For the best experience, open
https://m.punjabitribuneonline.com
on your mobile browser.
Advertisement

ਕੈਨੇਡਾ: ਐਡਮੰਟਨ ’ਚ ਪੰਜਾਬੀ ਬਿਲਡਰ ਦੀ ਹੱਤਿਆ

06:59 AM Apr 10, 2024 IST
ਕੈਨੇਡਾ  ਐਡਮੰਟਨ ’ਚ ਪੰਜਾਬੀ ਬਿਲਡਰ ਦੀ ਹੱਤਿਆ
Advertisement

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 9 ਅਪਰੈਲ
ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਤੇ ਪੰਜਾਬੀਆਂ ਦੀ ਵੱਡੀ ਵਸੋਂ ਵਾਲੇ ਸ਼ਹਿਰ ਐਡਮੰਟਨ ’ਚ ਅੱਜ ਸ਼ਾਮ ਬਿਲਡਰ ਬੂਟਾ ਸਿੰਘ ਗਿੱਲ ਦੀ ਉਸਾਰੀ ਸਥਾਨ ’ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀਬਾਰੀ ’ਚ ਉਨ੍ਹਾਂ ਦਾ ਇੱਕ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਹਮਲਾਵਰ ਨੇ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਜਿਸ ਦੀ ਪਛਾਣ ਹਾਲੇ ਜਨਤਕ ਨਹੀਂ ਕੀਤੀ ਗਈ। ਬੂਟਾ ਸਿੰਘ ਗਿੱਲ ਐਡਮੰਟਨ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵੀ ਸਨ।
ਜਾਣਕਾਰੀ ਮੁਤਾਬਕ ਘਟਨਾ ਸ਼ਹਿਰ ਦੇ ਦੱਖਣ-ਪੱਛਮੀ ਖੇਤਰ ਕਵਾਨਾ ਬੁਲੇਵਰਡ ਅਤੇ 30 ਐਵੇਨਿਊ ਖੇਤਰ ’ਚ ਵਾਪਰੀ ਜਿੱਥੇ ਗਿੱਲ ਦੇ ਉਸਾਰੀ ਪ੍ਰਾਜੈਕਟ ਦਾ ਕੰਮ ਚੱਲ ਰਿਹਾ ਹੈ। ਗੋਲੀ ਚੱਲਣ ਦੀ ਘਟਨਾ ਵਾਪਰਨ ਮਗਰੋਂ ਉਕਤ ਜਗ੍ਹਾ ’ਤੇ ਕੰਮਾਂ ’ਚ ਲੱਗੇ ਮਜ਼ਦੂਰਾਂ ’ਚ ਹਫੜਾ-ਦਫੜੀ ਮੱਚ ਗਈ। ਘਟਨਾ ਦੀ ਚਸ਼ਮਦੀਦ ਲਿੰਡਸੇ ਹਿਲਟਨ ਅਨੁਸਾਰ ਉਹ ਸੜਕ ਤੋਂ ਜਾ ਰਹੀ ਸੀ ਜਦੋਂ ਕਾਲੇ ਰੰਗ ਦੀ ਨਿਸਨ ਕਾਰ ਜਿਸ ਦੇ ਡਰਾਈਵਰ ਨੇ ਕੰਮ ਵਾਲੀ ਪੀਲੇ ਰੰਗ ਦੀ ਜੈਕਟ ਪਹਿਨੀ ਹੋਈ ਸੀ, ਨੇ ਉਸਾਰੀ ਵਾਲੀ ਥਾਂ ਦੇ ਗੇਟ ਤੋਂ ਥੋੜ੍ਹਾ ਅੱਗੇ ਜਾ ਕੇ ਯੂ-ਟਰਨ ਲਿਆ ਤੇ ਉਸ ਵਿੱਚੋਂ ਹਮਲਾਵਰ ਨੇ ਗੇਟ ਦੇ ਅੰਦਰ ਖੜ੍ਹੀ ਕਾਰ ਵਿੱਚ ਬੈਠੇ ਵਿਅਕਤੀ ’ਤੇ ਕਈ ਗੋਲੀਆਂ ਚਲਾਈਆਂ। ਲਿੰਡਸੇ ਹਿਲਟਨ ਵਲੋਂ ਹੀ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ ਗਈ।
ਐਡਮੰਟਨ ਪੁਲੀਸ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਾਂਚ ਟੀਮ ਆਪਣੇ ਕੰਮ ’ਚ ਜੁੱਟ ਗਈ ਹੈ ਤੇ ਘਟਨਾ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਦੋਸ਼ੀ ਨੇ ਇਹ ਕਦਮ ਕਿਉਂ ਚੁੱਕਿਆ। ਪੁਲੀਸ ਨੇ ਕਿਹਾ ਕਿ ਗੰਭੀਰ ਜ਼ਖਮੀ ਵਿਅਕਤੀ ਜਾਨਲੇਵਾ ਸੱਟਾਂ ਕਾਰਨ ਹਸਪਤਾਲ ’ਚ ਜ਼ੇਰੇ ਇਲਾਜ ਹੈ। ਜ਼ਖਮੀ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਈ ਹੈ, ਜੋ ਬੂਟਾ ਸਿੰਘ ਗਿੱਲ ਦੀ ਕੰਪਨੀ ਵਿਚ ਸਿਵਲ ਇੰਜਨੀਅਰ ਸੀ। ਪਤਾ ਲੱਗਾ ਹੈ ਕਿ ਹਮਲਾਵਰ ਵੀ ਉਸੇ ਕੰਪਨੀ ਦਾ ਕਾਮਾ ਸੀ ਤੇ ਕਿਸੇ ਗੱਲ ਨੂੰ ਲੈ ਕੇ ਉਸ ਦੀ ਆਪਣੇ ਮਾਲਕ ਨਾਲ ਰੰਜ਼ਿਸ਼ ਚੱਲ ਰਹੀ ਸੀ।ਐਡਮੰਟਨ ਪੁਲੀਸ ਦੇ ਸਾਬਕਾ ਅਧਿਕਾਰੀ ਤੇ ਹੁਣ ਸ਼ਹਿਰ ਦੇ ਕੌਂਸਲਰ ਮਹਿੰਦਰ ਸਿੰਘ ਬੰਗਾ ਨੇ ਕਿਹਾ ਕਿ ਉਸ ਦੇ ਮੌਕੇ ’ਤੇ ਪਹੁੰਚਣ ਤੱਕ ਬੂਟਾ ਸਿੰਘ ਗਿੱਲ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਚੁੱਕਾ ਸੀ। ਅਪੁਸ਼ਟ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਗਿੱਲ ਨੂੰ ਫਿਰੌਤੀ ਦੇ ਫੋਨ ਵੀ ਆਉਂਦੇ ਰਹੇ ਜਿਸ ਦੀ ਉਸ ਨੇ ਪ੍ਰਵਾਹ ਨਹੀਂ ਕੀਤੀ। ਬੰਗਾ ਨੇ ਕਿਹਾ ਕਿ ਬੂਟਾ ਸਿੰਘ ਦੇ ਪੰਜਾਬੀ ਭਾਈਚਾਰੇ ਨਾਲ ਗੂੜ੍ਹੇ ਸਬੰਧ ਸਨ ਤੇ ਉਹ ਹੋਰਨਾਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਸਨ।

Advertisement

Advertisement
Author Image

joginder kumar

View all posts

Advertisement
Advertisement
×