ਕੈਨੇਡਾ: ਬੀਚ ’ਤੇ ਘੁੰਮਣ ਗਏ ਪੰਜਾਬੀ ਨੌਜਵਾਨ ਦੀ ਹੱਤਿਆ
ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 25 ਅਪਰੈਲ
ਕੈਨੇਡਾ ਦੇ ਸ਼ਹਿਰ ਸਰੀ ਨਾਲ ਲੱਗਦੇ ਵਾਈਟ ਰੌਕ ਦੇ ਸਮੁੰਦਰੀ ਕੰਢੇ ਦਾ ਨਜ਼ਾਰਾ ਮਾਨਣ ਗਏ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ (28) ਦੀ ਅਫਰੀਕਨ ਮੂਲ ਦੇ ਵਿਅਕਤੀ ਨੇ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ। ਨੌਜਵਾਨ ਕੁਝ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਇਆ ਸੀ ਅਤੇ ਪਲੰਬਰ ਵਜੋਂ ਕੰਮ ਕੰਮ ਕਰਦਾ ਸੀ। ਕੁਲਵਿੰਦਰ ਸਿੰਘ ਪੰਜਾਬ ਦੇ ਕਸਬੇ ਅਮਰਗੜ੍ਹ ਨੇੜਲੇ ਪਿੰਡ ਤੋਲੇਵਾਲ ਦਾ ਰਹਿਣ ਵਾਲਾ ਸੀ। ਪੰਜਾਬੀ ਨੌਜਵਾਨ ਦੀ ਇਸ ਹੱਤਿਆ ਨੂੰ ਪੁਲੀਸ ਦੀ ਨਾਕਾਮੀ ਮੰਨਿਆ ਜਾ ਰਿਹਾ ਹੈ ਕਿਉਂਕਿ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਉਸੇ ਜਗ੍ਹਾ ਆਪਣੀ ਪਤਨੀ ਮਨਪ੍ਰੀਤ ਕੌਰ ਨਾਲ ਘੁੰਮਣ ਗਏ ਜਤਿੰਦਰ ਸਿੰਘ (28) ਦੀ ਧੌਣ ’ਤੇ ਮੁਲਜ਼ਮ ਦੇ ਹੁਲੀਏ ਵਾਲੇ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਸੀ। ਜਤਿੰਦਰ ਸਿੰਘ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਜ਼ੇਰੇ ਇਲਾਜ ਹੈ। ਲੋਕਾਂ ਵਿੱਚ ਰੋਸ ਹੈ ਕਿ ਜੇਕਰ ਪੁਲੀਸ ਨੇ ਘਟਨਾ ਮਗਰੋਂ ਉਸ ਥਾਂ ’ਤੇ ਸੁਰੱਖਿਆ ਵਧਾਈ ਹੁੰਦੀ ਤਾਂ ਇਹ ਦੂਜੀ ਘਟਨਾ ਨਾ ਵਾਪਰਦੀ। ਲੋਕਾਂ ਦਾ ਮੰਨਣਾ ਹੈ ਕਿ ਸਰੀ ਵਿਚ ਤਾਇਨਾਤ ਕੇਂਦਰੀ ਪੁਲੀਸ ਹੁਣ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਹਾਲਾਂਕਿ ਸੂਬਾਈ ਲੋਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਕੇਂਦਰੀ ਪੁਲੀਸ ਦੇ ਸੂਬਾਈ ਸਹਾਇਕ ਕਮਿਸ਼ਨਰ ਡਵੇਨ ਮੈਕਡੌਨਲਡ ਤੇ ਸਰੀ ਪੁਲੀਸ ਦੇ ਮੁਖੀ ਨੌਰਮ ਲਪਿੰਸਕੀ ਦੀ ਮੌਜੂਦਗੀ ਵਿੱਚ ਸਰਕਾਰੀ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ 29 ਨਵੰਬਰ ਨੂੰ ਸ਼ਹਿਰ ਦੀ ਕਮਾਂਡ ਸਰੀ ਪੁਲੀਸ ਦੇ ਹੱਥ ਆਵੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਪੁਲੀਸ ਬਲ ਦੀ ਰਵਾਨਗੀ ਤੋਂ ਪਹਿਲਾਂ ਭਰਤੀ ਕੀਤੀ ਸਥਾਨਕ ਪੁਲੀਸ ਹਾਲਾਤ ਨਾਲ ਸਿੱਝਣ ਦੀ ਜ਼ਿੰਮੇਵਾਰੀ ਸੰਭਾਲਣ ਦੇ ਸਮਰੱਥ ਹੋ ਜਾਵੇਗੀ।
ਮੁਲਜ਼ਮ ਦੀ ਸੂਹ ਦੇਣ ਵਾਲੇ ਨੂੰ ਮਿਲੇਗਾ ਇਨਾਮ
ਸਵਾ ਕੁ ਸਾਲ ਪਹਿਲਾਂ ਉਟਾਰੀਓ ਦੇ ਸ਼ਹਿਰ ਮਿਸੀਸਾਗਾ ਦੇ ਗੈਸ ਸਟੇਸ਼ਨ ’ਤੇ ਕੰਮ ਕਰਦੀ ਮੁਟਿਆਰ ਪਵਨਪ੍ਰੀਤ ਕੌਰ (21) ਦੀ ਹੱਤਿਆ ਕਰਕੇ ਫਰਾਰ ਹੋਏ ਧਰਮ ਸਿੰਘ ਧਾਲੀਵਾਲ (31) ਨੂੰ ਕੈਨੇਡਾ ਪੁਲੀਸ ਨੇ ਮੋਸਟ ਵਾਂਟੇਡ ਸੂਚੀ ਵਿਚ ਪਾ ਦਿੱਤਾ ਹੈ ਅਤੇ ਉਸ ਨੂੰ ਫੜਾਉਣ ਵਿਚ ਮਦਦ ਕਰਨ ਵਾਲਿਆਂ ਲਈ 50 ਹਜ਼ਾਰ ਕੈਨੇਡਿਆਈ ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ 24 ਜਣਿਆਂ ਦੇ ਨਾਂ ਇਸ ਸੂਚੀ ਵਿੱਚ ਸ਼ਾਮਲ ਹਨ, ਜਿਨ੍ਹਾਂ ’ਤੇ ਵੱਡੇ ਜੁਰਮ ਕਰਨ ਦੇ ਦੋਸ਼ ਹਨ ਪਰ ਉਹ ਪੁਲੀਸ ਦੇ ਹੱਥ ਨਹੀਂ ਆ ਰਹੇ। ਕੁਝ ਨਸ਼ਾ ਤਸਕਰਾਂ ਦੇ ਨਾਂ ਵੀ ਸੂਚੀ ਵਿਚ ਸ਼ਾਮਲ ਹਨ। ਮੁਲਜ਼ਮ ਖ਼ਿਲਾਫ਼ ਪਹਿਲਾ ਦਰਜਾ ਕਤਲ ਦਾ ਦੋਸ਼ ਹੈ। ਮੰਨਿਆ ਜਾ ਰਿਹਾ ਹੈ ਕਿ ਉਹ ਕੈਨੇਡਾ ਛੱਡ ਕੇ ਭਾਰਤ ਦੌੜ ਚੁੱਕਿਆ ਹੈ।
ਰਾਮਪੁਰਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ’ਚ ਮੌਤ
ਫ਼ਿਰੋਜ਼ਪੁਰ (ਨਿੱਜੀ ਪੱਤਰ ਪੇਰਕ): ਪਿੰਡ ਰਾਮਪੁਰਾ ਦੇ ਨੌਜਵਾਨ ਧਰਮਿੰਦਰ ਸਿੰਘ ਦੀ ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਧਰਮਿੰਦਰ ਸਿੰਘ ਸਾਲ ਪਹਿਲਾਂ ਹੀ ਸਿੰਗਾਪੁਰ ਤੋਂ ਕੈਨੇਡਾ ਚਲੇ ਗਿਆ ਸੀ ਤੇ ਉਥੇ ਉਹ ਟਰਾਲਾ ਚਲਾਉਂਦਾ ਸੀ। ਕੱਲ੍ਹ ਸਰੀ ਵਿੱਚ ਉਸ ਦਾ ਟਰਾਲਾ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਟਰਾਲੇ ਨੂੰ ਅੱਗ ਲੱਗ ਗਈ। ਹਾਦਸੇ ਦੌਰਾਨ ਧਰਮਿੰਦਰ ਸਿੰਘ ਦੀ ਮੌਤ ਹੋ ਗਈ। ਇੱਥੇ ਧਰਮਿੰਦਰ ਸਿੰਘ ਦੇ ਪਰਿਵਾਰ ਵਿੱਚ ਮਾਂ-ਪਿਉ ਅਤੇ ਭੈਣ ਤੋਂ ਇਲਾਵਾ ਪਤਨੀ ਤੇ ਇੱਕ ਧੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਵਿੱਚ ਕਮਾਉਣ ਵਾਲਾ ਇਕਲੌਤਾ ਜੀਅ ਸੀ। ਪਿੰਡ ਵਾਸੀਆਂ ਅਤੇ ਸਕੇ ਸਬੰਧੀਆਂ ਨੇ ਸਰਕਾਰ ਕੋਲੋਂ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਅਤੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ।