For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਨਵੇਂ ਲਿਬਰਲ ਆਗੂ ਦੀ ਚੋਣ 9 ਮਾਰਚ ਨੂੰ

06:43 AM Jan 11, 2025 IST
ਕੈਨੇਡਾ  ਨਵੇਂ ਲਿਬਰਲ ਆਗੂ ਦੀ ਚੋਣ 9 ਮਾਰਚ ਨੂੰ
Advertisement

* ਹਰੇਕ ਉਮੀਦਵਾਰ ਨੂੰ ਪਾਰਟੀ ਕੋਲ ਜਮ੍ਹਾਂ ਕਰਵਾਉਣੇ ਹੋਣਗੇ 3.5 ਲੱਖ ਡਾਲਰ

Advertisement

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 10 ਜਨਵਰੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 6 ਮਾਰਚ ਨੂੰ ਲਿਬਰਲ ਪਾਰਟੀ ਦੇ ਸੰਸਦੀ ਆਗੂ ਦੇ ਅਹੁਦੇ ਤੋਂ ਮੁਸਤਫੀ ਹੋਣ ਦੇ ਐਲਾਨ ਤੋਂ ਬਾਅਦ ਨਵੇਂ ਆਗੂ ਦੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕੱਲ੍ਹ ਹੋਈ ਪਾਰਟੀ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਨਵੇਂ ਆਗੂ ਦੀ ਚੋਣ 9 ਮਾਰਚ ਨੂੰ ਹੋਵੇਗੀ, ਜਿਸ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖਰੀ ਦਿਨ 23 ਜਨਵਰੀ ਤੈਅ ਕੀਤਾ ਗਿਆ ਹੈ। ਇਸ ਅਹੁਦੇ ਲਈ ਚੋਣ ਮੈਦਾਨ ਵਿੱਚ ਕੁੱਦਣ ਦੇ ਚਾਹਵਾਨ ਆਗੂਆਂ ਨੂੰ 3.5 ਲੱਖ ਡਾਲਰ (ਪ੍ਰਤੀ ਉਮੀਦਵਾਰ) ਪਾਰਟੀ ਕੋਲ ਜਮ੍ਹਾਂ ਕਰਵਾਉਣੇ ਹੋਣਗੇ।
ਪਾਰਟੀ ਆਗੂ ਬਣਨ ਵਾਲਿਆਂ ਦੀ ਦੌੜ ਵਿੱਚ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੇ ਅਤੇ ਬੀਸੀ ਦੀ ਸਾਬਕਾ ਮੁੱਖ ਮੰਤਰੀ ਕ੍ਰਿਸਟੀ ਕਲਾਰਕ ਪ੍ਰਮੁੱਖ ਦਾਅਵੇਦਾਰਾਂ ’ਚ ਸ਼ਾਮਲ ਹਨ। ਉਂਝ, ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ, ਚੰਦਰ ਆਰੀਆ ਅਤੇ ਕਿਊਬਕ ਤੋਂ ਸੰਸਦ ਮੈਂਬਰ ਫ਼ਰੈਂਕ ਬੈਲਿਸ ਵੀ ਉਮੀਦਵਾਰੀ ਦਾ ਦਾਅਵਾ ਕਰਨ ਦਾ ਮਨ ਬਣਾ ਰਹੇ ਹਨ। ਪਾਰਟੀ ਦੇ ਨਵੇਂ ਮੈਂਬਰ ਬਣਨ ਦੇ ਚਾਹਵਾਨ ਵਿਅਕਤੀ 27 ਜਨਵਰੀ ਤੱਕ ਅਰਜ਼ੀਆਂ ਦੇ ਸਕਦੇ ਹਨ। ਮੈਂਬਰਾਂ ਨੂੰ ਵੋਟ ਦਾ ਅਧਿਕਾਰ ਦੇਣ ਦੀਆਂ ਸ਼ਰਤਾਂ ਪਹਿਲਾਂ ਨਾਲੋਂ ਸਖ਼ਤ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਨਵੀਆਂ ਸ਼ਰਤਾਂ ਤਹਿਤ 14 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਕੈਨੇਡਿਆਈ ਨਾਗਰਿਕ ਜਾਂ ਪੱਕੇ ਰਿਹਾਇਸ਼ੀ ਵਿਅਕਤੀ ਮੈਂਬਰ ਬਣਨ ਤੇ ਆਗੂ ਚੁਣਨ ਲਈ ਵੋਟ ਦਾ ਹੱਕ ਰੱਖਦੇ ਹਨ।

Advertisement

ਚੰਦਰ ਆਰੀਆ ਪ੍ਰਧਾਨ ਮੰਤਰੀ ਦੀ ਦੌੜ ’ਚ

ਓਟਵਾ:

ਕੈਨੇਡਾ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਐਲਾਨ ਕੀਤਾ ਹੈ ਕਿ ਉਹ ਵੀ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਵੱਲੋਂ ਦੇਸ਼ ਨੂੰ ਇਕ ਪ੍ਰਭੂਸੱਤਾ ਸੰਪੰਨ ਗਣਰਾਜ ਬਣਾਉਣ, ਸੇਵਾਮੁਕਤੀ ਦੇ ਲਾਭ ਵਧਾਉਣ, ਇਕ ਨਾਗਰਿਕਤਾ ਆਧਾਰਤ ਟੈਕਸ ਪ੍ਰਣਾਲੀ ਅਮਲ ਵਿੱਚ ਲਿਆਉਣ ਅਤੇ ਫਲਸਤੀਨ ਨੂੰ ਵੱਖਰੇ ਮੁਲਕ ਵਜੋਂ ਮਾਨਤਾ ਦੇਣ ਆਦਿ ਵਾਅਦਿਆਂ ਨਾਲ ਚੋਣ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਕਰਨਾਟਕ ਵਿੱਚ ਜਨਮੇ ਓਟਵਾ ਦੇ ਸੰਸਦ ਮੈਂਬਰ ਚੰਦਰ ਆਰੀਆ ਵੱਲੋਂ ਇਹ ਐਲਾਨ ਵੀਰਵਾਰ ਸਵੇਰ ‘ਐਕਸ’ ਉੱਤੇ ਕੀਤਾ ਗਿਆ। ਆਰੀਆ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਕੈਨੇਡਾ ਨੂੰ ਇਕ ਪ੍ਰਭੂਸੱਤਾ ਸੰਪੰਨ ਦੇਸ਼ ਬਣਾਉਣਾ ਚਾਹੁੰਦੇ ਹਨ, ਇਸ ਵਾਸਤੇ ਰਾਜਸ਼ਾਹੀ ਦੇ ਹੱਥ ਦੇਸ਼ ਦੀ ਵਾਗਡੋਰ ਦੇਣੀ ਬੰਦ ਕਰਨੀ ਪਵੇਗੀ। -ਪੀਟੀਆਈ

Advertisement
Author Image

joginder kumar

View all posts

Advertisement