Canada News: ਕੈਨੇਡਾ: ਪ੍ਰਧਾਨ ਮੰਤਰੀ ਕਾਰਨੇ ਮੰਤਰੀ ਮੰਡਲ ’ਚ ਦੋ ਭਾਰਤੀ ਬੀਬੀਆਂ
ਗੁਰਮਲਕੀਅਤ ਸਿੰਘ ਕਾਹਲੋਂ/ਏਜੰਸੀ
ਵੈਨਕੂਵਰ, 15 ਮਾਰਚ
ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਮਾਰਕ ਕਾਰਨੇ ਨੇ ਦੇਸ਼ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲੈ ਲਿਆ। ਉਨ੍ਹਾਂ ਦੇ 23 ਮੈਂਬਰੀ ਮੰਤਰੀ ਮੰਡਲ ਵਿੱਚ ਦੋ ਭਾਰਤੀ ਬੀਬੀਆਂ ਨੇ ਵੀ ਹਲਫ਼ ਲਿਆ।
ਮੰਤਰੀਆਂ ਵਿੱਚ ਭਾਰਤੀ ਮੂਲ ਦੀ ਕੈਨੇਡਿਆਈ ਨਾਗਰਿਕ ਅਨੀਤਾ ਆਨੰਦ ਅਤੇ ਦਿੱਲੀ ਵਿੱਚ ਜੰਮੀ ਕਮਲ ਖੇੜਾ ਸ਼ਾਮਲ ਹਨ। ਖੇੜਾ ਦਾ ਪਿਛੋਕੜ ਪੰਜਾਬ ਦੇ ਐੱਸਏਐੱਸ ਨਗਰ ਮੁਹਾਲੀ ਦੀ ਖਰੜ ਤਹਿਸੀਲ ਦੇ ਪਿੰਡ ਭਾਗੋਮਾਜਰਾ ਦਾ ਹੈ। ਨਵੇਂ ਮੰਤਰੀ ਮੰਡਲ ਵਿੱਚ ਪ੍ਰਧਾਨ ਮੰਤਰੀ ਸਣੇ 13 ਪੁਰਸ਼ ਅਤੇ 11 ਮਹਿਲਾਵਾਂ ਸ਼ਾਮਲ ਹਨ। ਮਾਰਕ ਕਾਰਨੀ (Mark Carney, Prime Minister of Canada) ਨੇ ਆਪਣੇ ਸਹੁੰ-ਚੁੱਕ ਸਮਾਗਮ ਤੋਂ ਤੁਰੰਤ ਬਾਅਦ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਵਿੱਚ ਦੇਸ਼ ਦੇ ਲੋਕਾਂ ਦੇ ਸਿਰੋਂ ਕਾਰਬਨ ਟੈਕਸ ਦਾ ਬੋਝ ਲਾਹ ਦਿੱਤਾ। ਆਪਣੀ ਸਰਕਾਰ ਦੇ ਪਹਿਲੇ ਫੈਸਲੇ ਦਾ ਐਲਾਨ ਕਰ ਕੇ ਮੰਤਰੀ ਮੰਡਲ ਵਲੋਂ ਇਸ ਨੂੰ ਤੁਰੰਤ ਲਾਗੂ ਕਰਨ ਦੇ ਫੈਸਲੇ ’ਤੇ ਮੋਹਰ ਲਾ ਦਿੱਤੀ ਗਈ।
ਅਨੀਤਾ ਆਨੰਦ (58) ਨੂੰ ਨਵੀਨਤਾ, ਵਿਗਿਆਨ ਅਤੇ ਸਨਅਤ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਕਮਲ ਖੇੜਾ (36) ਨੂੰ ਸਿਹਤ ਮੰਤਰੀ ਲਗਾਇਆ ਗਿਆ ਹੈ। ਦਿੱਲੀ ਵਿੱਚ ਜੰਮੀ ਕਮਲ ਖੇੜਾ ਕੈਨੇਡਾ ਉਦੋਂ ਆਈ ਸੀ ਜਦੋਂ ਉਹ ਸਕੂਲ ਵਿੱਚ ਸੀ। ਉਸ ਨੇ ਯੋਰਕ ਯੂਨੀਵਰਸਿਟੀ ਟੋਰਾਂਟੋ ਤੋਂ ਵਿਗਿਆਨ ਦੀ ਬੈਚਲਰ ਡਿਗਰੀ ਕੀਤੀ। ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ਮੁਤਾਬਕ ਕਮਲ ਖੇੜਾ ਸਭ ਤੋਂ ਪਹਿਲਾਂ 2015 ਵਿੱਚ ਬਰੈਂਪਟਨ ਪੱਛਮੀ ਤੋਂ ਸੰਸਦ ਮੈਂਬਰ ਚੁਣੀ ਗਈ ਸੀ। ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ਮੁਤਾਬਕ ਖੇੜਾ ਇਕ ਰਜਿਸਟਰਡ ਨਰਸ, ਕਮਿਊਨਿਟੀ ਵਾਲੰਟੀਅਰ ਅਤੇ ਸਿਆਸੀ ਕਾਰਕੁਨ ਹੈ। ਉਹ ਪਹਿਲਾਂ ਵੀ ਮੰਤਰੀ ਸਣੇ ਵੱਖ-ਵੱਖ ਅਹੁਦਿਆਂ ’ਤੇ ਰਹਿ ਚੁੱਕੀ ਹੈ।

ਇਸੇ ਤਰ੍ਹਾਂ ਦਿਹਾਤੀ ਨੋਵਾ ਸਕੌਟੀਆ ’ਚ ਜੰਮੀ ਤੇ ਵੱਡੀ ਹੋਈ ਆਨੰਦ 1985 ਵਿੱਚ ਓਂਟਾਰੀਓ ਆਈ ਸੀ। ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ਮੁਤਾਬਕ ਆਨੰਦ ਸਭ ਤੋਂ ਪਹਿਲਾਂ 2019 ’ਚ ਓਕਵਿਲੇ ਤੋਂ ਸੰਸਦ ਮੈਂਬਰ ਚੁਣੀ ਗਈ ਸੀ ਅਤੇ ਪਿਛਲੇ ਸਮੇਂ ਵਿੱਚ ਖ਼ਜ਼ਾਨਾ ਬੋਰਡ ਦੀ ਪ੍ਰਧਾਨ, ਨੈਸ਼ਨਲ ਡਿਫੈਂਸ ਦੀ ਮੰਤਰੀ ਅਤੇ ਜਨਤਕ ਸੇਵਾਵਾਂ ਤੇ ਖ਼ਰੀਦ ਸਬੰਧੀ ਮੰਤਰੀ ਵੀ ਰਹਿ ਚੁੱਕੀ ਹੈ। ਆਨੰਦ ਨੇ ਇਕ ਵਕੀਲ ਤੇ ਖੋਜਾਰਥੀ ਵਜੋਂ ਵੀ ਕੰਮ ਕੀਤਾ ਹੈ। ਉਹ ਟੋਰਾਂਟੋ ਯੂਨੀਵਰਸਿਟੀ ਵਿੱਚ ਇਕ ਪ੍ਰੋਫੈਸਰ ਵੀ ਰਹੀ।
ਜ਼ਿਕਰਯੋਗ ਹੈ ਕਿ ਅਲਬਰਟਾ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਿੰਸ ਐਡਵਰਡ ਆਈਲੈਂਡ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਪ੍ਰਤੀਨਿਧਤਾ ਨਹੀਂ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋਏ ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿੱਚ 36 ਮੰਤਰੀ ਸਨ। ਨਵੇਂ ਮੰਤਰੀ ਮੰਡਲ ਵਿੱਚ ਜ਼ਿਆਦਾਤਰ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ।
ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਟਰੂਡੋ ਨੇ ਅਸਤੀਫਾ ਗਵਰਨਰ ਜਨਰਲ ਨੂੰ ਸੌਂਪਿਆ
ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਸਮੀ ਤੌਰ ’ਤੇ ਆਪਣਾ ਅਸਤੀਫਾ ਗਵਰਨਰ ਜਨਰਲ ਮੈਰੀ ਸਿਮੋਨ ਨੂੰ ਸੌਂਪਿਆ ਅਤੇ ਦੇਸ਼ ਦੇ ਲੋਕਾਂ ਦੇ ਨਾਮ ਆਪਣਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਧਰਤੀ ਦੇ ਸੁੰਦਰ ਦੇਸ਼ ਦੀ ਵਾਗਡੋਰ ਸੰਭਾਲਣ ਦਾ ਸਾਢੇ ਨੌਂ ਸਾਲ ਜੋ ਸਮਾਂ ਦਿੱਤਾ ਗਿਆ ਸੀ, ਉਸ ਦਾ ਇੱਕ-ਇੱਕ ਪਲ ਉਨ੍ਹਾਂ ਵੱਲੋਂ ਕੈਨੇਡਾ ਦੀ ਤਰੱਕੀ ਲਈ ਵਰਤਿਆ ਗਿਆ। ਸਾਬਕਾ ਪ੍ਰਧਾਨ ਮੰਤਰੀ ਨੇ ਅਮਰੀਕਾ ਦਾ ਨਾਮ ਲਏ ਬਿਨਾਂ ਕਿਹਾ ਕਿ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਨੇ ਕੈਨੇਡਾ ਨੂੰ ਕਿਸੇ ਅੱਗੇ ਝੁਕਣ ਨਹੀਂ ਦਿੱਤਾ ਅਤੇ ਆਪਣੀ ਹੋਂਦ ਦਾ ਲੋਹਾ ਮਨਵਾਇਆ ਹੈ।