Canada News: ਦਸਮੇਸ਼ ਸਕੂਲ ਵਿਨੀਪੈਗ ’ਚ ਬੰਦੀ ਛੋੜ ਦਿਵਸ ਤੇ ਦੀਵਾਲੀ ਧੂਮ ਧਾਮ ਨਾਲ ਮਨਾਈ
ਸੁਰਿੰਦਰ ਮਾਵੀ
ਵਿਨੀਪੈਗ, ਨਵੰਬਰ 14
ਵਿਦੇਸ਼ਾਂ ਵਿਚ ਆਪਣੇ ਵਿਰਸੇ, ਧਰਮ ਅਤੇ ਸਿੱਖ ਸਭਿਆਚਾਰ ਪ੍ਰਤੀ ਜਾਗਰੂਕ ਸੁਹਿਰਦ ਸਿੱਖਾਂ ਦਾ ਹਮੇਸ਼ਾ ਇਹੀ ਯਤਨ ਰਿਹਾ ਹੈ ਕਿ ਆਪਣੀ ਆਉਣ ਵਾਲੀ ਨਸਲ ਨੂੰ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਮਾਣਮੱਤੇ ਵਿਰਸੇ ਨਾਲ ਜੋੜਿਆ ਜਾਵੇ ਅਤੇ ਅਜਿਹਾ ਕਰਨ ਲਈ ਵੱਖ-ਵੱਖ ਸਾਧਨ ਅਪਣਾਏ ਜਾਂਦੇ ਹਨ। ਸਿੱਖਾਂ ਦੀ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਕਦਰਾਂ ਕੀਮਤਾਂ ਦੇ ਅਨੁਸਾਰੀ ਬਣਾਉਣ ਲਈ ਕੈਨੇਡਾ ਦੇ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ 'ਚ ਸੂਬੇ ਦੇ ਪਹਿਲੇ ਸਿੱਖ ਫੇਥ ਦਸਮੇਸ਼ ਸਕੂਲ ਦੀ ਸ਼ੁਰੂਆਤ 2012 ਵਿਚ ਹੋਈ ਸੀ। ਇਸ ਸਕੂਲ ਵਿਚ ਮੈਨੀਟੋਬਾ ਦੇ ਸਿਲੇਬਸ ਤੋਂ ਇਲਾਵਾ ਪੰਜਾਬੀ ਭਾਸ਼ਾ ਤੇ ਸਿੱਖ ਇਤਿਹਾਸ ਬਾਰੇ ਵੀ ਪੜ੍ਹਾਇਆ ਜਾਂਦਾ ਹੈ।
ਇਸੇ ਕੜੀ ਤਹਿਤ ਪਿਛਲੇ ਦਿਨੀਂ ਦਸਮੇਸ਼ ਸਕੂਲ ਨੇ ਬੰਦੀ ਛੋੜ ਦਿਵਸ ਤੇ ਦੀਵਾਲੀ ਬੜੀ ਧੂਮ ਧਾਮ ਨਾਲ ਵਿਨੀਪੈਗ ਦੇ ਜੁਬਲੀ ਪੈਲੇਸ ਥੀਏਟਰ ਵਿਚ ਮਨਾਈ। ਦਸਮੇਸ਼ ਸਕੂਲ 30000 ਵਰਗ ਫੁੱਟ ਦੀ ਇਮਾਰਤ ਵਿਚ 105 ਹੋਲਮਸ ਰੋਡ, ਵੈਸਟ ਸੇਂਟ ਪਾਲ ਵਿਖੇ ਸਥਿਤ ਹੈ। ਇਹ ਸਕੂਲ ਮੈਪਲਸ, ਅੰਬਰਟ੍ਰੇਲਸ, ਰਿਵਰਬੈਂਡ, ਈਸਟ ਕਿਲਡੋਨਨ ਅਤੇ ਟੰਢਲ ਪਾਰਕ ਤੋਂ ਕੁੱਝ ਮਿੰਟਾਂ ਦੀ ਦੂਰੀ 'ਤੇ ਹੈ। ਇਸ ਵਿਚ ਵਿਸ਼ਾਲ ਬਾਹਰੀ ਮੈਦਾਨ, ਵਿਸ਼ਾਲ ਜਿਮ, ਸਮਾਰਟ ਕਲਾਸ-ਰੂਮ, ਲਾਇਬ੍ਰੇਰੀ ਅਤੇ ਕੰਟੀਨ ਆਦਿ ਸ਼ਾਮਲ ਹਨ। ਇਹ ਸਕੂਲ ਮੈਨੀਟੋਬਾ ਫੈਡਰੇਸ਼ਨ ਆਫ਼ ਇੰਡੀਪੈਂਡੈਂਟ ਸਕੂਲਜ਼ ਦਾ ਇੱਕ ਮਾਣਮੱਤਾ ਮੈਂਬਰ ਹੈ, ਜਿਸ ਵਿਚ ਮੈਨੀਟੋਬਾ ਵੱਲੋਂ ਪ੍ਰਮਾਣਿਤ ਅਧਿਆਪਕ ਹਨ ਤੇ ਇਸ ਵਿਚ ਪੰਜਾਬੀ ਭਾਸ਼ਾ, ਫਰੈਂਚ, ਲੋਕ ਨਾਚਾਂ, ਗੁਰਬਾਣੀ ਕੀਰਤਨ, ਨੈਤਿਕ ਸਿੱਖਿਆ ਦੇ ਨਾਲ-ਨਾਲ ਮੈਨੀਟੋਬਾ ਪਾਠਕ੍ਰਮ ਵੀ ਪੜ੍ਹਾਇਆ ਜਾਂਦਾ ਹੈ।
ਸਮਾਗਮ ਦੌਰਾਨ ਸਕੂਲ ਦੇ ਬੱਚਿਆਂ ਵੱਲੋਂ ਇਕ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਦੀ ਸ਼ੁਰੂਆਤ ਕੈਨੇਡਾ ਦੇ ਕੌਮੀ ਗੀਤ ‘‘ਓ' ਕੈਨੇਡਾ’’ ਅਤੇ ਇਕ ਬਹੁਤ ਹੀ ਮਨਭਾਉਂਦੇ ਸ਼ਬਦ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਦੀਵਾਲੀ ਦੀ ਰਾਤ, ਜਗਮਗ ਨੂਰ ਸ਼ਬਦ, ਸ਼ੁਕਰਾਨਾ ਤੇ ਅੱਖਰ ਨਾਮੀ ਪ੍ਰੋਗਰਾਮ ਪੇਸ਼ ਕੀਤੇ।
ਛੋਟੀਆਂ-ਛੋਟੀਆਂ ਬੱਚੀਆਂ ਨੇ ਜੱਟੀਆਂ ਪੰਜਾਬ ਦੀਆਂ, ਨੱਚਦੀ ਫੁਲਕਾਰੀ, ਲੁੱਡੀ, ਸੰਮੀ, ਲੌਂਗ ਲਾਚੀ ਤੇ ਗਿੱਧਾ ਆਦਿ ਪੇਸ਼ ਕੀਤਾ। ਨਿੱਕੇ ਨਿੱਕੇ ਗੱਭਰੂਆਂ ਨੇ ਜਦ ਪੰਜਾਬੀ ਗੀਤਾਂ ਹੈਵੀ ਵੇਟ, ਸੋਨੇ ਦਾ ਚੁਬਾਰਾ, ਮੂਸਾ ਜੱਟ, ਗੱਭਰੂ, ਜੱਟ ਮੇਲੇ ਆ ਗਿਆ ਆਦਿ ’ਤੇ ਧਮਾਲਾਂ ਪਾਈਆਂ ਤਾਂ ਉਨ੍ਹਾਂ ਨੂੰ ਦੇਖ ਕੇ ਸਰੋਤਿਆਂ ਨੂੰ ਆਪਣਾ ਬਚਪਨ ਯਾਦ ਆ ਰਿਹਾ ਸੀ। ਇਸ ਤੋਂ ਇਲਾਵਾ ਇਸ ਸਕੂਲ ਦੀਆਂ ਕੈਨੇਡਾ ਵਾਈਡ ਇਨਾਮ ਜੇਤੂ ਭੰਗੜਾ ਤੇ ਗਿੱਧੇ ਦੀਆਂ ਟੀਮਾਂ ਨੇ ਖ਼ੂਬ ਰੰਗ ਬੰਨ੍ਹਿਅ। ਇਸ ਤੋਂ ਇਲਾਵਾ ਸਕਿੱਟਾਂ, ਕੋਰੀਓ ਗਰਾਫ਼ੀ, ਕਵਿਤਾ ਉਚਾਰਨ, ਲੋਕ ਗੀਤ, ਡਾਂਡੀਆ, ਰਾਜਸਥਾਨੀ ਡਾਂਸ ਅਤੇ ਪੰਜਾਬੀ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ।
ਦਰਸ਼ਕਾਂ ਨੇ ਸਾਰੀਆਂ ਪੇਸ਼ਕਾਰੀਆਂ ਦਾ ਅਨੰਦ ਲਿਆ ਅਤੇ ਛੋਟੇ ਬੱਚਿਆਂ ਦੀਆਂ ਪੇਸ਼ਕਾਰੀਆਂ ਤੋਂ ਹੈਰਾਨ ਹੋ ਗਏ। ਸਮਾਗਮ ਵਿਚ ਭਾਈਚਾਰੇ ਦੇ ਲਗਭਗ 540 ਮੈਂਬਰਾਂ ਨੇ ਜੁਬਲੀ ਪੈਲੇਸ ਥੀਏਟਰ ਵਿਖੇ ਲਗਭਗ 600 ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਸ਼ਾਨਤਾਰ ਅਤੇ ਸਭਿਆਚਾਰਕ ਪ੍ਰੋਗਰਾਮਾਂ ਨੂੰ ਮਾਣਿਆ। ਪ੍ਰਧਾਨ ਅਤੇ ਸੰਸਥਾਪਕ ਪ੍ਰੋ. ਮਨਜਿੰਦਰ ਪਾਲ ਸਿੰਘ ਚਾਹਲ ਨੇ ਕਿਹਾ ਕਿ ਸਕੂਲ ਨੂੰ ਪਿਛਲੇ ਸਾਲਾਂ ਵਿਚ ਇੰਡੋ-ਕੈਨੇਡੀਅਨ ਭਾਈਚਾਰੇ ਦਾ ਜ਼ਬਰਦਸਤ ਸਮਰਥਨ ਮਿਲਿਆ ਹੈ ਅਤੇ ਸਾਲ 2023-2024 ਵਾਸਤੇ ਵਿਦਿਆਰਥੀਆਂ ਦਾ ਦਾਖ਼ਲਾ ਗਰੇਡ 10 ਤੱਕ ਵਧ ਕੇ 600 ਤੋਂ ਉੱਪਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸਕੂਲ ਮੈਨੀਟੋਬਾ ਫੈਡਰੇਸ਼ਨ ਆਫ਼ ਇੰਡੀਪੈਂਡੈਂਟ ਸਕੂਲਜ਼ ਦਾ ਇੱਕ ਮਾਣਮੱਤਾ ਮੈਂਬਰ ਹੈ।
ਉਨ੍ਹਾਂ ਦੱਸਿਆ ਕਿ ਦਸਮੇਸ਼ ਸਕੂਲ ਨੇ ਪਿਛਲੇ ਸਾਲਾਂ ਵਿਚ ਅਕਾਦਮਿਕ ਅਤੇ ਪਾਠਕ੍ਰਮ ਤੋਂ ਬਾਹਰੀ ਗਤੀਵਿਧੀਆਂ ਵਿਚ ਬਹੁਤ ਕੁੱਝ ਹਾਸਲ ਕੀਤਾ ਹੈ ਅਤੇ ਬਹੁਤ ਸਾਰੇ ਦਸਮੇਸ਼ੀਅਨਾਂ ਨੇ ਗਣਿਤ, ਵਿਗਿਆਨ ਅਤੇ ਸਪੈਲਿੰਗ ਬੀ ਮੁਕਾਬਲਿਆਂ ਵਿਚ ਬਹੁਤ ਵੱਕਾਰੀ ਇਨਾਮ ਤੇ ਪੁਰਸਕਾਰ ਜਿੱਤੇ ਹਨ। ਦਸਮੇਸ਼ ਸਕੂਲ ਦੇ ਸਾਬਕਾ ਵਿਦਿਆਰਥੀ ਆਪਣੇ ਸੀਨੀਅਰ ਸਾਲ ਅਤੇ ਪੋਸਟ-ਸੈਕੰਡਰੀ ਸਿੱਖਿਆ ਵਿਚ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਪ੍ਰਿੰਸੀਪਲ ਅਮਨਦੀਪ ਸਰਾਂ ਨੇ ਦੱਸਿਆ ਕਿ ਛੋਟੀ ਉਮਰ ਤੋਂ ਹੀ ਵਿਦਿਆਰਥੀਆਂ ਵਿਚ ਮਜ਼ਬੂਤ ਅਕਾਦਮਿਕ ਨੀਂਹ ਅਤੇ ਪਛਾਣ ਨਿਰਮਾਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਂਦਾ ਹੇ ਤਾਂ ਜੋ ਉਹ ਜੀਵਨ ਦੇ ਸਾਰੇ ਪਹਿਲੂਆਂ ਵਿਚ ਦਇਆਵਾਨ, ਆਤਮ-ਵਿਸ਼ਵਾਸੀ ਅਤੇ ਦੂਰ-ਦਰਸ਼ੀ ਨੇਤਾਵਾਂ ਵਜੋਂ ਵਿਕਾਸ ਕਰ ਸਕਣ।
ਇਸ ਦੌਰਾਨ ਇਨ੍ਹਾਂ ਤੋਂ ਇਲਾਵਾ ਜਸ਼ਨਾਂ ਵਿਚ ਐੱਮਐੱਲਏ ਮਿੰਟੂ ਬਰਾੜ, ਐੱਮਐੱਲਏ ਦਲਜੀਤ ਪਾਲ ਬਰਾੜ, ਐੱਮਐੱਲਏ ਜੇ ਦੇਵਗਨ ਤੋਂ ਇਲਾਵਾ ਹਰਪ੍ਰੀਤ ਜਵੰਦਾ ਨੇ ਵੀ ਸ਼ਿਰਕਤ ਕੀਤੀ ਅਤੇ ਪ੍ਰਬੰਧਕਾਂ ਤੇ ਸਕੂਲ ਸਟਾਫ਼ ਨੂੰ ਵਧਾਈਆਂ ਦਿੱਤੀਆਂ। ਪ੍ਰੋ ਮਨਜਿੰਦਰ ਪਾਲ ਚਾਹਲ ਨੇ ਸਾਰੇ ਭਾਈਚਾਰੇ ਦੇ ਮੈਂਬਰਾਂ ਦਾ ਦਸਮੇਸ਼ ਸਕੂਲ ਪ੍ਰਤੀ ਪਿਆਰ ਅਤੇ ਸਹਿਯੋਗ ਲਈ ਧੰਨਵਾਦ ਕੀਤਾ।