਬਾਅਦ ਦਫਤਰ ਪਹੁੰਚੇ ਫੋਰਡ ਨੇ ਕਿਹਾ, ‘‘ਬੱਸ ਬਚਾਅ ਹੋ ਗਿਆ।’’ ਉਨ੍ਹਾਂ ਕਿਹਾ ਟੱਕਰ ਮੌਕੇ ਇੰਜ ਦਾ ਝਟਕਾ ਲੱਗਿਆ ਜਿਵੇਂ ਕਿਸੇ ਨੇ ਸਰੀਰ ’ਤੇ ਹਥੌੜਾ ਮਾਰਿਆ ਹੋਵੇ।
ਉਸ ਨੇ ਕਿਹਾ, ‘‘ਸੱਟਾਂ ਕਾਰਨ ਦਰਦ ਤਾਂ ਹੈ, ਪਰ ਸਾਰੇ ਸਵਾਰ ਜ਼ਖਮਾਂ ਤੋੰ ਬਚ ਗਏ। ਟੱਕਰ ਮਾਰਨ ਵਾਲੀ ਕਾਰ ਬੇਕਾਬੂ ਹੋਕੇ ਸੜਕ ਦੇ ਦੂਜੇ ਪਾਸੇ ਕਿਸੇ ਹੋਰ ਵਾਹਨ ’ਚ ਜਾ ਵੱਜੀ। ਉਸ ਕਾਰ ਦਾ ਚਾਲਕ ਸਖਤ ਜ਼ਖ਼ਮੀ ਹੋ ਗਿਆ।’’ ਉਨ੍ਹਾਂ ਉਸ ਦੀ ਸਿਹਤਯਾਬੀ ਲਈ ਦੁਆ ਕੀਤੀ।